ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੰਨੀ ਕਹਾਣੀਆਂ

04:30 AM Jan 30, 2025 IST
featuredImage featuredImage

ਵਿ਼ਸ਼ਵਾਸ

ਡਾ. ਸਤੀਸ਼ ਰਾਜ ਪੁਸ਼ਕਰਣਾ

Advertisement

ਪਤਨੀ ਕਾਫ਼ੀ ਸਮੇਂ ਤੋਂ ਬਿਮਾਰ ਪਈ ਸੀ। ਲੱਖ ਯਤਨ ਕਰਨ ਦੇ ਬਾਵਜੂਦ ਡਾਕਟਰ ਉਸ ਨੂੰ ਰੋਗ ਮੁਕਤ ਨਹੀਂ ਕਰ ਪਾ ਰਹੇ ਸਨ। ਪਤੀ ਪ੍ਰੇਸ਼ਾਨ ਸੀ। ਪਤਨੀ ਦਾ ਦੁੱਖ ਉਹ ਦੂਰ ਨਹੀਂ ਕਰ ਸਕਦਾ ਸੀ ਅਤੇ ਉਸ ਦਾ ਮੰਜੀ ਉੱਤੇ ਇਸ ਤਰ੍ਹਾਂ ਪਏ ਰਹਿਣਾ ਉਹ ਹੋਰ ਨਹੀਂ ਝੱਲ ਸਕਦਾ ਸੀ। ਉਹ ਕੀ ਕਰੇ, ਕੀ ਨਾ ਕਰੇ? ਇਸ ਚੱਕਰ ਵਿੱਚ ਸੜਕ ਉੱਤੇ ਤੁਰਦੇ ਜਾਂਦੇ ਉਸ ਨੇ ਸੋਚਿਆ ਕਿ ਇਹੋ ਜਿਹੇ ਜੀਵਨ ਵਿੱਚ ਉਸ ਨੂੰ ਜਾਂ ਰੋਗਣ ਪਤਨੀ ਨੂੰ ਕੀ ਲਾਭ ਹੋ ਰਿਹਾ ਹੈ; ਇਸ ਨਾਲੋਂ ਤਾਂ ਚੰਗਾ ਹੈ ਪਤਨੀ ਨੂੰ ਜ਼ਿੰਦਗੀ ਤੋਂ ਹੀ ਮੁਕਤ ਕਰ ਦਿੱਤਾ ਜਾਵੇ। ਇਸ ਲਈ ਉਸ ਨੇ ਇੱਕ ਸ਼ੀਸ਼ੀ ਜ਼ਹਿਰ ਦੀ ਖਰੀਦ ਲਈ। ਘਰ ਪਹੁੰਚਿਆ ਤਾਂ ਪਤਨੀ ਨੇ ਲੇਟੇ ਲੇਟੇ ਮੁਸਕਰਾ ਕੇ ਪੁੱਛਿਆ, ‘‘ਆ ਗਏ?’’
ਉਹ ਬੋਲਿਆ, ‘‘ਹਾਂ। ਤੂੰ ਦਵਾਈ ਲੈ ਲੈ।’’
ਪਤਨੀ ਨੇ ਕਿਹਾ, ‘‘ਏਨੀਆਂ ਦਵਾਈਆਂ ਰੱਖੀਆਂ ਹਨ। ਕਿਸੇ ਤੋਂ ਵੀ ਕੁਝ ਲਾਭ ਨਹੀਂ ਹੋਇਆ ਨਹੀਂ। ਮੈਂ ਹੁਣ ਕੋਈ ਦਵਾਈ ਨਹੀਂ ਖਾਵਾਂਗੀ।’’ ਪਤੀ ਬੋਲਿਆ, ‘‘ਅੱਜ ਮੈਂ ਤੇਰੇ ਲਈ ਬਹੁਤ ਚੰਗੀ ਦਵਾਈ ਲਿਆਇਆ ਹਾਂ। ਇਸ ਨਾਲ ਤੂੰ ਠੀਕ ਹੋ ਜਾਵੇਂਗੀ।’’ ਪਤਨੀ ਮੁੜ ਮੁਸਕਰਾਈ ਤੇ ਬੋਲੀ, ‘‘ਤੁਸੀਂ ਨਹੀਂ ਮੰਨੋਗੇ। ਅੱਛਾ ਲਿਆਉ। ਤੁਸੀਂ ਮੈਨੂੰ ਜ਼ਹਿਰ ਵੀ ਦੇ ਦਿਉ ਤਾਂ ਉਹ ਵੀ ਪੀ ਲਵਾਂਗੀ।’’ ਉਸੇ ਪਲ ਪਤੀ ਦੇ ਹੱਥੋਂ ਸ਼ੀਸ਼ੀ ਛੁੱਟ ਕੇ ਧਰਤੀ ’ਤੇ ਡਿੱਗਣ ਨਾਲ ਚਕਨਾਚੂਰ ਹੋ ਗਈ।
- ਪੰਜਾਬੀ ਰੂਪ: ਐਚ.ਐੱਸ. ਸਪਰਾ
ਸੰਪਰਕ: 94647-58523
* * *

