ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਤੇ ਗੜ੍ਹੇਮਾਰੀ ਨੇ ਪੰਜਾਬ ਨੂੰ ਠੰਢ ’ਚ ਜਕੜਿਆ

08:04 AM Dec 01, 2023 IST
ਚੰਡੀਗੜ੍ਹ ’ਚ ਮੋਹਲੇਧਾਰ ਮੀਂਹ ਕਾਰਨ ਖੜ੍ਹੇ ਪਾਣੀ ’ਚੋਂ ਿਨਕਲਦੇ ਹੋਏ ਵਾਹਨ ਚਾਲਕ। -ਫੋਟੋ: ਪ੍ਰਦੀਪ ਤਿਵਾੜੀ

ਮੌਸਮ ਵਿਭਾਗ ਵੱਲੋਂ ਅੱਜ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ

ਆਤਿਸ਼ ਗੁਪਤਾ
ਚੰਡੀਗੜ੍ਹ, 30 ਨਵੰਬਰ
ਪੰਜਾਬ ਵਿੱਚ ਅੱਜ ਲਗਾਤਾਰ ਪਏ ਮੀਂਹ ਅਤੇ ਕੁਝ ਥਾਵਾਂ ’ਤੇ ਗੜ੍ਹੇ ਪੈਣ ਕਾਰਨ ਠੰਢ ਨੇ ਜ਼ੋਰ ਫੜ ਲਿਆ ਹੈ। ਉਂਜ ਮੀਂਹ ਪੈਣ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਗਈ ਹੈ ਅਤੇ ਖੁਸ਼ਕ ਠੰਢ ਵੀ ਖ਼ਤਮ ਹੋ ਗਈ ਹੈ। ਅੱਜ ਤੜਕਸਾਰ ਹੀ ਸੂਬੇ ਦੇ ਕੁਝ ਸ਼ਹਿਰਾਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਇਸੇ ਦੌਰਾਨ ਚੰਡੀਗੜ੍ਹ, ਜ਼ੀਰਕਪੁਰ, ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਸਣੇ ਕੁਝ ਇਲਾਕਿਆਂ ਵਿੱਚ ਗੜ੍ਹੇ ਵੀ ਪਏ ਹਨ। ਕਈ ਸ਼ਹਿਰਾਂ ’ਚ ਪਾਣੀ ਜਮ੍ਹਾਂ ਹੋਣ ਕਰਕੇ ਲੋਕਾਂ ਨੂੰ ਕੰਮਕਾਰ ਅਤੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਪੜ ’ਚ ਸਭ ਤੋਂ ਵੱਧ 84 ਐੱਮਐੱਮ ਮੀਂਹ ਪਿਆ ਹੈ। ਵਿਭਾਗ ਨੇ ਪਹਿਲੀ ਦਸੰਬਰ ਨੂੰ ਸੂਬੇ ਵਿੱਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ ਪਰ ਠੰਢ ਜ਼ੋਰ ਫੜੇਗੀ। ਚੰਡੀਗੜ੍ਹ ਵਿੱਚ ਤਾਂ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਇਸ ਮਗਰੋਂ ਮਾਝਾ ਅਤੇ ਦੁਆਬਾ ਖਿੱਤੇ ਵਿੱਚ ਮੀਂਹ ਪਿਆ ਅਤੇ ਦਿਨ ਚੜ੍ਹਦੇ-ਚੜ੍ਹਦੇ ਮਾਲਵਾ ਖ਼ਿੱਤੇ ਵਿੱਚ ਮੀਂਹ ਨੇ ਝੜੀ ਲਗਾ ਦਿੱਤੀ। ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਲੋਕਾਂ ਨੇ ਘਰਾਂ ਅੰਦਰ ਰਹਿਣ ਨੂੰ ਤਰਜੀਹ ਦਿੱਤੀ। ਦੂਜੇ ਪਾਸੇ ਇਹ ਮੀਂਹ ਕਿਸਾਨਾਂ ਲਈ ਵੀ ਲਾਹੇਵੰਦ ਮੰਨਿਆ ਜਾ ਰਿਹਾ ਹੈ। ਸੂਬੇ ਵਿੱਚ ਕਣਕ ਦੀ ਬਿਜਾਈ ਕਰ ਚੁੱਕੇ ਕਿਸਾਨਾਂ ਲਈ ਇਹ ਮੀਂਹ ਵਧੀਆ ਰਹੇਗਾ ਜਦੋਂ ਕਿ ਕਣਕ ਦੀ ਤਾਜ਼ੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਇਹ ਮੁਸੀਬਤ ਬਣ ਸਕਦਾ ਹੈ।

