ਮਿੱਟੀ ਦੀ ਸਿਹਤ ਸੁਧਾਰੇ ਹਰੀ ਖਾਦ
ਗੁਰਮੀਤ ਸਿੰਘ ਢੇਰੀ, ਮਨਜੀਤ ਕੌਰ/ ਗਗਨਦੀਪ ਧਵਨ
ਪੰਜਾਬ ਦੀ ਮਿੱਟੀ ਵਿੱਚ ਕੁਦਰਤੀ ਤੌਰ ’ਤੇ ਨਾਈਟ੍ਰੋਜਨ ਤੱਤ ਦੀ ਘਾਟ ਹੈ ਕਿਉਂਕਿ ਇਹ ਇੱਕ ਗਰਮ-ਖੰਡੀ ਅਰਧ-ਖੁਸ਼ਕ ਜਲਵਾਯੂ ਵਿੱਚ ਸਥਿਤ ਹੈ, ਜਿਸ ਕਾਰਨ ਮਿੱਟੀ ਵਿੱਚ ਜੈਵਿਕ ਮਾਦਾ ਜੋ ਨਾਈਟ੍ਰੋਜਨ ਦਾ ਇੱਕ ਮੁੱਢਲਾ ਸਰੋਤ ਹੈ ਬਹੁਤਾ ਚਿਰ ਜ਼ਮੀਨ ਵਿੱਚ ਜਮ੍ਹਾਂ ਨਹੀਂ ਰਹਿੰਦਾ। ਪੰਜਾਬ ਦੀ ਫ਼ਸਲੀ ਘਣਤਾ ਲਗਭਗ 190 ਪ੍ਰਤੀਸ਼ਤ ਹੈ, ਜਿਸ ਦਾ ਮਤਲਬ ਹੈ ਕਿ ਸਾਰੇ ਸਾਲ ਵਿੱਚ ਘੱਟੋ ਘੱਟ ਦੋ ਫ਼ਸਲਾਂ ਲਈਆਂ ਜਾਂਦੀਆਂ ਹਨ। ਇਸ ਸੰਘਣੀ ਖੇਤੀ ਵਿੱਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਕਾਰਨ ਮਿੱਟੀ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਫ਼ਸਲ ਦੀ ਉਤਪਾਦਕਤਾ ਘੱਟ ਹੋ ਸਕਦੀ ਹੈ।
ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਉੱਚ ਫ਼ਸਲ ਉਤਪਾਦਕਤਾ ਪ੍ਰਾਪਤ ਕਰਨ ਲਈ ਮਿੱਟੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਨੂੰ ਵਧਾਉਣਾ ਜ਼ਰੂਰੀ ਹੈ। ਇਹ ਏਕੀਕ੍ਰਿਤ ਤੱਤ ਪ੍ਰਬੰਧਨ ਦੁਆਰਾ ਕੀਤਾ ਜਾ ਸਕਦਾ ਹੈ, ਜਿਸ ਵਿੱਚ ਰਸਾਇਣਕ ਖਾਦਾਂ ਦੇ ਨਾਲ ਜੈਵਿਕ ਜਿਵੇਂ ਕਿ ਰੂੜੀ ਦੀ ਖਾਦ, ਪੋਲਟਰੀ ਖਾਦ, ਫ਼ਸਲਾਂ ਦੀ ਰਹਿੰਦ-ਖੂੰਹਦ ਜਾਂ ਹਰੀ ਖਾਦ ਦੀ ਵਰਤੋਂ ਕਰਨਾ ਸ਼ਾਮਿਲ ਹੈ। ਰੂੜੀ ਖਾਦ ਦੀ ਘਾਟ, ਪੋਲਟਰੀ ਖਾਦ ਦੀ ਉੱਚ ਲਾਗਤ ਅਤੇ ਪਰਾਲੀ ਦੇ ਵੱਧ ਕਾਰਬਨ/ਨਾਈਟ੍ਰੋਜਨ ਅਨੁਪਾਤ ਦੇ ਕਾਰਨ, ਹਰੀ ਖਾਦ ਮਿੱਟੀ ਦੀ ਸਿਹਤ ਅਤੇ ਫ਼ਸਲ ਉਤਪਾਦਕਤਾ ਨੂੰ ਸੁਧਾਰਨ ਲਈ ਇੱਕ ਵਧੀਆ ਵਿਕਲਪ ਹੋ ਸਕਦੀ ਹੈ।
ਹਰੀ ਖਾਦ ਤੋਂ ਮਤਲਬ ਹੈ ਘੱਟ ਕਾਰਬਨ-ਨਾਈਟ੍ਰੋਜਨ ਅਨੁਪਾਤ ਵਾਲੀ ਕੋਈ ਵੀ ਯੋਗ ਫਲੀਦਾਰ ਫ਼ਸਲ ਜਿਵੇਂ ਕਿ ਜੰਤਰ/ਢੈਂਚਾ, ਸਣ, ਰਵਾਂਹ ਉਗਾਉਣਾ ਅਤੇ ਠੀਕ ਸਮੇਂ ’ਤੇ ਉਸ ਨੂੰ ਖੇਤ ਵਿੱਚ ਵਾਹ ਕੇ ਦਬਾ ਦੇਣਾ। ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਲਗਾਤਾਰ ਕਾਸ਼ਤ ਕਰਨ ਲਈ ਲੋੜੀਂਦੀ ਮਾਤਰਾ ਵਿੱਚ ਦੇਸੀ ਖਾਦਾਂ ਦੀ ਉਪਲੱਬਧਤਾ ਨਾ ਹੋਣ ਕਾਰਨ, ਹਰੀਆਂ ਖਾਦਾਂ ਦੀ ਵਰਤੋਂ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਸਿਫਾਰਸ਼ ਕੀਤੀਆਂ ਹਰੀ ਖਾਦ ਵਾਲੀਆਂ ਫ਼ਸਲਾਂ ਅਤੇ ਉਨ੍ਹਾਂ ਦੀ ਕਾਸ਼ਤ ਪੰਜਾਬ ਵਿੱਚ ਮੁੱਖ ਤੌਰ ’ਤੇ ਜੰਤਰ/ਢੈਂਚਾ, ਸਣ, ਰਵਾਂਹ ਆਦਿ ਫ਼ਸਲਾਂ ਹਰੀ ਖਾਦ ਦੇ ਤੌਰ ’ਤੇ ਵਰਤੀਆਂ ਜਾਂਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਹਰੀ ਖਾਦ ਲਈ ਜੰਤਰ ਦੀ ਪੰਜਾਬ ਢੈਂਚਾ-1, ਸਣ ਦੀ ਪੀਏਯੂ 1691 ਅਤੇ ਨਰਿੰਦਰ ਸਨਈ-1, ਰਵਾਂਹ ਦੀ ਸੀਐੱਲ 367 ਕਿਸਮ ਦੀ ਸਿਫਾਰਿਸ਼ ਕੀਤੀ ਗਈ ਹੈ।
ਹਰੀ ਖਾਦ ਦੀ ਫ਼ਸਲ ਦੀ ਚੋਣ ਕਰਨ ਵੇਲੇ ਇਹ ਗੱਲ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਕਿ ਹਰੀ ਖਾਦ ਵਾਲੀ ਫ਼ਸਲ ਦੀਆਂ ਜੜਾਂ ਵਿੱਚ ਵੱਧ ਤੋਂ ਵੱਧ ਗੰਢਾਂ ਹੋਣ ਤਾਂ ਜੋ ਉਹ ਹਵਾ ਵਿੱਚੋਂ ਨਾਈਟ੍ਰੋਜਨ ਜ਼ਮੀਨ ਵਿੱਚ ਜਮ੍ਹਾਂ ਕਰ ਸਕਣ, ਫਲੀਦਾਰ ਹੋਣ, ਛੇਤੀ ਵਧਣ ਅਤੇ ਜ਼ਿਆਦਾ ਝਾੜ ਦੇਣ ਵਾਲੀਆਂ ਹੋਣ। ਮਿੱਟੀ ਵਿੱਚ ਜੜਾਂ ਦੀ ਪਹੁੰਚ ਤੋਂ ਦੂਰ ਗਏ ਤੱਤਾਂ ਨੂੰ ਲੈਣ ਲਈ ਜੜਾਂ ਡੂੰਘੀਆਂ ਹੋਣ। ਇਸ ਤੋਂ ਇਲਾਵਾ ਬੀਜ ਸੌਖਾ ਅਤੇ ਸਸਤਾ ਮਿਲਦਾ ਹੋਵੇ, ਪਾਣੀ ਦੀ ਵਰਤੋਂ ਘੱਟ ਕਰਨ ਅਤੇ ਸੋਕੇ ਨੂੰ ਸਹਾਰਨ ਵਿੱਚ ਜ਼ਿਆਦਾ ਕਾਰਗਰ ਹੋਣ, ਜਿਵੇਂ ਕਿ ਸਣ ਅਤੇ ਰਵਾਹ, ਢੈਂਚੇ ਨਾਲੋਂ ਘੱਟ ਪਾਣੀ ਨੂੰ ਸਹਾਰ ਲੈਂਦੇ ਹਨ।
