ਮਿੰਨੀ ਕਹਾਣੀ ਸੰਗ੍ਰਹਿ ‘ਜੀਵਨ ਅਸੀਸ’ ਲੋਕਅਰਪਣ
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਮਈ
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸੁਰਿੰਦਰ ਦੀਪ ਦਾ ਮਿੰਨੀ ਕਹਾਣੀ ਸੰਗ੍ਰਹਿ ‘ਜੀਵਨ ਅਸੀਸ’ ਪੰਜਾਬੀ ਭਵਨ, ਲੁਧਿਆਣਾ ਵਿੱਚ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ’ਚ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਇਕਬਾਲ ਸਿੰਘ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ. ਅਰਵਿੰਦਰ ਕੌਰ ਕਾਕੜਾ ਸ਼ਾਮਲ ਸਨ।
ਡਾ. ਪੰਧੇਰ ਨੇ ਕਿਹਾ ਕਿ ਸੰਗ੍ਰਹਿ ‘ਜੀਵਨ ਅਸੀਸ’ ਦੀਆਂ ਮਿੰਨੀ ਕਹਾਣੀਆਂ ਸਮਾਜਿਕ ਜ਼ਿੰਮੇਵਾਰੀ ਨਾਲ ਲਿਖੀਆਂ ਉੱਚ ਪੱਧਰ ਦੀਆਂ ਕਹਾਣੀਆਂ ਹਨ। ਪ੍ਰੋ. ਭੱਠਲ ਨੇ ਕਿਹਾ ਕਿ ਸੁਰਿੰਦਰ ਦੀਪ ਅੱਜ ਸਫ਼ਲ ਲੇਖਿਕਾ ਦੇ ਰੂਪ ਵਿਚ ਸਥਾਪਤ ਹੋ ਗਈ ਹੈ। ਡਾ. ਗੁਰਇਕਬਾਲ ਸਿੰਘ ਨੇ ਕਿਹਾ ਸੁਰਿੰਦਰ ਦੀਪ ਪਰਿਵਾਰਕ ਸਮੱਸਿਆਵਾਂ ਨਾਲ ਸਬੰਧਿਤ ਮਸਲਿਆਂ ਨੂੰ ਵਿਸ਼ਾ ਬਣਾਉਂਦੀ ਹੈ ਜੋ ਵਧੀਆ ਗੱਲ ਹੈ।
ਇਸ ਤੋਂ ਪਹਿਲਾਂ ਸੁਰਿੰਦਰ ਦੀਪ ਦੇ ਮਿੰਨੀ ਕਹਾਣੀ ਸੰਗ੍ਰਹਿ ‘ਮਨ ਦੇ ਮੋਤੀ’, ‘ਪੁਸਤਕ ਪ੍ਰੇਮੀ ਪ੍ਰੇਮ ਸਿੰਘ ਬਜਾਜ’, ਤੇ ਕਹਾਣੀ ਸੰਗ੍ਰਹਿ ‘ਮਹਿੰਦੀ’ ਆ ਚੁੱਕੇ ਹਨ। ਸੁਰਿੰਦਰ ਕੈਲੇ ਨੇ ਕਿਹਾ ਕਿ ਅਜੋਕੇ ਸਮਾਜ ਦੀ ਜਟਲਤਾ ਦੇ ਪ੍ਰਸੰਗ ਵਿਚ ਵਿਚਰਦੇ ਵਿਅਕਤੀਆਂ ਦੀ ਮਾਨਸਿਕਤਾ, ਮਨੋਭਾਵ, ਮੋਹ-ਪਿਆਰ, ਦਰਦ, ਪੀੜ ਦਾ ਯਥਾਰਥ ਤੇ ਜੀਵਨ ਸ਼ੈਲੀ ਤੇ ਪ੍ਰਭਾਵ ਸੁਰਿੰਦਰ ਦੀਪ ਦੀਆਂ ਕਹਾਣੀਆਂ ਦਾ ਇਕ ਹੋਰ ਪਹਿਲੂ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਸੁਰਿੰਦਰ ਦੀਪ ਦਾ ਸਮਾਜ ਪ੍ਰਤੀ ਅਨੁਭਵ ਇਨ੍ਹਾਂ ਮਿੰਨੀ ਕਹਾਣੀਆਂ ਵਿਚ ਝਲਕਦਾ ਹੈ। ਡਾ. ਕੋਚਰ ਨੇ ਕਿਹਾ ਕਿ ‘ਜੀਵਨ ਅਸੀਸ’ ਮਿੰਨੀ ਕਹਾਣੀ ਸੰਗ੍ਰਹਿ ਜ਼ਿੰਦਗੀ ਦੇ ਸਰੋਕਾਰਾਂ ਨਾਲ ਜੁੜੇ ਅਜੋਕੇ ਵਰਤਾਰਿਆਂ ਦੀ ਬਾਤ ਪਾਉਂਦਾ ਹੈ। ਮਨਦੀਪ ਕੌਰ ਭੰਮਰਾ ਨੇ ਕਿਹਾ ਪੰਜਾਬੀ ਸਾਹਿਤ ਵਿਚ ਕਹਾਣੀ-ਕਲਾ ਦੇ ਮਹੱਤਵਪੂਰਨ ਸਥਾਨ ਵਿਚ ਸੁਰਿੰਦਰ ਦੀਪ ਹੁਣ ਤੱਕ ਲਗਪਗ ਦੋ ਸੌ ਕਹਾਣੀਆਂ ਦੇ ਨਾਲ ਪੱਕੇ ਪੈਰੀ ਸਥਾਪਤ ਹੋ ਚੁੱਕੀ ਹੈ।
ਸੁਰਿੰਦਰ ਦੀਪ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਵੱਡੇ ਲੇਖਕਾਂ ਅਤੇ ਚਿੰਤਕਾਂ ਤੋਂ ਲਿਖਣ ਦੀ ਪ੍ਰੇਰਨਾ ਮਿਲੀ ਅਤੇ ਉਨ੍ਹਾਂ ਸਭ ਦੇ ਆਸ਼ੀਰਵਾਦ ਨਾਲ ਹੀ ਅੱਜ ਇਹ ਮੁਕਾਮ ਹਾਸਿਲ ਹੋਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭੋਲਾ ਸਿੰਘ ਸੰਘੇੜਾ, ਡਾ. ਸੁਰਿੰਦਰ ਸਿੰਘ ਭੱਠਲ, ਹਰਮੀਤ ਵਿਦਿਆਰਥੀ, ਜਸਵੀਰ ਝੱਜ, ਰਜਿੰਦਰ ਸਿੰਘ, ਇੰਦਰਜੀਤ ਪਾਲ ਕੌਰ, ਮਨਦੀਪ ਕੌਰ ਭੰਮਰਾ, ਬੀਬਾ ਕੁਲਵੰਤ, ਮੀਤ ਅਨਮੋਲ, ਦੀਪ ਜਗਦੀਪ ਸਿੰਘ, ਡਾ. ਨਾਇਬ ਸਿੰਘ ਮੰਡੇਰ, ਇੰਜ. ਡੀ. ਐੱਮ. ਸਿੰਘ, ਡਾ. ਹਰਪ੍ਰੀਤ ਸਿੰਘ ਰਾਣਾ, ਜਸਪਾਲ ਮਾਨਖੇੜਾ, ਜਗਦੀਸ਼ ਰਾਏ ਕੁਲਰੀਆ, ਡਾ. ਹਰਪ੍ਰੀਤ ਸਿੰਘ ਰਾਣਾ, ਡਾ. ਗੁਰਵਿੰਦਰ ਸਿੰਘ ਅਮਨ, ਕੁਲਵਿੰਦਰ ਕੌਸ਼ਲ, ਵਿਜੇ ਕੁਮਾਰ, ਅਮਰਜੀਤ ਸ਼ੇਰਪੁਰੀ, ਸਿਮਰਨਦੀਪ ਸਿੰਘ, ਦਵਿੰਦਰ ਪਟਿਆਲਵੀ, ਸੀਮਾਂ ਵਰਮਾ, ਗੁਰਪ੍ਰੀਤ ਕੌਰ, ਸਿਮਰਨ ਧੁੱਗਾ, ਰਘਬੀਰ ਸਿੰਘ ਸੰਧੂ, ਪਰਮਜੀਤ ਕੌਰ, ਨਿਮਰਤਾ, ਸੁਖਪਾਲ ਸਿੰਘ, ਧਰਮਿੰਦਰ ਕੁਮਾਰ, ਬੂਟਾ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਪਾਠਕ ਹਾਜ਼ਰ ਸਨ।