ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਿਸਾਨ ਦੀ ਲਾਸ਼ ਥਾਣੇ ਅੱਗੇ ਰੱਖੀ
ਜੋਗਿੰਦਰ ਸਿੰਘ ਮਾਨ
ਮਾਨਸਾ, 23 ਮਈ
ਪੁਲੀਸ ਨੂੰ ਅੱਜ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਥਾਣਾ ਭੀਖੀ ਵਿੱਚ ਇੱਕ ਲਾਸ਼ ਨੂੰ ਰੱਖ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਧਰਨਾ ਲਾ ਦਿੱਤਾ ਅਤੇ ਮ੍ਰਿਤਕ ਦਾ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ। ਇਹ ਲਾਸ਼ ਪਿੰਡ ਬੱਪੀਆਣਾ ਦੇ ਕਿਸਾਨ ਹਰਜੀਵਨ ਸਿੰਘ ਦੀ ਹੈ, ਜਿਸ ਦਾ ਪਰਿਵਾਰ ਖੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਗ੍ਰਿਫ਼ਤਾਰ ਕਰਵਾਉਣ ਲਈ ਅੜਿਆ ਹੋਇਆ ਹੈ। ਥਾਣਾ ਭੀਖੀ ਦੀ ਪੁਲੀਸ ਨੇ ਬੇਸ਼ੱਕ ਪਿੰਡ ਦੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਆਗੂ ਚਮਕੌਰ ਸਿੰਘ ਸਮੇਤ 10 ਜਣਿਆਂ `ਤੇ ਪਰਚਾ ਦਰਜ ਕੀਤਾ ਹੋਇਆ ਹੈ ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਵੇਲੇ ਭੀਖੀ ਥਾਣਾ ਵਿੱਚ ਡੀਐੱਸਪੀ ਬੂਟਾ ਸਿੰਘ ਗਿੱਲ ਸਮੇਤ ਪ੍ਰਿਤਪਾਲ ਸਿੰਘ ਅਤੇ ਹੋਰ ਵੱਡੇ ਅਧਿਕਾਰੀ ਧਰਨਾਕਾਰੀਆਂ ਨੂੰ ਮਨਾਉਣ ਲਈ ਜੁਟੇ ਹੋਏ ਹਨ, ਪਰ ਪੀੜਤ ਧਿਰ ਗ੍ਰਿਫ਼ਤਾਰੀਆਂ ਤੋਂ ਘੱਟ ਕੋਈ ਵੀ ਗੱਲ ਸੁਣਨ ਲਈ ਰਾਜ਼ੀ ਨਹੀਂ ਹੋ ਰਹੀ ਹੈ। ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਵੱਲੋਂ ਜਥੇਬੰਦਕ ਤੌਰ ’ਤੇ ਕੀਤੀ ਜਾ ਰਹੀ ਹੈ। ਡੀਐੱਸਪੀ ਬੂਟਾ ਸਿੰਘ ਗਿੱਲ, ਡੀਐੱਸਪੀ ਪ੍ਰਿਤਪਾਲ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਦੀ ਪਰਿਵਾਰ ਸਮੇਤ ਜਥੇਬੰਦਕ ਆਗੂਆਂ ਨਾਲ ਕਈ ਵਾਰ ਗੱਲਬਾਤ ਹੋਈ ਪਰ ਮਸਲਾ ਸਿਰੇ ਨਹੀਂ ਚੜਿਆ ਹੈ, ਜਿਸ ਕਰਕੇ ਜਥੇਬੰਦੀ ਨੇ ਰਾਤ ਨੂੰ ਥਾਣਾ ਵਿੱਚ ਲਾਸ਼ ਰੱਖਣ ਦਾ ਫੈਸਲਾ ਲਿਆ ਹੈ। ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪਰਿਵਾਰ ਸਮੇਤ ਰਿਸ਼ਤੇਦਾਰਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪੁਲੀਸ ਵੱਲੋਂ ਵੱਖ-ਵੱਖ ਪਾਸੇ ਟੀਮਾਂ ਭੇਜ ਕੇ ਕਸੂਰਵਾਰਾਂ ਨੂੰ ਫੜਨ ਲਈ ਭਾਲ ਕੀਤੀ ਜਾ ਰਹੀ ਹੈ ਪਰ ਪਰਿਵਾਰਕ ਮੈਂਬਰ ਆਪਣੇ ਸਟੈਂਡ ’ਤੇ ਕਾਇਮ ਹਨ।