ਸੱਚਾ ਧਾਮ

ਜਗਦੇਵ ਸ਼ਰਮਾ ਬੁਗਰਾ
ਕੌਣ ਕਹਿੰਦਾ ਹੈ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਰਵਣ ਪੁੱਤਰ ਨਹੀਂ ਜੰਮਦੇ? ਜਗਦੀਪ ਤਿੰਨ ਕੁ ਮਹੀਨਿਆਂ ਦਾ ਹੀ ਹੋਵੇਗਾ ਜਦੋਂ ਉਸ ਦੀ ਮਾਂ ਸੀਤੋ ਖੇਤਾਂ ਵਿੱਚ ਮਜ਼ਦੂਰੀ ਕਰਨ ਜਾਣ ਵੇਲੇ ਉਸ ਨੂੰ ਨਾਲ ਲੈ ਕੇ ਜਾਂਦੀ ਸੀ। ਆਪਣੀ ਚੁੰਨੀ ਵਿੱਚ ਜਗਦੀਪ ਨੂੰ ਪਾ ਕੇ, ਬਿੱਲੀ ਕੁੱਤੇ ਤੋਂ ਬਚਾਅ ਲਈ, ਚੁੰਨੀ ਦੇ ਦੋਵੇਂ ਲੜ ਟਾਹਲੀ ਦੇ ਟਾਹਣੇ ਨਾਲ ਉੱਚੀ ਥਾਵੇਂ ਬੰਨ੍ਹ ਦਿੰਦੀ ਅਤੇ ਆਪ ਸਾਰਾ ਸਾਰਾ ਦਿਨ ਸਾਥਣ ਮਜ਼ਦੂਰ ਔਰਤਾਂ ਨਾਲ ਝੋਨਾ ਝਾੜਦੀ। ਜਗਦੀਪ ਦਾ ਪਿਤਾ ਗਾਮਾ ਹੋਰ ਮਜ਼ਦੂਰਾਂ ਨਾਲ ਝੋਨੇ ਦੀ ਕਟਾਈ ਕਰਦਾ। ਜਦੋਂ ਸਾਰੇ ਮਜ਼ਦੂਰ ਰੋਟੀ ਤੇ ਚਾਹ ਪਾਣੀ ਛਕਣ ਲਈ ਬੈਠਦੇ ਤਾਂ ਸੀਤੋ ਛੇਤੀ ਵਿਹਲੀ ਹੋ ਕੇ ਜਗਦੀਪ ਨੂੰ ਦੁੱਧ ਚੁੰਘਾ ਆਉਂਦੀ। ਚੁੰਨੀ ਵਿੱਚ ਪਿਆ ਜਗਦੀਪ ਖੇਡਦਾ ਖੇਡਦਾ ਹੀ ਸੌਂ ਜਾਂਦਾ।
ਛੇ ਕੁ ਸਾਲਾਂ ਦਾ ਹੋ ਕੇ ਜਗਦੀਪ ਸਕੂਲ ਜਾਣ ਲੱਗ ਪਿਆ। ਪੜ੍ਹਾਈ ਵਿੱਚ ਉਹ ਹੁਸ਼ਿਆਰ ਸੀ। ਵਧੀਆ ਨੰਬਰਾਂ ਨਾਲ ਦਸਵੀਂ ਕਰ ਗਿਆ। ਮਾਂ ਬਾਪ ਦਿਨ ਰਾਤ ਮਿਹਨਤ ਮਜ਼ਦੂਰੀ ਕਰਦੇ ਅਤੇ ਉਸ ਨੂੰ ਕਿਸੇ ਕਿਸਮ ਦੀ ਘਾਟ ਮਹਿਸੂਸ ਨਾ ਹੋਣ ਦਿੰਦੇ। ਜਗਦੀਪ ਨੇ ਨੇੜੇ ਦੇ ਕਾਲਜ ਤੋਂ ਸਿਵਿਲ ਇੰਜੀਨੀਅਰਿੰਗ ਦਾ ਡਿਪਲੋਮਾ ਵੀ ਕਰ ਲਿਆ ਸੀ।
ਵਧੀਆ ਪੜ੍ਹਾਈ ਦੇ ਸਿਰ ’ਤੇ ਸਰਕਾਰੀ ਮਹਿਕਮੇ ਵਿੱਚ ਡਰਾਫਟਸਮੈਨ ਦੀ ਨੌਕਰੀ ਮਿਲ ਗਈ। ਮਨਜੀਤ ਦੇ ਰੂਪ ਵਿੱਚ ਪੜ੍ਹੀ ਲਿਖੀ ਸਰਕਾਰੀ ਨੌਕਰੀ ’ਤੇ ਲੱਗੀ ਹੋਈ ਪਤਨੀ ਮਿਲ ਗਈ। ਹੋਰ ਪੰਜ ਸਾਲਾਂ ਬਾਅਦ ਜਗਦੀਪ ਨੇ ਸ਼ਹਿਰ ਵਿੱਚ ਕੋਠੀ ਬਣਾ ਲਈ।
ਅੱਜ ਕੋਠੀ ਦਾ ਉਦਘਾਟਨ ਸੀ। ਸਾਰੇ ਆਏ ਗਿਆਂ ਨੂੰ ਵਿਦਾ ਕਰਨ ਤੋਂ ਬਾਅਦ ਜਗਦੀਪ ਆਪਣੇ ਮਾਤਾ ਪਿਤਾ ਨੂੰ ਇੱਕ ਕਮਰੇ ਅੱਗੇ ਲਿਜਾ ਕੇ ਕਹਿਣ ਲੱਗਿਆ, ‘‘ਤੁਸੀਂ ਦੋਵਾਂ ਨੇ ਮੇਰੀ ਜ਼ਿੰਦਗੀ ਬਣਾਉਣ ਲਈ ਦਿਨ ਰਾਤ ਮਿਹਨਤ ਕਰਦਿਆਂ ਆਪਣੀ ਜ਼ਿੰਦਗੀ ਗਾਲ ਲਈ ਅਤੇ ਮੈਨੂੰ ਕੋਈ ਘਾਟ ਮਹਿਸੂਸ ਨਹੀਂ ਹੋਣ ਦਿੱਤੀ। ਹੁਣ ਤੁਹਾਡੀ ਆਰਾਮ ਕਰਨ ਦੀ ਉਮਰ ਹੈ। ਇਸ ਲਈ ਅੱਜ ਤੋਂ ਤੁਹਾਡਾ ਦਿਹਾੜੀ ਜਾਣਾ ਬੰਦ। ਤੁਸੀਂ ਹੁਣ ਮੇਰੇ ਨਾਲ ਰਹੋਗੇ, ਇੱਥੇ, ਆਹ ਕਮਰਾ ਹੈ ਤੁਹਾਡਾ।’’
ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਕਮਰੇ ਦੇ ਬਾਹਰ ਲਿਖਿਆ ਹੋਇਆ ਸੀ, ‘ਸੱਚਾ ਧਾਮ’।
ਸੰਪਰਕ: 98727-87243
* * *

Advertisement

ਪੰਜਾਬ ਦਾ ਫ਼ਿਕਰ ਕੌਣ ਕਰੂ

ਰਜਵਿੰਦਰ ਪਾਲ ਸ਼ਰਮਾ
ਬਲਦੇਵ ਸ਼ਰਮਾ ਸ਼ਾਮੀ ਡੇਅਰੀ ’ਤੇ ਦੁੱਧ ਪਾਉਣ ਆਇਆ ਤਾਂ ਉੱਥੇ ਉਸ ਦੇ ਖੇਤ ਦਾ ਗੁਆਂਢੀ ਸੀਰਾ ਸੰਧੂ ਮਿਲ ਗਿਆ। ਬਲਦੇਵ ਨੇ ਸੰਧੂ ਦੀ ਖ਼ੈਰ ਸੁੱਖ ਪੁੱਛਦੇ ਹੋਏ ਕਿਹਾ, ‘‘ਹੋਰ ਸੁਣਾਓ ਸੰਧੂ ਸਾਬ੍ਹ, ਘਰ ਪਰਿਵਾਰ ਸਭ ਠੀਕ ਠਾਕ ਹੈ।’’ ‘‘ਠੀਕ ਹੈ ਸ਼ਰਮਾ ਜੀ, ਵਧੀਆ, ਮੌਜਾਂ। ਆਪਾਂ ਨੂੰ ਕਿਹੜਾ ਕੋਈ ਫ਼ਿਕਰ ਐ। ਦੋ ਮੁੰਡੇ ਨੇ ਤੇ ਦੋਵੇਂ ਕੈਨੇਡਾ ਪੀ ਆਰ ਨੇ। ਜ਼ਮੀਨ ਠੇਕੇ ’ਤੇ ਦਿੱਤੀ ਐ। ਠੇਕਾ ਆਪਾਂ ਨੂੰ ਮੁੱਕਦਾ ਨਹੀਂ। ਆਪਾਂ ਹੁਣ ਬੇਫ਼ਿਕਰ ਆਂ।’’ ਦੁੱਧ ਪਾ ਕੇ ਵਾਪਸ ਜਾ ਰਿਹਾ ਬਲਦੇਵ ਸੋਚ ਰਿਹਾ ਸੀ ਜੇਕਰ ਸੰਧੂ ਵਾਂਗ ਪੰਜਾਬ ਦੇ ਸਾਰੇ ਹੀ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਬੇਫ਼ਿਕਰ ਹੁੰਦੇ ਰਹੇ ਤਾਂ ਫਿਰ ਪੰਜਾਬ ਦਾ ਫ਼ਿਕਰ ਕਰਨ ਵਾਲਾ ਕੌਣ ਰਹੂ।
ਸੰਪਰਕ: 70873-67969
* * *

