ਮੁਕਾਬਲੇ ਮਗਰੋਂ ਕਾਲਾ ਜਥੇਰੀ ਗਰੋਹ ਦੇ ਦੋ ਸ਼ੂਟਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਗਸਤ
ਦੱਖਣੀ-ਪੱਛਮੀ ਦਿੱਲੀ ਦੇ ਧੁਲਸੀਰਾਸ ਇਲਾਕੇ ਵਿੱਚ ਪੁਲੀਸ ਨੇ ਅੱਜ ਮੁਕਾਬਲੇ ਮਗਰੋਂ ਕਾਲਾ ਜਥੇਰੀ ਗਰੋਹ ਦੇ ਦੋ ਸ਼ੱਕੀ ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿੱਕੀ (26) ਤੇ ਨਰਿੰਦਰ (24) ਵਜੋਂ ਹੋਈ ਹੈ ਤੇ ਦੋਵੇਂ ਹਰਿਆਣਾ ’ਚ ਸੋਨੀਪਤ ਦੇ ਰਹਿਣ ਵਾਲੇ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ ਦੋ ਅਤਿ ਆਧੁਨਿਕ ਪਿਸਤੌਲ ਤੇ ਪੰਜ ਰੌਂਦ ਬਰਾਮਦ ਹੋਏ ਹਨ।
ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇਸ ਗਰੋਹ ਦੇ ਦੋ ਸ਼ੂਟਰ ਕਿਸੇ ਦਾ ਕਤਲ ਕਰਨ ਲਈ ਦਵਾਰਕਾ ਆ ਰਹੇ ਹਨ, ਜਿਸ ਮਗਰੋਂ ਪੁਲੀਸ ਨੇ ਧੁਲਸੀਰਾਸ ਚੌਕ ਕੈਰੇਜਵੇਅ ’ਤੇ ਬੈਰੀਕੇਡ ਲਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਟੀਮ ਨੇ ਚਾਵਲਾ ਡਰੇਨ ਰੋਡ ਰਾਹੀਂ ਧੁਲਸੀਰਾਸ ਚੌਕ ਵੱਲ ਆ ਰਹੇ ਇੱਕ ਮੋਟਰਸਾਈਕਲ ਨੂੰ ਰੋਕਿਆ ਤਾਂ ਇਸ ’ਤੇ ਸਵਾਰ ਦੋਵੇਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਹਫੜਾ-ਦਫੜੀ ਵਿੱਚ ਦੋਵੇਂ ਮੋਟਰਸਾਈਕਲ ਤੋਂ ਡਿੱਗ ਪਏ ਤੇ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਯਾਦਵ ਨੇ ਕਿਹਾ ਕਿ ਪੁਲੀਸ ਨੇ ਜਵਾਬੀ ਗੋਲੀਬਾਰੀ ਕੀਤੀ ਤੇ ਦੋਵਾਂ ਨੂੰ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ ਬੀਤੀ 30 ਜਨਵਰੀ ਨੂੰ ਵੀ ਕਾਲਾ ਜਥੇਰੀ ਗਰੋਹ ਦੇ ਦੋ ਨਿਸ਼ਾਨੇਬਾਜ਼ਾਂ ਆਸ਼ੂਦੀਪ ਅਤੇ ਅੰਸ਼ੂਮਨ ਨੇ ਦਵਾਰਕਾ ਦੇ ਰਾਮਫਲ ਚੌਕ ’ਤੇ ਬੰਦੂਕ ਦੀ ਨੋਕ ’ਤੇ ਇੱਕ ਰੀਅਲ ਅਸਟੇਟ ਡੀਲਰ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਵੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ।