ਮੀਂਹ ਕਾਰਨ ਮਾਨਸਾ ਦੇ ਬਾਜ਼ਾਰਾਂ ’ਚ ਭਰਿਆ ਪਾਣੀ
ਮਾਨਸਾ (ਜੋਗਿੰਦਰ ਸਿੰਘ ਮਾਨ): ਮੀਂਹ ਨਾਲ ਬਜ਼ਾਰਾਂ ਵਿੱਚ ਪਾਣੀ ਭਰ ਗਿਆ ਅਤੇ ਛੋਟੇ ਕਾਰੋਬਾਰੀਆਂ ਦੇ ਇਸ ਮੀਂਹ ਨਾਲ ਕਾਰਜ ਬੰਦ ਹੋ ਗਏ। ਹਰ ਤਰ੍ਹਾਂ ਦੀ ਰੇਹੜੀ ਵਾਲਿਆਂ ਦਾ ਅੱਜ ਰੁਜ਼ਗਾਰ ਨਹੀਂ ਚੱਲ ਸਕਿਆ। ਸਬਜ਼ੀ ਵੇਚਣ ਵਾਲਿਆਂ ਤੋਂ ਲੈ ਕੇ ਮੂੰਗਫਲੀ, ਗੱਚਕ, ਰਿਉੜੀਆਂ ਵਾਲਿਆਂ ਦੇ ਕਾਰਜ ਵਿੱਚ ਮੀਂਹ ਨੇ ਭੰਗ ਪਾ ਦਿੱਤੀ ਹੈ। ਰੇਹੜੀ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਫਰੂਟ ਅਤੇ ਸਬਜ਼ੀ ਦੇ ਕਾਰੋਬਾਰ ਸਾਰਾ ਦਿਨ ਇਸ ਮੀਂਹ ਦੀ ਭੇਂਟ ਚੜ੍ਹ ਗਏ। ਉਨ੍ਹਾਂ ਕਿਹਾ ਕਿ ਭਾਵੇਂ ਸਬਜ਼ੀ ਅਤੇ ਫਰੂਟ ਘਰਾਂ ਲਈ ਰੋਜ਼ਾਨਾ ਵਰਤੇ ਜਾਣ ਵਾਲੇ ਹਨ, ਪਰ ਰੋਜ਼ਾਨਾ ਜ਼ਰੂਰਤ ਹੋਣ ਦੇ ਬਾਵਜੂਦ ਵੀ ਸਬਜ਼ੀ ਜਾਂ ਫਰੂਟ ਲੈਣ ਲਈ ਬਹੁਤ ਘੱਟ ਲੋਕ ਬਾਹਰ ਨਿਕਲੇ ਹਨ। ਤੜਕਸਾਰ ਪੈਣ ਲੱਗੇ ਇਸ ਮੀਂਹ ਕਾਰਨ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਘੱਟ ਰਹੀ। ਜ਼ਿਲ੍ਹਾ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਅੱਜ ਸਾਰਾ ਦਿਨ ਮੀਂਹ ਪੈਣ ਕਾਰਨ ਵੱਡੀਆਂ ਅਤੇ ਮਿੰਨੀ ਬੱਸਾਂ ਵਿੱਚ ਸਫ਼ਰ ਕਰਨ ਲਈ ਸਵਾਰੀਆਂ ਅਣ-ਸਰਦੇ ਨੂੰ ਹੀ ਘਰੋਂ ਨਿਕਲੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਇਸ ਮੀਂਹ ਨੂੰ ਕਣਕ ਸਮੇਤ ਹੋਰ ਸਾਰੀਆਂ ਫ਼ਸਲਾਂ ਲਈ ਲਾਹੇਵੰਦ ਦੱਸਿਆ ਹੈ।