ਮਿੱਡ-ਡੇਅ ਮੀਲ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਧਰਨਾ
ਮਾਨਸਾ, 26 ਦਸੰਬਰ
ਮਿੱਡ-ਡੇਅ ਮੀਲ ਅਤੇ ਸਫ਼ਾਈ ਵਰਕਰਜ਼ ਯੂਨੀਅਨ (ਆਜ਼ਾਦ) ਵੱਲੋਂ ਮਾਨਸਾ ਦੀਆਂ ਜ਼ਿਲ੍ਹਾ ਕਚਿਹਰੀਆਂ ’ਚ ਪੰਜਾਬ ਸਰਕਾਰ ਖਿਲਾਫ਼ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਉਹ ਲੰਮੇ ਸਮੇਂ ਤੋਂ ਨਿਗੁੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੀਆਂ ਹਨ ਪਰ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਮਾਨਸਾ ਦੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਮਿੱਡ-ਡੇਅ ਮੀਲ ਤੇ ਸਫ਼ਾਈ ਵਰਕਰਜ਼ ਯੂਨੀਅਨ ਆਜ਼ਾਦ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ, ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਦਿਉਦ ਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਅਦਾਰਿਆਂ ਅੰਦਰ ਕਿਰਤ ਕਾਨੂੰਨਾਂ ਦੇ ਉਲਟ ਲੱਖਾਂ ਸਕੀਮ ਵਰਕਰਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ ’ਤੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਕੁੱਕ ਬੀਬੀਆਂ ਤੋਂ ਕੰਮ ਤਾਂ ਪੂਰਾ ਸਮਾਂ ਲਿਆ ਜਾਂਦਾ ਹੈ, ਪਰ ਤਨਖਾਹ ਪਾਰਟ ਟਾਈਮ ਵਰਕਰ ਦੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੀਆਈਪੀ ਸਭਿਆਚਾਰ ਖ਼ਤਮ ਕਰਨ ਵਾਲੀ ਸਰਕਾਰ ਰਾਜ ਅੰਦਰ ਫਜ਼ੂਲ ਖਰਚੀ ’ਤੇ ਕਰੋੜਾਂ ਰੁਪਏ ਖਰਚ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁੱਕ ਬੀਬੀਆਂ ਦੀ ਤਨਖਾਹ ਵਿਚ ਵਾਧਾ ਨਾ ਕੀਤਾ ਤਾਂ ਉਹ ਸੰਗਰੂਰ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਮੌਕੇ ਜਸਵਿੰਦਰ ਕੌਰ ਗਾਮੀਵਾਲਾ, ਨਸੀਬ ਕੌਰ ਪੇਰੋ, ਪਰਮਜੀਤ ਕੌਰ ਬੁਢਲਾਡਾ, ਰੋਸ਼ਨੀ ਕੌਰ, ਗੁਰਮੇਲ ਕੌਰ ਕੈਂਚੀਆਂ, ਬੰਤ ਕੌਰ ਢੈਪਈ ਤੇ ਗੁਰਮੀਤ ਕੌਰ ਬਣਾਂਵਾਲੀ ਨੇ ਵੀ ਸੰਬੋਧਨ ਕੀਤਾ।