Advertisement

ਪਟਿਆਲਾ ਵਿੱਚ ਵੀਰਵਾਰ ਨੂੰ ਮੀਂਹ ਤੋਂ ਬਚਣ ਲਈ ਛਤਰੀਆਂ ਫੜ ਕੇ ਖੜ੍ਹੇ ਹੋਏ ਲੋਕ। -ਫੋਟੋ: ਰਾਜੇਸ਼ ਸੱਚਰ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 54.5 ਐੱਮਐੱਮ, ਲੁਧਿਆਣਾ ਵਿੱਚ 8, ਪਟਿਆਲਾ ’ਚ 6, ਪਠਾਨਕੋਟ ’ਚ 9, ਗੁਰਦਾਸਪੁਰ ’ਚ 14.8, ਨਵਾਂਸ਼ਹਿਰ ’ਚ 42.1, ਜਲੰਧਰ ’ਚ 5.5 ਅਤੇ ਮੁਹਾਲੀ ’ਚ 42.5 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਸੰਗਰੂਰ, ਫਤਹਿਗੜ੍ਹ ਸਾਹਿਬ, ਮਾਲੇਰਕੋਟਲਾ, ਸੁਨਾਮ, ਬਰਨਾਲਾ, ਫਰੀਦਕੋਟ, ਫਿਰੋਜ਼ਪੁਰ, ਬਰਨਾਲਾ ਅਤੇ ਮੋਗਾ ਸਣੇ ਸੂਬੇ ਦੇ ਹੋਰ ਇਲਾਕਿਆਂ ਵਿੱਚ ਵੀ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਅਗਲੇ 3-4 ਦਿਨਾਂ ਵਿੱਚ ਘੱਟੋ ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ।

ਪੰਜਾਬ ਦਾ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਡਿੱਗਿਆ

ਪੰਜਾਬ ’ਚ ਮੀਂਹ ਪੈਣ ਕਰਕੇ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਕਰਕੇ ਸੂਬੇ ਵਿੱਚ 8 ਡਿਗਰੀ ਸੈਲਸੀਅਸ ਤੱਕ ਤਾਪਮਾਨ ਡਿੱਗ ਗਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦਾ ਤਾਪਮਾਨ 16.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 8.7 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 21 ਡਿਗਰੀ ਸੈਲਸੀਅਸ, ਲੁਧਿਆਣਾ ’ਚ 26, ਪਟਿਆਲਾ ’ਚ 19.6, ਬਰਨਾਲਾ ’ਚ 19.2, ਫਰੀਦਕੋਟ ’ਚ 22.4, ਫਿਰੋਜ਼ਪੁਰ ’ਚ 20.8, ਗੁਰਦਾਸਪੁਰ ’ਚ 17.9, ਜਲੰਧਰ ’ਚ 17.9, ਮੋਗਾ ’ਚ 19.8, ਮੁਹਾਲੀ ’ਚ 17.3 ਅਤੇ ਰੋਪੜ ’ਚ 15.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਠੰਢ ਦੇ ਵਧਣ ਕਰਕੇ ਕੱਪੜਾ ਵਪਾਰੀਆਂ ਦੇ ਚਿਹਰੇ ਵੀ ਖਿੜ ਗਏ ਹਨ।