ਛੋਟੀ ਸੋਚ

ਲਾਭ ਸਿੰਘ ਸ਼ੇਰਗਿੱਲ

ਉਸ ਨੇ ਆਪਣੇ ਨੇੜੇ ਖੜ੍ਹੇ ਮੁਲਾਜ਼ਮਾਂ ਨੂੰ ਗੱਲਾਂ ਕਰਦੇ ਸੁਣਿਆ। ਉਨ੍ਹਾਂ ਵਿੱਚੋਂ ਇੱਕ ਕਹਿ ਰਿਹਾ ਸੀ, “ਜੇ ਕੰਮ ਹੀ ਕਰਨਾ ਹੁੰਦਾ ਤਾਂ ਦਿਹਾੜੀ ਨਾ ਕਰ ਲੈਂਦੇ, ਐਸ਼ ਕਰੀਦੀ ਐ ਐਸ਼, ਏਦਾਂ ਹੀ ਦਿਹਾੜੀ ਕੁੱਟੀਦੀ ਐ।”
ਬਾਕੀ ਵੀ ਸ਼ਾਇਦ ਉਸ ਦੀ ਗੱਲ ’ਤੇ ਮੁਸਕਰਾ ਕੇ ਸਹਿਮਤੀ ਦੇ ਰਹੇ ਸਨ।
ਸੀਮਿੰਟ ਨਾਲ ਰਲਾਏ ਮਸਾਲੇ ਦਾ ਚੇਪਾ ਤਸਲੇ ਵਿੱਚ ਪਾ ਕੇ ਮਿਸਤਰੀ ਨੂੰ ਪਾਉਂਦਿਆਂ ਉਹ ਸੋਚ ਰਿਹਾ ਸੀ ਕਿ ਅਨਪੜ੍ਹ ਤੇ ਨੀਵੇਂ ਤਾਂ ਸਾਨੂੰ ਸਮਝਿਆ ਜਾਂਦਾ ਹੈ ਪਰ...
ਸੰਪਰਕ: 86995-35708
* * *

