ਟਰਾਂਸਪੋਰਟਰ ਯੂਨੀਅਨ ਵੱਲੋਂ ਥਾਣਾ ਜੋਗਾ ਦਾ ਘਿਰਾਓ
ਸ਼ੰਗਾਰਾ ਸਿੰਘ ਅਕਲੀਆ
ਜੋਗਾ, 28 ਮਈ
ਮਿੰਨੀ ਟਰਾਂਸਪੋਰਟਰ ਯੂਨੀਅਨ ਦੇ ਡਰਾਈਵਰਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸਹਿਯੋਗ ਨਾਲ ਅੱਜ ਥਾਣਾ ਜੋਗਾ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਮਾਨਸਾ-ਬਰਨਾਲਾ ਕੌਮੀ ਮਾਰਗ ਜਾਮ ਕਰ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਜਾਣਕਾਰੀ ਅਨੁਸਾਰ 4 ਮਈ ਨੂੰ ਪਿੰਡ ਅਕਲੀਆ ਪੁਲੀਸ ਨਾਕੇ ਦੌਰਾਨ ਪੁਲੀਸ ਮੁਲਾਜ਼ਮਾਂ ਦਾ ਇੱਕ ਅਣਪਛਾਤੀ ਪਿੱਕਅਪ ਗੱਡੀ ਨਾਲ ਐਕਸੀਡੈਂਟ ਹੋ ਗਿਆ ਸੀ। ਇਸ ਸਬੰਧੀ ਥਾਣਾ ਜੋਗਾ ਪੁਲੀਸ ਵੱਲੋਂ ਸੁਖਜੀਤ ਸਿੰਘ ਵਾਸੀ ਝੁਨੀਰ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਬੁਲਾਰਿਆਂ ਨੇ ਕਿਹਾ ਕਿ ਪੁਲੀਸ ਵੱਲੋਂ ਕੀਤਾ ਗਿਆ ਪਰਚਾ ਸਰਾਸਰ ਝੂਠਾ ਹੈ। ਉਨ੍ਹਾਂ ਕਿਹਾ ਕਿ ਸੁਖਜੀਤ ਸਿੰਘ ਝੁਨੀਰ ਐਕਸੀਡੈਂਟ ਵਾਲੇ ਦਿਨ ਆਪਣੀ ਪਿੱਕਅਪ ਗੱਡੀ ਵਿੱਚ ਕੱਚਾ ਮਾਲ ਲੋੜ ਕਰ ਕੇ ਮਾਨਸਾ ਤੋਂ ਬਰਨਾਲਾ ਵੱਲ ਜਾ ਰਿਹਾ ਸੀ ਜਦਕਿ ਸੁਖਜੀਤ ਸਿੰਘ ਝੁਨੀਰ ਦਾ ਇਸ ਐਕਸੀਡੈਂਟ ਨਾਲ ਕੋਈ ਲੈਣ ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ 12 ਦਿਨ ਬੀਤ ਜਾਣ ’ਤੇ ਅਚਨਚੇਤ ਸੁਖਜੀਤ ਸਿੰਘ ਝੁਨੀਰ ਨੂੰ ਪਿੱਕਅਪ ਗੱਡੀ ਸਮੇਤ ਰਾਤ ਸਮੇਂ ਉਸ ਦੇ ਘਰੋਂ ਹਿਰਾਸਤ ਵਿੱਚ ਲੈ ਕੇ ਜੋਗਾ ਥਾਣੇ ਲਿਆਂਦਾ ਗਿਆ, ਅਤੇ ਉਸ ਖ਼ਿਲਾਫ਼ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਪੁਲੀਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਪੁਲੀਸ ਵੱਲੋਂ ਝੂਠੇ ਪਰਚੇ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਉਦੋਂ ਤੱਕ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਲੱਖਣਪਾਲ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਗੁਰਨਾਮ ਰੰਧਾਵਾ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ, ਚਰਨਜੀਤ ਸ਼ਰਮਾ, ਮਨਦੀਪ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ, ਮਹਿੰਦਰ ਸਿੰਘ ਭੇਣੀਬਾਘਾ, ਰਾਜ ਸਿੰਘ ਅਕਲੀਆ, ਸੁਖਦੇਵ ਸਿੰਘ ਕੁਲਵੰਤ ਸਿੰਘ, ਜਰਨੈਲ ਸਿੰਘ, ਜਗਸੀਰ ਸਿੰਘ ਹਾਜ਼ਰ ਸਨ। ਡੀਐਸਪੀ ਬੂਟਾ ਸਿੰਘ ਗਿੱਲ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਕੇ ਇਨਸਾਫ਼ ਕੀਤਾ ਜਾਵੇਗਾ।