ਮਿੱਡ-ਡੇਅ ਮੀਲ ਦੀ ਮਾੜੀ ਗੁਣਵੱਤਾ ਖ਼ਿਲਾਫ਼ ਰੋਸ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਗਸਤ
ਦਿੱਲੀ ਦੇ ਸਕੂਲਾਂ ਵਿੱਚ ਮਿੱਡ-ਡੇਅ ਮੀਲ ਤਹਿਤ ਵਿਦਿਆਰਥੀਆਂ ਨੂੂੰ ਵਰਤਾਏ ਜਾਂਦੇ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਭਾਜਪਾ ਵੱਲੋਂ ਅੱਜ ਦੁਆਰਕਾ ਦੇ ਦਾਦਾ ਦੇਵ ਹਸਪਤਾਲ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦਿੱਲੀ ਵਿੱਚ ਬੀਤੇ ਦਿਨੀਂ ਮਿੱਡ-ਡੇਅ ਮੀਲ ਵਿੱਚ ਤਹਿਤ ਦਿੱਤੇ ਗਏ ਖਾਣੇ ਮਗਰੋਂ 130 ਤੋਂ ਵੱਧ ਵਿਦਿਆਰਥੀ ਬਿਮਾਰ ਹੋ ਗਏ ਸਨ। ਇਸ ਦੌਰਾਨ ਉਨ੍ਹਾਂ ਕੇਜਰੀਵਾਲ ਸਰਕਾਰ ’ਤੇ ਮਿੱਡ-ਡੇਅ ਮੀਲ ਵਿੱਚ ਕਥਿਤ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਾਇਆ।
ਵਿਧਾਇਕ ਵਿਨੈ ਮਿਸ਼ਰਾ ਦੇ ਦਫ਼ਤਰ ਕੋਲ ਭਾਜਪਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਤੇ ਜਦੋਂ ਉਹ ਹਸਪਤਾਲ ਵੱਲ ਜਾਣ ਲੱਗੇ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਮਗਰੋਂ ਭਾਜਪਾ ਆਗੂਆਂ ਕਮਲਜੀਤ ਸਹਿਰਾਵਤ ਸਮੇਤ ਹੋਰ ਵਰਕਰਾਂ ਨੇ ਉੱਥੇ ਹੀ ਧਰਨਾ ਲਾ ਦਿੱਤਾ ਤੇ ਕੇਜਰੀਵਾਲ ਸਰਕਾਰ ਨੂੰ ਕੋਸਿਆ। ਸ੍ਰੀਮਤੀ ਸਹਿਰਾਵਤ ਨੇ ਵਿਨੈ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਧਾਨ ਰਮੇਸ਼ ਸਖੂਨੰਦਾ ਨੇ ਕਿਹਾ ਕਿ ਕੇਜਰੀਵਾਲ ਵੱਲੋਂ ‘ਆਪ’ ਦਾ ਗਠਨ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚੋਂ ਕੀਤਾ ਗਿਆ ਸੀ ਪਰ ਹੁਣ ਹਰ ਮਹਿਕਮੇ ਵਿੱਚੋਂ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਆ ਰਹੀਆਂ ਹਨ। ਸਾਬਾਕਾ ਵਿਧਾਇਕ ਪ੍ਰਦੂਮਣ ਰਾਜਪੂਤ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਕੇ ਕੇਜਰੀਵਾਲ ਸਰਕਾਰ ਵੱਲੋਂ ਮਾਪਿਆਂ ਦੇ ਸੁਫ਼ਨੇ ਤੋੜੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਬੱਚਿਆਂ ਨੂੰ ਜ਼ਹਿਰ ਦੇਣੀ ਬੰਦ ਕੀਤੀ ਜਾਵੇ। ਕਾਰਕੁਨਾਂ ਨੇ ਕੇਜਰੀਵਾਲ ਮੁਰਦਬਾਦ ਦੇ ਨਾਅਰੇ ਲਾਏ ਤੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਆਪਣਾ ਵਿਰੋਧ ਦਰਜ ਕਰਵਾਇਆ।