ਝਾਵਾਂ

ਤਰਸੇਮ ਸਿੰਘ ਭੰਗੂ
ਉਸ ਦਾ ਨਾਮ ਮਾਪਿਆਂ ਨੇ ਸਤਨਾਮ ਸਿੰਘ ਸ਼ਾਇਦ ਇਸ ਲਈ ਰੱਖਿਆ ਹੋਵੇਗਾ ਕਿ ਉਸ ਨੂੰ ਬੁਲਾਉਣ ਬਹਾਨੇ ਵੀ ਮੂੰਹੋਂ ਰੱਬ ਦਾ ਨਾਂ ਯਾਨੀ ਸਤਿਨਾਮ ਬੋਲਿਆ ਜਾਵੇਗਾ। ਉਹ ਕਣਕਵੰਨੇ ਰੰਗ ਨਾਲ ਤਿੱਖੇ ਨੈਣ ਨਕਸ਼ਾਂ ਵਾਲਾ ਬਣਦਾ ਤਣਦਾ ਗੱਭਰੂ ਸੀ। ਹਰੇਕ ਉਸ ਨੂੰ ਝਾਵਾਂ ਹੀ ਕਹਿ ਕੇ ਬੁਲਾਉਂਦਾ ਸੀ। ਉਸ ਦਾ ਨਾਂ ਕਈ ਦਿਨਾਂ ਬਾਅਦ ਉਸ ਨੂੰ ਪੁੱਛਣ ’ਤੇ ਪਤਾ ਲੱਗਾ ਸੀ।
ਗੁਰਮੁਖ ਸਿੰਘ ਆਪਣੇ ਬੇਟੇ ਦੇ ਨਵੇਂ ਘਰ ਦੀ ਉਸਾਰੀ ਕਰਵਾ ਰਿਹਾ ਸੀ। ਸ਼ਹਿਰ ਵਿੱਚ ਘਰ ਬਣਾਉਣ ਦਾ ਕੰਮ ਜ਼ਿਆਦਾਤਰ ਠੇਕੇ ਉੱਤੇ ਹੀ ਹੁੰਦਾ ਹੈ। ਦਿਹਾੜੀਦਾਰ ਮਿਸਤਰੀ ਅਤੇ ਮਜ਼ਦੂਰ ਡੱਕਾ ਨਹੀਂ ਤੋੜਦੇ। ਸਾਢੇ ਨੌਂ ਵਜੇ ਲੱਗ ਕੇ ਸਾਢੇ ਚਾਰ ਵਜੇ ਹੀ ਹੱਥ ਧੋਣ ਲੱਗ ਪੈਣਗੇ। ਠੇਕੇਦਾਰ ਮਜ਼ਦੂਰਾਂ ਦਾ ਲਹੂ ਕੱਢਣ ਤੱਕ ਜਾਂਦੇ ਹਨ। ਫਿਰ ਵੀ ਉਨ੍ਹਾਂ ਅੱਗੇ ਚੂੰ ਨਹੀਂ ਕਰਦੇ। ਬੇਟੇ ਦੇ ਘਰ ਠੇਕੇਦਾਰ ਨਾਲ ਕੰਮ ਕਰਦੇ ਮਿਸਤਰੀਆਂ ਅਤੇ ਮਜ਼ਦੂਰਾਂ ਵਿੱਚ ਤੀਹ ਕੁ ਸਾਲ ਦਾ ਇੱਕ ਮੁੰਡਾ ਵੀ ਕੰਮ ’ਤੇ ਆਉਂਦਾ ਸੀ। ਬਜ਼ੁਰਗ ਗੁਰਮੁਖ ਸਿੰਘ ਨੇ ਨੋਟ ਕੀਤਾ ਕਿ ਉਹ ਮੁੰਡਾ ਹਰੇਕ ਕੰਮ ਬੜੀ ਇਮਾਨਦਾਰੀ ਨਾਲ ਕਰਦਾ। ਸਾਰਿਆਂ ਵਿੱਚੋਂ ਉਸ ਨੂੰ ਕੋਈ ਵੀ ਆਵਾਜ਼ ਮਾਰਦਾ ਤਾਂ ਉਹ ਆਗਿਆਕਾਰ ਵਾਂਗ ਹਥਲਾ ਕੰਮ ਛੱਡ ਕੇ ਉਸ ਦੀ ਮੰਗ ਪੂਰੀ ਕਰਦਾ। ਸਾਰੇ ਹੀ ਉਸ ਨੂੰ ਝਾਵਾਂ ਕਹਿ ਕੇ ਬੁਲਾਉਂਦੇ। ‘‘ਝਾਵਿਆਂ ਆਹ ਲਿਆ, ਝਾਵਿਆਂ ਔਹ ਲਿਆਵੀਂ, ਓਏ ਝਾਵੇਂ ਇੱਟਾਂ ਤਰ ਕਰਦੇ, ਰੇਤ ਛਾਣ ਦੇ, ਕਾਂਡੀ ਫੜਾਈਂ’’ ਆਦਿ। ਇੰਜ ਲੱਗਦਾ ਜਿਵੇਂ ਠੇਕੇਦਾਰ ਦੇ ਸਾਰੇ ਕੰਮ ਦਾ ਜ਼ਿੰਮੇਵਾਰ ਝਾਵਾਂ ਹੀ ਹੋਵੇ। ਉਸ ਦੇ ਵਿਆਹ ਬਾਰੇ ਫਬਤੀਆਂ ਕੱਸਦੇ ਉਸ ਨੂੰ ਭਾਬੀਆਂ ਜੋਗਾ ਆਖਦੇ ਉਸ ਦਾ ਮਖੌਲ ਉਡਾਉਂਦੇ, ‘‘ਓ ਹੁਣ ਇਹਨੂੰ ਕੁੜੀ ਕੀਹਨੇ ਦੇਣੀ ਆ, ਵਿਆਹ ਦੀ ਉਮਰ ਤਾਂ ਲੰਘ ਗਈ। ਹੋਰ ਸਾਲ ਖੰਡ ਨੂੰ ਲੋਕਾਂ ਨੇ ਛੜਾ ਆਖਣ ਲੱਗ ਜਾਣਾ ਆ। ਇਹਨੂੰ ਕੁੜੀ ਦੇਣ ਨਾਲੋਂ ਤਾਂ ‘ਕਿਰਨ ਨਾਲ਼ੇ’ ’ਚ ਡੋਬਣੀ ਚੰਗੀ।’’
ਝਾਵਾਂ ਕਿਸੇ ਦੀ ਗੱਲ ਦਾ ਨਾ ਤਾਂ ਗੁੱਸਾ ਕਰਦਾ ਤੇ ਨਾ ਕੋਈ ਪ੍ਰਤੀਕਰਮ ਦਿੰਦਾ ਸਗੋਂ ਮੁਸਕਰਾ ਛੱਡਦਾ ਅਤੇ ਆਪਣੇ ਧਿਆਨ ਕੰਮ ਲੱਗਾ ਰਹਿੰਦਾ। ਗੁਰਮੁਖ ਸਿੰਘ ਦੀ ਘਰਵਾਲੀ ਹੀ ਮਾਣ ਨਹੀਂ ਸੀ। ਉਹ ਵੀ ਘਰ ਦੇ ਕਿਸੇ ਵਾਧੂ ਕੰਮ ਵਾਸਤੇ ਆ ਕੇ ਆਖ ਦਿੰਦੀ, ‘‘ਝਾਵੇਂ ਨੂੰ ਆਖਣਾ ਘਰੋਂ ਹੋ ਕੇ ਜਾਵੇ।’’ ਗੁਰਮੁਖ ਸਿੰਘ ਮਹਿਸੂਸ ਕਰਦਾ ਕਿ ਬੰਦਾ ਏਨਾ ਵੀ ਭਲਾਮਾਣਸ ਨਹੀਂ ਹੋਣਾ ਚਾਹੀਦਾ। ਝਾਵਾਂ ਗੁਰਮੁਖ ਸਿੰਘ ਨੂੰ ਛੋਟੇ ਹੁੰਦਿਆਂ ਪਿੰਡ ਰਹਿੰਦਿਆਂ ਸ਼ਰੀਫ ਜਿਹੇ ਗੋਰੇ ਬਲਦ ਵਰਗਾ ਲੱਗਦਾ ਜਿਹਨੂੰ ਹਰੇਕ ਹੀ ਫੜ ਕੇ ਜੋਅ ਲੈਂਦਾ ਸੀ। ਨਿੱਕੇ ਨਿਆਣੇ ਗੋਰੇ ਦੇ ਉੱਪਰ ਖੇਡਦੇ ਰਹਿੰਦੇ ਤੇ ਉਹ ਵਿਚਾਰਾ ਕੰਨ ਤੱਕ ਨਾ ਹਿਲਾਉਂਦਾ। ਬਾਪੂ ਕਈ ਵਾਰ ਖਿੱਝਦਾ ਆਖਦਾ, ‘‘ਓਏ ..., ਖਾ ਲੈਣ ਦਿਓ ਗਰੀਬ ਨੂੰ ਪੱਠੇ।’’
ਠੇਕੇਦਾਰ ਨੇ ਪੁੱਛਣ ’ਤੇ ਦੱਸਿਆ, ‘‘ਝਾਵਾਂ ਜੱਟਾਂ ਦਾ ਪੁੱਤ ਹੈ ਪਰ ਜੱਟਾਂ ਵਾਲੀ ਮੜਕ ਵਿਚਾਰੇ ਵਿੱਚ ਬਿਲਕੁਲ ਹੀ ਨਹੀਂ। ਨਹੀਂ ਤਾਂ ਏਨਾ ਕੁਝ ਸੁਣ ਕੇ ਹੁਣ ਤੱਕ ਕਿਸੇ ਦਾ ਸਿਰ ਪਾੜਿਆ ਹੋਣਾ ਸੀ। ਇਸ ਦੇ ਵਡੇਰੇ ਵਿਰਾਸਤੀ ਜ਼ਮੀਨ ਦੇ ਮਾਲਕ ਸਨ। ਪੀੜ੍ਹੀ ਦਰ ਪੀੜ੍ਹੀ ਵੰਡੀਦੀ ਜ਼ਮੀਨ ਕਨਾਲਾਂ ਵਿੱਚ ਰਹਿ ਗਈ। ਚਾਰ ਭਾਈਆਂ ’ਚੋਂ ਦੋ ਕਿਸੇ ਤਰ੍ਹਾਂ ਪਹਾੜਾਂ ਵਿੱਚ ਲੋੜਵੰਦ ਘਰੀਂ ਵਿਆਹੇ ਵੀ ਗਏ। ਤੁਹਾਨੂੰ ਪਤੈ ਇੱਥੇ ਤਾਂ ਮਿਹਨਤੀ ਬੰਦੇ ਨੂੰ ਕੋਈ ਨਹੀਂ ਪੁੱਛਦਾ। ਜ਼ਮੀਨਾਂ ਵਾਲੇ ਨਸ਼ੇੜੀ ਵੀ ਵਿਆਹੇ ਜਾਂਦੇ ਹਨ। ਝਾਵਾਂ ਰਿਸ਼ਤਾ ਹੋਣ ਦੀ ਝਾਕ ਕਰਕੇ ਹੀ ਦੋਵਾਂ ਭਾਬੀਆਂ ਦਾ ਜੀ ਹਜ਼ੂਰ ਦਿਓਰ ਹੈ, ਪਰ ਭਾਬੀਆਂ ਝਾਵੇਂ ਨੂੰ ਵਿਆਹ ਕੇ ਰੋਜ਼ ਸੋਨੇ ਦਾ ਆਂਡਾ ਦੇਣ ਵਾਲੀ ਕੁਕੜੀ ਹੱਥੋਂ ਕਿਉਂ ਗਵਾਉਣਗੀਆਂ ਭਲਾ! ਲਾਰੇ-ਲੱਪਿਆਂ ਨਾਲ ਹੀ ਪਰਚਾ ਛੱਡਦੀਆਂ ਨੇ। ਟੱਬਰ ਦੀਆਂ ਅੱਧਿਓਂ ਵੱਧ ਲੋੜਾਂ ਇਹੋ ਪੂਰੀਆਂ ਕਰਦਾ ਹੈ। ਭਰਾ ਵੀ ਮੀਣੇ ਬਣੇ ਹੋਏ ਹਨ। ਇੱਕ ਨਵੇਂ ਪੈਸੇ ਦਾ ਐਬ ਨਹੀਂ ਇਸ ਬੰਦੇ ਨੂੰ। ਬਹੁਤ ਚਿਰ ਤੋਂ ਮੇਰੇ ਨਾਲ ਪੱਕਾ ਹੀ ਕੰਮ ਕਰਦਾ ਹੈ। ਬੇਸ਼ੱਕ, ਘਰ ਦੀਆਂ ਬਹੁਤ ਸਾਰੀਆਂ ਬੁੱਤੀਆਂ ਇਹੋ ਹੀ ਸਾਰਦਾ ਹੈ, ਪਰ ਮੈਂ ਇਸ ਨੂੰ ਪਰੇਰ ਕੇ ਬੈਂਕ ਖਾਤਾ ਖੋਲ੍ਹਣ ਲਈ ਮਨਾ ਲਿਆ ਸੀ ਤਾਂ ਕਿ ਔਖੇ ਵੇਲੇ ਪੈਸੇ ਇਸ ਦੇ ਕੰਮ ਆਉਣਗੇ। ਬੁੱਢਾ ਬੌਲਦ ਕੋਈ ਨਹੀਂ ਸਾਂਭਦਾ ਹੁੰਦਾ। ਜੇ ਕਿਤੇ ਵਿਆਹ ਹੋ ਗਿਆ ਤਾਂ ਵੀ ਸੌਖਾ ਰਹੇਗਾ।’’ ਠੇਕੇਦਾਰ ਨੇ ਵਿਸਥਾਰ ਨਾਲ ਝਾਵੇਂ ਬਾਰੇ ਗੁਰਮੁਖ ਸਿੰਘ ਨੂੰ ਜਾਣਕਾਰੀ ਦਿੱਤੀ।
ਗੁਰਮੁਖ ਸਿੰਘ ਨੂੰ ਝਾਵੇਂ ’ਤੇ ਤਰਸ ਜਿਹਾ ਵੀ ਆਉਂਦਾ। ਇੱਕ ਦਿਨ ਸਵੇਰੇ-ਸਵੇਰੇ ਕੰਮ ’ਤੇ ਪਹੁੰਚੇ ਮਜ਼ਦੂਰਾਂ ਵਿੱਚੋਂ ਇੱਕ ਨੇ ਗੁਰਮੁਖ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ, ‘‘ਅੰਕਲ ਜੀ, ਝਾਵੇਂ ਨੂੰ ਵਧਾਈ ਦਿਓ, ਇਹਦਾ ਸਾਕ ਹੋ ਗਿਆ ਜੇ। ਇੱਕ ਦੋ ਦਿਨਾਂ ਤੱਕ ਵੇਖ-ਵਖਾਲਾ ਵੀ ਹੋਣ ਵਾਲਾ ਆ।’’ ਗੁਰਮੁਖ ਸਿੰਘ ਨੇ ਮੁਸਕਰਾਉਂਦੇ ਹੋਏ ਸੋਚਿਆ ਕਿ ਅੱਜ ਆਉਂਦੇ ਹੀ ਵਿਚਾਰੇ ਦੇ ਦੁਆਲ਼ੇ ਹੋ ਗਏ ਨੇ। ਜਦੋਂ ਉਸ ਨੇ ਝਾਵੇਂ ਨੂੰ ਇਸ ਸਬੰਧੀ ਪੁੱਛਿਆ ਤਾਂ ਉਹ ਸ਼ਰਮਾਉਂਦਾ ਹੋਇਆ ਬੋਲਿਆ, ‘‘ਹਾਂ ਜੀ ਅੰਕਲ, ਮਾਸੀ ਕਰਾ ਰਹੀ ਆ।’’