Advertisement

ਹਿਮਾਚਲ ਦੇ ਕਈ ਖੇਤਰਾਂ ਵਿੱਚ ਬਰਫਬਾਰੀ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਅਤੇ ਹੋਰਨਾਂ ਪਹਾੜੀ ਖੇਤਰਾਂ ਵਿੱਚ ਅੱਜ ਬਰਫਬਾਰੀ ਹੋਈ। ਸੂਬੇ ਦੇ ਹੇਠਲੇ ਇਲਾਕਿਆਂ ਵਿੱਚ ਤੇਜ਼ ਅਤੇ ਬਰਫੀਲੀਆਂ ਹਵਾਵਾਂ ਚੱਲਣ ਦੇ ਨਾਲ-ਨਾਲ ਕਈ ਥਾਵਾਂ ’ਤੇ ਅੱਜ ਮੀਂਹ ਪਿਆ। ਇਸ ਕਾਰਨ ਸੂਬੇ ਦਾ ਵਧੇਰਾ ਹਿੱਸਾ ਸ਼ੀਤ ਲਹਿਰ ਦੀ ਲਪੇਟ ਵਿੱਚ ਆ ਗਿਆ। ਊਨਾ ਵਿੱਚ ਸਭ ਤੋਂ ਜ਼ਿਆਦਾ 28 ਮਿਲੀਮੀਟਰ ਬਾਰਿਸ਼ ਹੋਈ। ਇਸ ਮਗਰੋਂ ਡਲਹੌਜ਼ੀ ਵਿੱਚ 19 ਮਿਲੀਮੀਟਰ, ਬੰਗਾਨਾ ਵਿੱਚ 15, ਭੁੰਤਰ ਵਿੱਚ 10, ਕਾਂਗੜਾ ਅਤੇ ਚੰਬਾ ਵਿੱਚ 9.5-9.5, ਘਮਰੂਰ ਵਿੱਚ 9, ਕਾਂਗੜਾ ਵਿੱਚ 7.3, ਧਰਮਸ਼ਾਲਾ ਅਤੇ ਭਰਮੌਰ ਵਿੱਚ 5-5, ਦੇਹਰਾ ਗੋਪੀਪੁਰ, ਜੋਗਿੰਦਰਨਗਰ ਅਤੇ ਨਾਦੌਨ ਵਿੱਚ 3-3 ਮਿਲੀਮੀਟਰ ਬਾਰਿਸ਼ ਹੋਈ। ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੁੱਝ ਡਿਗਰੀ ਦੀ ਗਿਰਾਵਟ ਆਈ ਅਤੇ ਇਹ ਆਮ ਨਾਲੋਂ ਪੰਜ ਤੋਂ 12 ਡਿਗਰੀ ਸੈਲਸੀਅਸ ਹੇਠਾਂ ਰਿਹਾ। ਸ਼ਿਮਲਾ ਵਿੱਚ ਲੋਕ ਗੰਭੀਰ ਸ਼ੀਤਲਹਿਰ ਦਾ ਸਾਹਮਣਾ ਕਰ ਰਹੇ ਹਨ। ਰਾਜਧਾਨੀ ਦੇ ਆਸਮਾਨ ’ਤੇ ਕਾਲੇ ਬੱਦਲ ਛਾਏ ਹੋਏ ਹਨ ਅਤੇ ਸ਼ਹਿਰ ਵਿੱਚ ਹਲਕੀ ਬਾਰਿਸ਼ ਦੇ ਨਾਲ ਬਰਫੀਲੀਆਂ ਹਵਾਵਾਂ ਚੱਲ ਰਹੀਆਂ ਹਨ। ਬਾਰਿਸ਼ ਅਤੇ ਬਰਫੀਲੀਆਂ ਹਵਾਵਾਂ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਲਾਹੌਲ ਅਤੇ ਸਪਿਤੀ, ਕਿੰਨੌਰ ਅਤੇ ਪਾਂਗੀ ਦੇ ਉਚਾਈ ਵਾਲੇ ਖੇਤਰਾਂ ਵਿੱਚ ਤਾਜ਼ਾ ਬਰਫਬਾਰੀ ਹੋਈ ਹੈ। ਪੁਲੀਸ ਨੇ ਲਾਹੌਲ ਅਤੇ ਸਪਿਤੀ ਵਿੱਚ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਇੱਕ ਦਸੰਬਰ ਨੂੰ ਪਹਾੜੀ ਖੇਤਰਾਂ ਵਿੱਚ ਕਿਤੇ ਕਿਤੇ ਮੀਂਹ ਅਤੇ ਉੱਚੀਆਂ ਪਹਾੜੀਆਂ ’ਤੇ ਕੁੱਝ ਸਥਾਨਾਂ ’ਤੇ ਮੀਂਹ ਅਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ

Advertisement