ਮੀਂਹ ਤੇ ਝੱਖੜ ਕਾਰਨ ਆਮ ਜਨਜੀਵਨ ਠੱਪ
ਹਤਿੰਦਰ ਮਹਿਤਾ
ਜਲੰਧਰ, 24 ਮਈ
ਜ਼ਿਲ੍ਹੇ ਵਿੱਚ ਅੱਜ ਸ਼ਾਮ ਨੂੰ ਤੇਜ਼ ਝੱਖੜ ਕਾਰਨ ਕਈ ਥਾਵਾਂ ’ਤੇ ਬਿਜਲੀ ਗੁੱਲ ਹੋ ਗਈ। ਮਿਲਾਪ ਚੌਕ ਨੇੜੇ ਇੱਕ ਸ਼ਰਾਬ ਦੇ ਠੇਕੇ ਦਾ ਛੱਜਾ ਡਿੱਗਣ ਕਾਰਨ ਕਈ ਵਾਹਨ ਉਸ ਦੀ ਲਪੇਟ ਵਿਚ ਆ ਗਏ ਤੇ ਦੋ ਜਣੇ ਜ਼ਖ਼ਮੀ ਹੋ ਗਏ। ਕੰਪਨੀ ਬਾਗ਼ ਨੇ ਬਿਜਲੀ ਦਾ ਲੋਹੇ ਦਾ ਖੰਭਾ ਡਿੱਗਣ ਕਾਰਨ ਕਾਰ ਨੁਕਸਾਨੀ ਗਈ। ਦੁਕਾਨਾਂ ਦੇ ਸਾਇਨਬੋਰਡ ਟੁੱਟ ਗਏ। ਇੱਕਦਮ ਹਨੇਰੀ ਆ ਜਾਣ ਕਾਰਨ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਦੂਰ ਜਾ ਡਿੱਗਿਆ। ਆਦਮਪੁਰ, ਅਲਾਵਲਪੁਰ, ਕਾਰ, ਜਮਸ਼ੇਰ, ਨਕੋਦਰ , ਨੂਰਮਹਿਲ ,ਜੰਡੂ ਸਿੰਘਾ ਹੋਰ ਥਾਵਾਂ ਵਿਚ ਬਿਜਲੀ ਚਲੀ ਗਈ ਤੇ ਕਈ ਦਰੱਖਤ ਡਿੱਗ ਗਏ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਝੱਖੜ ਕਾਰਨ ਅੰਬ ਤੇ ਅਮਰੂਦ ਦੀ ਫ਼ਸਲ ਵੀ ਨੁਕਸਾਨੀ ਗਈ। ਖੇਤਾਂ ਵਿਚ ਵੀ ਕਈ ਬਿਜਲੀ ਦੇ ਖੰਬੇ ਡਿਗ ਗਏ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਅੱਜ ਸ਼ਾਮ ਨੂੰ ਤੇਜ ਝੱਖੜ ਦੇ ਨਾਲ ਮੀਂਹ ਪੈਣ ਤੋਂ ਬਾਅਦ ਲੋਕਾਂ ਨੇ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਸ਼ਾਮ 5 ਵਜੇ ਤੋਂ ਬਾਅਦ ਅਚਨਚੇਤ ਤੇਜ਼ ਝੱਖੜ ਆਇਆ ਅਤੇ ਉਸ ਤੋਂ ਬਾਅਦ ਕਾਲੇ ਸੰਘਣੇ ਬੱਦਲ ਛਾ ਗਏ। ਜਿਸ ਨਾਲ ਚਾਰੋਂ ਪਾਸੇ ਦਿਨ ਵੇਲੇ ਹੀ ਹਨੇਰਾ ਹੋ ਗਿਆ। ਤੇਜ਼ ਹਵਾਵਾਂ ਦੇ ਨਾਲ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ। ਮੀਂਹ ਮਗਰੋਂ ਪਾਰਾ ਡਿੱਗ ਗਿਆ। ਇਸ ਤੋਂ ਪਹਿਲਾਂ ਮੌਸਮ ਵਿਭਾਗ ਵੱਲੋਂ ਅੱਜ ਇੱਥੇ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਫਗਵਾੜਾ (ਪੱਤਰ ਪ੍ਰੇਰਕ): ਅਤਿ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ ਨੂੰ ਆਈ ਤੇਜ਼ ਹਨੇਰੀ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਹਾਲਾਂਕਿ, ਮੀਂਹ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਸ਼ਹਿਰ ’ਚ ਕਈ ਥਾਵਾਂ ’ਤੇ ਪਾਣੀ ਵੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਵੀ ਆਈ। ਝੱਖੜ ਕਾਰਨ ਕਈ ਦੁਕਾਨਾਂ ਦੇ ਹੋਰਡਿੰਗ ਡਿੱਗ ਗਏ। ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਹਨੇਰੀ ਕਾਰਨ ਬਿਜਲੀ ਦੀ ਸਪਲਾਈ ਵੀ ਗੁੱਲ ਹੋ ਗਈ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਜ਼ਿਲ੍ਹੇ ਵਿੱਚ ਅੱਜ ਸ਼ਾਮ ਨੂੰ ਤੂਫ਼ਾਨ ਆਇਆ ਜਿਸ ਨੇ ਆਮ ਜਨਜੀਵਨ ਠੱਪ ਕਰ ਦਿੱਤਾ| ਸ਼ਾਮ ਨੂੰ ਤੂਫ਼ਾਨ ਦੌਰਾਨ ਆਵਾਜਾਈ ਪ੍ਰਭਾਵਿਤ ਹੋਈ। ਇਸ ਤੋਂ ਬਾਅਦ ਤੂਫ਼ਾਨ ਦੇ ਨਾਲ ਆਈ ਦਰਮਿਆਨੀ ਬਾਰਸ਼ ਵੀ ਸ਼ੁਰੂ ਹੋ ਗਈ| ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ| ਪਾਵਰਕੌਮ ਦੇ ਨਿਗਰਾਨ ਇੰਜਨੀਅਰ ਮੋਹਤਮ ਸਿੰਘ ਨੇ ਕਿਹਾ ਕਿ ਅਦਾਰੇ ਦੇ ਮੁਲਾਜ਼ਮ ਖਪਤਕਾਰਾਂ ਦੀ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਜੁਟੇ ਹੋਏ ਹਨ|