ਇਹ ਸੁਣ ਕੇ ਗੁਰਮੁਖ ਸਿੰਘ ਨੂੰ ਦਿਲੀ ਖ਼ੁਸ਼ੀ ਹੋਈ ਤੇ ਉਸ ਨੇ ਉਸੇ ਵੇਲੇ ਜੇਬ ਵਿੱਚੋਂ ਸੌ ਦਾ ਨੋਟ ਕੱਢ ਕੇ ਝਾਵੇਂ ਨੂੰ ਫੜਾਉਂਦਿਆਂ ਕਿਹਾ, ‘‘ਜਾ ਪੁੱਤਰ, ਸਾਰਿਆਂ ਨੂੰ ਬੇਸਣ ਲਿਆ ਕੇ ਖੁਆ ਤੇ ਇਨ੍ਹਾਂ ਨੂੰ ਆਖ, ਹੁਣ ਤੈਨੂੰ ਝਾਵਾਂ ਨਾ ਆਖਿਆ ਕਰਨ।’’ ਉਸ ਵੇਲੇ ਝਾਵੇਂ ਦੇ ਚਿਹਰੇ ’ਤੇ ਖ਼ੁਸ਼ੀ ਵੇਖਣ ਵਾਲੀ ਸੀ ਜਿਵੇਂ ਵਿਆਹਿਆ ਹੀ ਗਿਆ ਹੋਵੇ।
ਉਸ ਦਿਨ ਸ਼ਾਮ ਨੂੰ ਕੰਮ ਤੋਂ ਛੁੱਟੀ ਮਗਰੋਂ ਝਾਵਾਂ ਜਾਣ ਤੋਂ ਪਹਿਲਾਂ ਗੁਰਮੁਖ ਸਿੰਘ ਨੂੰ ਬੋਲਿਆ, ‘‘ਅੰਕਲ ਜੀ, ਘਰ ਕੋਈ ਕੰਮ ਤਾਂ ਨਹੀਂ ਕਰਨ ਵਾਲਾ?’’
ਉਹਦੇ ਚਿਹਰੇ ’ਤੇ ਲਿਖੀ ਉਸ ਦੇ ਦਿਲ ਦੀ ਇਬਾਰਤ ਕਹਿ ਰਹੀ ਸੀ ਕਿ ਉਹ ਸਵੇਰੇ ਬੇਸਣ ਵਾਸਤੇ ਦਿੱਤੇ ਪੈਸਿਆਂ ਬਦਲੇ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ।
ਗੁਰਮੁਖ ਸਿੰਘ ਨੇ ਉਸ ਦਾ ਮੋਢਾ ਥਾਪੜਦੇ ਹੋਏ ਨੇ ਕਿਹਾ, ‘‘ਪੁੱਤਰ, ਤੈਨੂੰ ਥਕੇਵਾਂ ਨਹੀਂ ਹੁੰਦਾ!’’
‘‘ਅੰਕਲ ਜੀ, ਇਸ ਮਿੱਟੀ ਤੋਂ ਜਿੰਨਾ ਕੰਮ ਲੈ ਲਿਆ ਜਾਵੇ ਓਨਾ ਚੰਗਾ।’’ ਗੁਰਮੁਖ ਸਿੰਘ ਨੂੰ ਉਸ ਨਾਲ ਦਿਲੋਂ ਹਮਦਰਦੀ ਪੈਦਾ ਹੋ ਰਹੀ ਸੀ।
ਕੰਮ ਚਲਦਾ ਰਿਹਾ ਸੀ। ਮਿਸਤਰੀਆਂ ਅਤੇ ਮਜ਼ਦੂਰਾਂ ਦੇ ਹਾਸੇ ਠੱਠੇ ਵਿੱਚ ਦਿਨ ਕਦੋਂ ਬੀਤ ਜਾਂਦਾ, ਪਤਾ ਹੀ ਨਾ ਲਗਦਾ। ਦੋ ਵੇਲੇ ਚਾਹ ਅਤੇ ਦੁਪਹਿਰ ਦੀ ਰੋਟੀ ਖਾਂਦੇ ਇੱਕ ਦੂਜੇ ਨੂੰ ਮਖੌਲ ਕਰਦੇ, ਪਰ ਜ਼ਿਆਦਾ ਕੇਂਦਰ ਬਿੰਦੂ ਝਾਵਾਂ ਹੀ ਹੁੰਦਾ। ਗੁਰਮੁਖ ਸਿੰਘ ਵੀ ਮੁਸਕਰਾ ਛੱਡਦਾ, ਪਰ ਝਾਵਾਂ ਕਹਿਣਾ ਉਸ ਨੂੰ ਚੰਗਾ ਨਾ ਲਗਦਾ। ਇੱਕ ਦਿਨ ਗੁਰਮੁਖ ਸਿੰਘ ਨੇ ਉਸ ਨੂੰ ਪੁੱਛਿਆ, ‘‘ਪੁੱਤਰ, ਤੇਰੇ ਰਿਸ਼ਤੇ ਦਾ ਕੀ ਬਣਿਆ?’’ ਉਹ ਮਾਯੂਸ ਜਿਹੀ ਆਵਾਜ਼ ਵਿੱਚ ਬੋਲਿਆ, ‘‘ਅੰਕਲ ਜੀ, ਗੱਲ ਨਹੀਂ ਬਣੀ। ਭਾਨੀ ਮਾਰ ਦਿੱਤੀ ਕਿਸੇ ਨੇ। ਅਖੇ, ਜ਼ਮੀਨ ਨਹੀਂ।’’
ਗੁਰਮੁਖ ਸਿੰਘ ਨੂੰ ਸੁਣ ਕੇ ਬਹੁਤ ਦੁੱਖ ਲੱਗਾ। ਇੱਥੇ ਮਿਹਨਤੀ ਨਹੀਂ ਸਗੋਂ ਉੱਚੀ ਜਾਤ ਦੇ ਨਾਲ ਜਾਇਦਾਦ ਦਾ ਮਾਲਕ ਹੋਣਾ ਜ਼ਿਆਦਾ ਮਾਅਨੇ ਰੱਖਦਾ ਹੈ। ਗੁਰਮੁਖ ਸਿੰਘ ਸਿਵਾਏ ਉਸ ਦੇ ਮਿਹਨਤਾਨੇ ਦੇ ਹੋਰ ਕੀ ਦੇ ਸਕਦਾ ਸੀ, ਪਰ ਇਹ ਜ਼ਰੂਰ ਚਾਹੁੰਦਾ ਸੀ ਕਿ ਉਸ ਨੂੰ ਕੋਈ ਝਾਵਾਂ ਨਾ ਆਖੇ।
‘‘ਪੁੱਤਰ, ਤੇਰਾ ਨਾਮ ਕੀ ਹੈ, ਨਾਲ ਦਿਆਂ ਨੂੰ ਆਖ ਕਿ ਤੇਰਾ ਨਾਂ ਲੈ ਕੇ ਬੁਲਾਇਆ ਕਰਨ। ਤੂੰ ਝਾਵੇਂ ਦਾ ਮਤਲਬ ਸਮਝਦਾ ਏਂ?’’ ਗੁਰਮੁਖ ਸਿੰਘ ਨੇ ਉਸ ਨੂੰ ਕਈ ਸਵਾਲ ਕਰ ਦਿੱਤੇ। ‘‘ਅੰਕਲ ਜੀ, ਨਾਂ ਤਾਂ ਮੇਰਾ ਸਤਨਾਮ ਸਿੰਘ ਹੈ। ਝਾਵਾਂ ਭਾਬੀ ਨੇ ਇੱਕ ਵਾਰ ਵਾਹਵਾ ਚਿਰ ਪਹਿਲਾਂ ਸ਼ਹਿਰੋਂ ਹੀ ਮੰਗਵਾਇਆ ਸੀ।’’ ਉਹ ਗੁਰਮੁਖ ਸਿੰਘ ਦੇ ਇਨ੍ਹਾਂ ਸੁਆਲਾਂ ’ਤੇ ਹੈਰਾਨ ਹੋਇਆ ਸੀ।