ਹਰੀ ਖਾਦ ਲਈ ਕਣਕ ਜਾਂ ਹੋਰ ਫ਼ਸਲ ਵੱਢਣ ਤੋਂ ਬਾਅਦ ਖੇਤ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ। ਬਿਜਾਈ ਸਮੇਂ ਢੈਂਚੇ ਜਾਂ ਸਣ ਦਾ 20 ਕਿਲੋ ਬੀਜ ਜਾਂ ਰਵਾਂਹ ਦਾ 12 ਕਿਲੋ ਬੀਜ, ਜਿਹੜਾ ਅੱਠ ਘੰਟੇ ਲਈ ਭਿੱਜਾ ਹੋਵੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਦੇਣਾ ਚਾਹੀਦਾ ਹੈ। ਜੇ ਖੇਤਾਂ ਵਿੱਚ ਫਾਸਫੋਰਸ ਦੀ ਕਮੀ ਹੈ ਤਾਂ ਪ੍ਰਤੀ ਏਕੜ 75-100 ਕਿਲੋ ਸਿੰਗਲ ਸੁਪਰ ਫਾਸਫੇਟ ਖਾਦ ਪਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ ਕਿਉਂਕਿ ਇਹ ਹਰੀ ਖਾਦ ਦੀਆਂ ਫ਼ਸਲਾਂ ਦੇ ਵਾਧੇ ਨੂੰ ਵਧਾਉਂਦੀ ਹੈ ਅਤੇ ਅਗਲੀ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਹਰੀ ਖਾਦ ਵਾਲੀ ਫ਼ਸਲ ਨੂੰ ਤਕਰੀਬਨ ਤਿੰਨ ਚਾਰ ਪਾਣੀਆਂ ਦੀ ਲੋੜ ਪੈਂਦੀ ਹੈ। ਹਰੀ ਖਾਦ ਦੀ ਫ਼ਸਲ ਬਿਜਾਈ ਦੇ ਲਗਭਗ 40-50 ਦਿਨਾਂ ਅੰਦਰ ਫੁੱਲਾਂ ’ਤੇ ਆ ਜਾਂਦੀ ਹੈ ਅਤੇ ਮਿੱਟੀ ਵਿੱਚ ਵਾਹੁਣ ਲਈ ਤਿਆਰ ਹੋ ਜਾਂਦੀ ਹੈ। ਮੱਕੀ ਬੀਜਣ ਤੋਂ 10 ਦਿਨ ਪਹਿਲਾਂ ਅਤੇ ਝੋਨਾ ਲਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਨੂੰ ਤਵੀਆਂ ਜਾਂ ਰੋਟਾਵੇਟਰ ਨਾਲ ਵਾਹ ਦੇਣਾ ਚਾਹੀਦਾ ਹੈ।
ਹਰੀ ਖਾਦ ਵਾਲੀਆਂ ਫ਼ਸਲਾਂ ਦੀ ਖਾਦ ਵਿੱਚ ਇਨ੍ਹਾਂ ਦੇ ਸੁੱਕੇ ਮਾਦੇ ਵਿੱਚ ਫਾਸਫੋਰਸ 0.15 ਤੋਂ 0.20 ਪ੍ਰਤੀਸ਼ਤ, ਪੋਟਾਸ਼ 1.5-2.0 ਪ੍ਰਤੀਸ਼ਤ ਅਤੇ ਲਘੂ ਤੱਤ ਜਿਵੇਂ ਜ਼ਿੰਕ, ਤਾਂਬਾ, ਲੋਹਾ ਅਤੇ ਮੈਗਨੀਜ਼ ਆਦਿ 25-35, 12-18, 280-320 ਅਤੇ 600-700 ਪੀ.ਪੀ.ਐੱਮ. ਕ੍ਰਮਵਾਰ ਮੌਜੂਦ ਹੁੰਦੇ ਹਨ। ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਹਰੀ ਖਾਦ ਦੀ ਵਰਤੋਂ ਪ੍ਰਭਾਵਸ਼ਾਲੀ ਅਤੇ ਸਸਤਾ ਤਰੀਕਾ ਹੈ। ਸਾਲ ਦੇ ਕਈ ਮਹੀਨਿਆਂ (ਕਣਕ ਦੀ ਵਾਢੀ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਦਾ ਸਮਾਂ) ਵਿੱਚ ਜਦੋਂ ਕੋਈ ਵੀ ਫ਼ਸਲ ਨਹੀਂ ਬੀਜੀ ਹੁੰਦੀ ਤਾਂ ਹਰੀ ਖਾਦ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਨਾਲ ਮਿੱਟੀ ਦੀ ਉੱਪਰਲੀ ਤਹਿ ਨੂੰ ਵੀ ਸੁਰੱਖਿਅਤ ਰੱਖਦੀ ਹੈ। ਆਮ ਹਾਲਤਾਂ ਵਿੱਚ ਜੰਤਰ, ਰਵਾਂਹ ਜਾਂ ਸਣ ਦੀ ਫ਼ਸਲ ਖੇਤ ਵਿੱਚ ਦਬਾ ਦੇਣ ਨਾਲ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ਖਾਦ) ਦੀ ਬੱਚਤ ਕੀਤੀ ਜਾ ਸਕਦੀ ਹੈ। ਹਰੀਆਂ ਖਾਦਾਂ ਜ਼ਮੀਨ ਵਿੱਚ ਵਾਹੁਣ ਦੇ ਨਾਲ ਜ਼ਮੀਨ ਦਾ ਜੈਵਿਕ ਮਾਦਾ ਵਧਦਾ ਹੈ ਜੋ ਕਿ ਮਿੱਟੀ ਦੇ ਭੌਤਿਕ ਗੁਣ ਜਿਵੇਂ ਕਿ ਮਿੱਟੀ ਦੀ ਬਣਤਰ, ਵਧੇਰੇ ਪਾਣੀ ਸੰਭਾਲਣ ਅਤੇ ਮਿੱਟੀ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਨੂੰ ਵਧਾਉਣ ਵਿੱਚ ਸਹਾਈ ਹੁੰਦਾ ਹੈ। ਹਰੀ ਖਾਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਚੋਖਾ ਵਾਧਾ ਹੁੰਦਾ ਹੈ ਕਿਉਂਕਿ ਇਹ ਜ਼ਮੀਨ ਵਿੱਚ ਨਾਈਟ੍ਰੋਜਨ, ਫਾਸੋਰਸ, ਪੋਟਾਸ਼ ਅਤੇ ਹੋਰ ਲਘੂ ਤੱਤਾਂ ਦੀ ਮਾਤਰਾ ਵਿੱਚ ਵਾਧਾ ਕਰਦੀ ਹੈ। ਹਰੀ ਖਾਦ ਦੀ ਵਰਤੋਂ ਕਰਨ ਨਾਲ ਝੋਨੇ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ਖਾਦ) ਪ੍ਰਤੀ ਏਕੜ ਦੀ ਬੱਚਤ ਹੁੰਦੀ ਹੈ ਅਤੇ ਝੋਨੇ ਦੀ ਫ਼ਸਲ ਵਿੱਚ ਲੋਹੇ ਦੀ ਕਮੀ ਆਉਣ ਦੇ ਆਸਾਰ ਵੀ ਘੱਟ ਜਾਂਦੇ ਹਨ। ਹਰੀ ਖਾਦ ਨੂੰ ਖੇਤ ਵਿੱਚ ਵਾਹੁਣ ਨਾਲ ਬਾਸਮਤੀ ਵਿੱਚ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਕਣਕ ਤੋਂ ਬਾਅਦ ਬੀਜੀ ਗਰਮ ਰੁੱਤ ਦੀ ਮੂੰਗੀ ਦੀਆਂ ਫਲੀਆਂ ਤੋੜਨ ਉਪਰੰਤ ਮੂੰਗੀ ਦਾ ਹਰਾ ਟਾਂਗਰ ਝੋਨਾ ਲਾਉਣ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਦਬਾਉਣ ਨਾਲ ਝੋਨੇ ਦਾ ਝਾੜ ਵੱਧ ਜਾਂਦਾ ਹੈ ਅਤੇ ਨਾਈਟ੍ਰੋਜਨ ਦਾ ਤੀਜਾ ਹਿੱਸਾ ਘੱਟ ਪਾਉਣਾ ਪੈਂਦਾ ਹੈ। ਹਰੀਆਂ ਖਾਦਾਂ ਵਿੱਚ ਜੈਵਿਕ ਮਾਦਾ ਅਤੇ ਨਾਈਟ੍ਰੋਜਨ ਦਾ ਅਨੁਪਾਤ ਘੱਟ ਹੋਣ ਕਾਰਨ, ਜ਼ਮੀਨ ਵਿਚਲੇ ਸੂਖਮ ਜੀਵ, ਇਸ ਦੇ ਕੋਮਲ ਤਣੇ ਅਤੇ ਪੱਤਿਆਂ ਨੂੰ ਛੇਤੀ ਗਲਾਉਣ ਵਿੱਚ ਮਦਦ ਕਰਦੇ ਹਨ ਅਤੇ ਇਸ ਦੀਆਂ ਜੜਾਂ ਵਿਚਲੇ ਬੈਕਟੀਰੀਆ, ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿੱਚ ਨਾਈਟ੍ਰੋਜਨ ਤੱਤ ਦਾ ਵਾਧਾ ਕਰਦੇ ਹਨ। ਗਲਣ ਸੜਨ ਦੀ ਪ੍ਰਕਿਰਿਆ ਦੇ ਦੌਰਾਨ ਕੁੱਝ ਹਲਕੇ ਤੇਜਾਬ ਜ਼ਮੀਨ ਵਿਚਲੇ ਅਘੁਲਣਸ਼ੀਲ ਤੱਤਾਂ ਨੂੰ ਘੁਲਣਸ਼ੀਲ ਬਣਾ ਕੇ ਫ਼ਸਲਾਂ ਨੂੰ ਮੁਹੱਈਆ ਕਰਵਾਉਂਦੇ ਹਨ, ਜਿਵੇ ਕੀ ਵੱਧ ਕੈਲਸ਼ੀਅਮ ਵਾਲੀਆਂ ਜ਼ਮੀਨਾਂ ਵਿੱਚ ਹਰੀ ਖਾਦ ਦੀ ਵਰਤੋਂ ਫਾਸਫੋਰਸ ਦੀ ਮਾਤਰਾ ਨੂੰ ਵਧਾਉਂਦੀ ਹੈ। ਇਸ ਲਈ ਸਾਰੇ ਖੁਰਾਕੀ ਤੱਤਾਂ ਨੂੰ ਸਹੀ ਅਨੁਪਾਤ ਵਿੱਚ ਜ਼ਮੀਨ ਵਿੱਚ ਪਾਉਣ ਲਈ ਜ਼ਰੂਰੀ ਹੈ ਕਿ ਰਸਾਇਣਿਕ ਖਾਦਾਂ ਦੇ ਨਾਲ-ਨਾਲ ਜੈਵਿਕ ਖਾਦਾਂ ਵੀ ਵਰਤੀਆਂ ਜਾਣ। ਹਰੀ ਖਾਦ ਜ਼ਮੀਨ ਵਿੱਚ ਲਾਭਦਾਇਕ ਜੀਵਾਣੂਆਂ ਦੀ ਸੰਖਿਆ ਵਧਾਉਣ ਦੇ ਨਾਲ ਨਿਮਾਟੋਡ ਦੀ ਸਮੱਸਿਆ ਨੂੰ ਵੀ ਹੱਲ ਕਰਨ ਵਿੱਚ ਸਹਾਈ ਹੁੰਦੀ ਹੈ। ਹਰੀ ਖਾਦ ਦੀ ਵਰਤੋਂ ਨਾਲ ਖਾਰੀਆਂ ਜ਼ਮੀਨਾਂ ਵਿੱਚ ਮੁੜ ਸੁਧਾਰ ਕੀਤਾ ਜਾ ਸਕਦਾ ਹੈ। ਖਾਰੀਆਂ, ਕਲਰਾਠੀਆਂ ਅਤੇ ਨਵੀਆਂ ਵਾਹੀਯੋਗ ਜ਼ਮੀਨਾਂ ਦੇ ਵਿੱਚ ਸਣ ਅਤੇ ਢੈਂਚੇ ਦੀ ਹਰੀ ਖਾਦ ਨੂੰ ਤਰਜੀਹ ਦੇਣੀ ਚਾਹੀਦੀ ਹੈ।
*ਭੂਮੀ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
*ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ
*ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