‘‘ਇੰਜ ਕਰੀਂ, ਅੱਜ ਘਰ ਜਾ ਕੇ ਖੁਰੇ ਵਿੱਚ ਝਾਤੀ ਮਾਰੀਂ। ਵੇਖੀਂ ਝਾਵਾਂ ਓਡਾ ਈ ਆ, ਜਿੱਡਾ ਸ਼ਹਿਰੋਂ ਲੈ ਕੇ ਗਿਆ ਸੀ! ਫਿਰ ਸਵੇਰੇ ਮੈਂ ਉਸ ਦਾ ਮਤਲਬ ਦੱਸਾਂਗਾ।’’ ਗੁਰਮੁਖ ਸਿੰਘ ਸਤਨਾਮ ਸਿੰਘ ਨੂੰ ਆਪਣੇ ਢੰਗ ਨਾਲ ਸਮਝਾਉਣਾ ਚਾਹੁੰਦਾ ਸੀ।
ਠੀਕ ਹੀ ਸਵੇਰੇ ਸਤਨਾਮ ਸਭ ਤੋਂ ਪਹਿਲਾਂ ਹੀ ਆ ਗਿਆ ਜਿਵੇਂ ਮਤਲਬ ਸਮਝਣ ਲਈ ਸਾਰੀ ਰਾਤ ਸੋਚਦਾ ਰਿਹਾ ਹੋਵੇ।
‘‘ਵੇਖਿਆ ਸੀ ਫਿਰ ਝਾਵਾਂ?’’ ਗੁਰਮੁਖ ਸਿੰਘ ਨੇ ਚਿਣਾਈ ਕੀਤੀਆਂ ਕੰਧਾਂ ਨੂੰ ਪਾਣੀ ਲਾ ਰਹੇ ਸਤਨਾਮ ਨੂੰ ਪੁੱਛਿਆ। ‘‘ਹਾਂ ਜੀ ਅੰਕਲ ਜੀ, ਜਦੋਂ ਲਿਆਂਦਾ ਸੀ ਉਦੋਂ ਤਾਂ ਵਾਹਵਾ ਸੀ ਪਰ ਹੁਣ ਘਸ-ਘਸ ਕੇ ਚਿੱਪਰ ਜਿਹੀ ਹੀ ਰਹਿ ਗਿਆ।’’ ਉਹਦੇ ਚਿਹਰੇ ’ਤੇ ਹੈਰਾਨੀ ਭਾਵ ਸਨ।
‘‘ਕੁਝ ਸਮਝਿਆ ਫਿਰ?’’ ਗੁਰਮੁਖ ਸਿੰਘ ਨੇ ਫਿਰ ਕਿਹਾ।
ਸਤਨਾਮ ਸੁਆਲੀਆ ਝਾਕਦਾ ਚੁੱਪ ਸੀ। ਗੁਰਮੁਖ ਸਿੰਘ ਸੋਚਦਾ ਸੀ ਕਿ ਉਹ ਆਪਣੇ-ਆਪ ਸਮਝੇ, ਪਰ ਉਹ ਬਹੁਤਾ ਹੀ ਸਾਧੂ ਸੁਭਾਅ ਸੀ। ਏਨਾ ਭੋਲ਼ਾ ਕਿ ਤੀਹਵੇਂ ਸਾਲ ਤੱਕ ਵੀ ਕੋਈ ਚਲਾਕੀ ਨਹੀਂ ਆਈ ਲਗਦੀ ਸੀ।
‘‘ਓਏ ਭੋਲਿਆ, ਸਾਰੇ ਟੱਬਰ ਦੇ ਪੈਰ ਕੂਚਦਾ ਝਾਵਾਂ ਚਿੱਪਰ ਰਹਿ ਗਿਆ। ਤੇਰਾ ਹਾਲ ਵੀ ਝਾਵੇਂ ਵਾਂਗਰ ਹੋਊ, ਹਾਲੇ ਵੀ ਮੌਕਾ ਸੰਭਾਲ ਲੈ।’’ ਗੁਰਮੁਖ ਸਿੰਘ ਨੇ ਸਤਨਾਮ ਦੇ ਮੋਢੇ ’ਤੇ ਹੱਥ ਰੱਖ ਕੇ ਬਹੁਤ ਹੀ ਗੰਭੀਰ ਹੁੰਦਿਆਂ ਕਿਹਾ। ਉਸ ਦਿਨ ਸਤਨਾਮ ਨੇ ਪਹਿਲੀ ਵਾਰ ਸਾਥੀਆਂ ਨੂੰ ਝਾਵਾਂ ਕਹਿਣ ਤੋਂ ਵਰਜਿਆ। ਝਾਵਾਂ ਕਹਿਣ ਤੋਂ ਪਹਿਲੀ ਵਾਰ ਉਸ ਨੂੰ ਗੁੱਸਾ ਜ਼ਾਹਰ ਕਰਦਿਆਂ ਵੇਖਿਆ। ਗੁਰਮੁਖ ਸਿੰਘ ਦੇ ਸਮਝਾਉਣ ’ਤੇ ਉਹ ਪੈਸੇ ਵੱਧ ਸੰਭਾਲਣ ਲੱਗ ਪਿਆ। ਭਾਈਆਂ ਤੇ ਭਾਬੀਆਂ ਬਥੇਰਾ ਪੁਚਕਾਰ ਕੇ ਲਾਰੇ ਲਾਏ, ਪਰ ਸਤਨਾਮ ਸਿੰਘ ਦੁਨੀਆਦਾਰੀ ਸਮਝਣ ਲੱਗ ਪਿਆ ਸੀ। ਸਾਲ ਕੁ ਬਾਅਦ ਹੀ ਇੱਕ ਦਿਨ ਸਤਨਾਮ ਸਿੰਘ ਉਰਫ਼ ਝਾਵਾਂ ਗੁਰਮੁਖ ਸਿੰਘ ਨੂੰ ਉਚੇਚਾ ਘਰ ਮਿਲਣ ਆਇਆ। ਉਸ ਦੇ ਹੱਥ ਵਿੱਚ ਮਠਿਆਈ ਦਾ ਡੱਬਾ ਵੇਖ ਕੇ ਉਸ ਨੇ ਸਮਝਿਆ ਕਿ ਸ਼ਾਇਦ ਉਸ ਦੀ ਸ਼ਾਦੀ ਹੋ ਗਈ ਹੋਵੇਗੀ। ਪਰ ਸਤਨਾਮ ਨੇ ਦੱਸਿਆ ਕਿ ਅਗਲੇ ਦਿਨ ਉਹ ਠੇਕੇਦਾਰ ਦੇ ਨਾਲ ਵਰਕ ਪਰਮਿਟ ’ਤੇ ਵਿਦੇਸ਼ ਜਾ ਰਿਹਾ ਹੈ।
‘‘ਅੰਕਲ ਜੀ, ਤੁਸੀਂ ਮੇਰੀਆਂ ਅੱਖਾਂ ਨਾ ਖੋਲ੍ਹਦੇ ਤਾਂ ਮੈਂ ਸਾਰੀ ਉਮਰ ਸੱਚ-ਮੁੱਚ ਝਾਵਾਂ ਹੀ ਬਣਿਆ ਰਹਿਣਾ ਸੀ।’’
ਸਤਨਾਮ ਸਵੈ-ਭਰੋਸੇ ਨਾਲ ਤਣਿਆ ਖੜ੍ਹਾ ਸੀ।
ਗੁਰਮੁਖ ਸਿੰਘ ਨੇ ਹੱਸਦਿਆਂ ਸਤਨਾਮ ਨੂੰ ਕਲ਼ਾਵੇ ਵਿੱਚ ਲੈਂਦਿਆਂ ਕਿਹਾ, ‘‘ਬਾਹਰ ਜਾ ਕੇ ਝਾਵਾਂ ਹੀ ਨਾ ਬਣਿਆ ਰਹੀਂ। ਜਲਦੀ ਵਿਆਹ ਕਰਵਾ ਲਵੀਂ। ਕਿਤੇ ਉੱਥੇ ਵੀ ਨਾਲ ਦੇ ਝਾਵਾਂ ਹੀ ਆਖਣ ਲੱਗ ਜਾਣ।’’
ਸੰਪਰਕ: 94656-56214
* * *

ਮਿੱਟੀ ਦੀ ਮੁੱਠ

ਜੈਸਮੀਨ ਕੌਰ ਸੰਧੂ
ਕਿੰਨੇ ਹੀ ਦਿਨਾਂ ਤੋਂ ਮਿੱਟੀ ਦੇ ਭਰੇ ਹੋਏ ਬੋਰੇ ਉੱਥੇ ਹੀ ਪਏ ਸਨ। ਪ੍ਰੀਤ ਨੇ ਮਿੱਟੀ ਆਪਣੇ ਬੇਟੇ ਦੇ ਖੇਡਣ ਲਈ ਖੇਤੋਂ ਮੰਗਾਈ ਸੀ। ਕੰਮ ਵਾਲਾ ਬਾਈ ਦੋ ਬੋਰੇ ਭਰਕੇ ਪ੍ਰੀਤ ਦੇ ਕਹਿਣ ’ਤੇ ਤੁਰੰਤ ਲੈ ਆਇਆ ਸੀ, ਪਰ ਕਿਸੇ ਨੂੰ ਮਿੱਟੀ ਕੱਢ ਕੇ ਖਿਲਾਰਨ ਦਾ ਸਮਾਂ ਨਹੀਂ ਸੀ ਲੱਗਿਆ। ਪ੍ਰੀਤ ਨੇ ਅੱਜ ਹਿੰਮਤ ਕਰਕੇ ਮਿੱਟੀ ਬੋਰੀਆਂ ’ਚੋਂ ਕੱਢ ਹੀ ਲਈ ਸੀ, ਪਰ ਕਈ ਦਿਨਾਂ ਤੋਂ ਪਈ ਹੋਣ ਕਰਕੇ ਮਿੱਟੀ ਜੰਮ ਗਈ ਸੀ। ਪ੍ਰੀਤ ਨੇ ਹੈਰੀ ਨੂੰ ਮਿੱਟੀ ਦੇ ਉੱਤੋਂ ਦੀ ਗੱਡੀ ਦੇ ਟਾਇਰ ਚੜ੍ਹਾਉਣ ਲਈ ਕਿਹਾ। ਹੈਰੀ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ। ਫਿਰ ਕੰਮ ਉੱਥੇ ਦਾ ਉੱਥੇ ਹੀ ਰਹਿ ਗਿਆ। ਜਦੋਂ ਹੀ ਪ੍ਰੀਤ ਵਿਹੜੇ ’ਚ ਜਾਂਦੀ, ਉਸ ਨੂੰ ਯਾਦ ਆਉਂਦਾ ਕਿ ਮਿੱਟੀ ਕੁੱਟਣ ਵਾਲੀ ਪਈ ਹੈ। ਅੱਜ ਕੰਮ ਵਾਲਾ ਬਾਈ ਖੇਤੋਂ ਵਿਹਲਾ ਹੋ ਕੇ ਘਰ ਸਬਜ਼ੀਆਂ ਲਾਉਣ ਆਇਆ ਸੀ ਤਾਂ ਪ੍ਰੀਤ ਨੇ ਪਹਿਲਾਂ ਮਿੱਟੀ ਕੁੱਟਣ ਲਈ ਕਹਿ ਦਿੱਤਾ। ਬਾਈ ਨੇ ਥੋੜ੍ਹੇ ਸਮੇਂ ’ਚ ਹੀ ਮਿੱਟੀ ਪੱਧਰੀ ਕਰ ਦਿੱਤੀ ਨਿਆਣੇ ਦੇ ਖੇਡਣ ਨੂੰ। ਸ਼ਾਮ ਨੂੰ ਵਿਹਲ ਵੇਲੇ ਪ੍ਰੀਤ ਆਪਣੇ ਬੇਟੇ ਨੂੰ ਬਾਹਰ ਖੇਡਣ ਲਈ ਲੈ ਆਈ ਸੀ। ਉਹ ਪਹਿਲੀ ਵਾਰ ਮਿੱਟੀ ’ਚ ਖੇਡ ਰਿਹਾ ਸੀ। ਸ਼ੁਰੂ-ਸ਼ੁਰੂ ਵਿੱਚ ਉਸ ਨੂੰ ਕੁਝ ਅਜੀਬ ਲੱਗਾ, ਪਰ ਜਦੋਂ ਪ੍ਰੀਤ ਨੇ ਮੁੱਠੀ ’ਚ ਮਿੱਟੀ ਭਰਕੇ ਕੇਰੀ ਤਾਂ ਉਹ ਵੀ ਉਵੇਂ ਹੀ ਕਰਨ ਲੱਗਿਆ। ਉਸ ਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਸੀ। ਉਹ ਮੁੱਠੀਆਂ ਭਰ-ਭਰ ਕੇ ਮਿੱਟੀ ਉੱਪਰ ਵੱਲ ਨੂੰ ਖਿੰਡਾ ਰਿਹਾ ਸੀ। ਪ੍ਰੀਤ ਵੀ ਨਿਆਣੇ ਨਾਲ ਮਸਤੀ ਕਰ ਰਹੀ ਸੀ, ਪਰ ਜਦੋਂ ਉਹਨੇ ਹੁਣ ਮਿੱਟੀ ਨੂੰ ਮੁੱਠੀ ’ਚ ਭਰ ਕੇ ਕੇਰਿਆ ਤਾਂ ਉਹ ਸ਼ਾਂਤ ਹੋ ਗਈ। ਜਿਉਂ-ਜਿਉਂ ਮਿੱਟੀ ਕਿਰ ਰਹੀ ਸੀ, ਉਹ ਸੋਚ ਰਹੀ ਸੀ ਕਿ ਜ਼ਿੰਦਗੀ ਵੀ ਤਾਂ ਏਦਾਂ ਹੀ ਦਿਨੋ ਦਿਨ ਕਿਰਦੀ ਜਾ ਰਹੀ ਹੈ। ਉਮਰ ਵੀ ਤਾਂ ਹੱਥੋਂ ਇਉਂ ਹੀ ਤਿਲ੍ਹਕ ਰਹੀ ਹੈ। ਉਹ ਡੂੰਘੀਆਂ ਸੋਚਾਂ ’ਚ ਪੈ ਗਈ। ਅਚਾਨਕ ਨਿਆਣੇ ਨੇ ਮਿੱਟੀ ਉਸ ਵੱਲ ਸੁੱਟੀ ਤਾਂ ਉਸ ਦੀਆਂ ਸੋਚਾਂ ਦੀ ਲੜੀ ਟੁੱਟ ਗਈ। ਪ੍ਰੀਤ ਫਿਰ ਆਪਣੇ ਬੇਟੇ ਨਾਲ ਖੇਡਣ ਲੱਗੀ।
ਸੰਪਰਕ: 86995-85805

Advertisement