ਮਿੰਨੀ ਕਹਾਣੀਆਂ
ਮੁਬਾਰਕਬਾਦ
ਡਾ. ਗੁਰਵਿੰਦਰ ਅਮਨ
ਸਰਦਾਰਾਂ ਦੀ ਕੋਠੀ ਵਿੱਚੋਂ ਨਸ਼ੇ ਵਿੱਚ ਧੁੱਤ ਹੋਇਆ ਨੇਪਾਲੀ ਬਹਾਦਰ ਰਾਤ ਦੇ ਇੱਕ ਵਜੇ ਆ ਕੇ ਘਰ ਦਾ ਦਰਵਾਜ਼ਾ ਖੜਕਾਉਣ ਲੱਗਾ।
ਪਤਨੀ ਦੇ ਦਰਵਾਜ਼ਾ ਖੋਲ੍ਹਦਿਆਂ ਹੀ ਉਹ ਬੋਲਿਆ, ‘‘ਚੰਪਾ, ਨਯਾ ਸਾਲ ਮੁਬਾਰਕ ਹੋ। ਆਜ ਸਰਦਾਰੋਂ ਕੀ ਕੋਠੀ ਮੇਂ ਰਾਤ ਬਾਰਾਂ ਬਜੇ ਤੱਕ ਚਲਤੀ ਪਾਰਟੀ ਮੇਂ ਕਾਮ ਕਰਤਾ ਰਹਾ ਔਰ ਥੋੜੀ ਬਹੁਤ ਬਚੀ ਦਾਰੂ ਮੈਨੇ ਭੀ ਪੀ ਲੀ। ਮੈਨੇ ਸੋਚਾ ਚੰਪਾ ਕੋ ਭੀ ਬੜੇ ਲੋਗੋਂ ਕੀ ਤਰਹਾ ਆਜ ਜਾਕਰ ਨਯਾ ਸਾਲ ਮੁਬਾਰਕ ਕਹੂੰਗਾ।’’
‘‘ਸੋਚਾ ਤੋ ਮੈਨੇ ਭੀ ਥਾ ਕਾਂਚਾ, ਪਰ ਹਰ ਮਹੀਨੇ ਕੀ ਤਰਹਾ ਇਸ ਮਹੀਨੇ ਭੀ ਆਖ਼ਰੀ ਤਾਰੀਖ਼ ਹੋਨੇ ਕੇ ਕਾਰਨ ਘਰ ਮੇਂ ਰਾਸ਼ਨ ਨਹੀਂ ਥਾ, ਮੁੰਨਾ ਤੋ ਭੂਖਾ ਹੀ ਸੋ ਗਿਆ।’’
ਪਾਟੀ ਸਾੜ੍ਹੀ ਦੇ ਪੱਲੇ ਨਾਲ ਅੱਖਾਂ ਪੂੰਝਦਿਆਂ ਨੇੜੇ ਹੋ ਚੰਪਾ ਬੋਲੀ, ‘‘ਤੁਮਹੇ ਭੀ ਨਯਾ ਸਾਲ ਮੁਬਾਰਕ ਹੋ।’’
ਸੰਪਰਕ: 98151-13038
* * *
ਬੇਈਮਾਨ
ਪ੍ਰਿੰ. ਸੰਤੋਖ ਕੁਮਾਰ
ਮੈਂ ਜਦ ਵੀ ਸ਼ਹਿਰੋਂ ਫਲ ਲੈ ਕੇ ਆਉਂਦਾ ਹਾਂ ਤਾਂ ਮੇਰੀ ਪਤਨੀ ਅਕਸਰ ਹੀ ਲਿਫ਼ਾਫ਼ਾ ਖੋਲ੍ਹ ਕੇ ਵੇਖਦੀ ਹੈ। ਉਹ ਹਮੇਸ਼ਾ ਕਹਿੰਦੀ ਹੈ ਕਿ ਤੁਸੀਂ ਬਿਨਾਂ ਵੇਖਿਆਂ ਅਗਲੇ ’ਤੇ ਯਕੀਨ ਕਰ ਲੈਂਦੇ ਹੋ। ਅਕਸਰ ਹੀ ਇੱਕ ਦੋ ਫਲ ਖ਼ਰਾਬ ਨਿਕਲਦੇ ਹਨ। ਆਪਣੀ ਆਦਤ ਅਨੁਸਾਰ ਮੈਂ ਰੇਹੜੀ ਵਾਲੇ ਤੋਂ ਅੰਬ ਅਤੇ ਦਰਜਨ ਕੇਲਿਆਂ ਦੀ ਲੈ ਕੇ ਤੁਰਿਆ ਤਾਂ ਇਕਦਮ ਖ਼ਿਆਲ ਆਇਆ ਕਿ ਲਿਫ਼ਾਫ਼ਾ ਖੋਲ੍ਹ ਕੇ ਵੇਖ ਲਵਾਂ। ਜਦ ਲਿਫ਼ਾਫ਼ਾ ਖੋਲ੍ਹ ਕੇ ਵੇਖਿਆ ਤਾਂ ਦੋ ਅੰਬ ਪਿਲਪਿਲੇ ਸਨ। ਮੈਂ ਗੁੱਸੇ ਵਿੱਚ ਮੋਟਰਸਾਈਕਲ ਮੋੜਿਆ ਅਤੇ ਰੇਹੜੀ ਵਾਲੇ ਕੋਲ ਜਾ ਖਲੋਤਾ। ਇੱਕ ਦੋ ਗਾਹਕ ਹੋਰ ਖੜ੍ਹੇ ਸਨ। ਮੈਂ ਲਿਫ਼ਾਫ਼ਾ ਰੇਹੜੀ ’ਤੇ ਰੱਖ ਗੁੱਸੇ ਭਰੀਆਂ ਨਜ਼ਰਾਂ ਨਾਲ ਉਸ ਨੂੰ ਵੇਖਣ ਲੱਗਾ। ਜਦੋਂ ਗਾਹਕ ਚਲੇ ਗਏ ਤਾਂ ਮੈਂ ਰੇਹੜੀ ਵਾਲੇ ਨੂੰ ਆਖਿਆ ਕਿ ਮੈਂ ਰੇਟ ਵੀ ਨਹੀਂ ਘਟਾਇਆ, ਪੈਸੇ ਵੀ ਪੂਰੇ ਦਿੱਤੇ ਪਰ ਤੂੰ ਅੰਬ ਪਿਲਪਿਲੇ ਕਿਉਂ ਪਾਏ? ਅੰਬ ਵੇਖਦੇ ਸਾਰ ਉਹ ਘਬਰਾ ਗਿਆ ਤੇ ਆਖਣ ਲੱਗਾ, ‘‘ਵੀਰ ਜੀ, ਮੁਆਫ਼ ਕਰ ਦਿਉ। ਗ਼ਲਤੀ ਨਾਲ ਪੈ ਗਏ ਹੋਣੇ।’’ ਉਸ ਨੇ ਸਾਰੇ ਅੰਬ ਵਾਪਸ ਰੱਖੇ ਅਤੇ ਘਬਰਾਹਟ ਵਿੱਚ ਡੇਢ ਕਿੱਲੋ ਦੀ ਥਾਂ ਦੋ ਕਿੱਲੋ ਦਾ ਵੱਟਾ ਪਾ ਕੇ ਅੰਬ ਤੋਲ ਦਿੱਤੇ। ਮੈਂ ਵੀ ਚੁੱਪ ਰਿਹਾ ਅਤੇ ਮੋਟਰਸਾਈਕਲ ਲੈ ਕੇ ਚੱਲ ਪਿਆ। ਥੋੜ੍ਹੀ ਦੂਰ ਆ ਕੇ ਮੈਂ ਵੱਧ ਅੰਬਾਂ ਬਾਰੇ ਸੋਚਣ ਲੱਗਾ। ਹੁਣ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਬੇਈਮਾਨ ਉਹ ਸੀ ਕਿ ਮੈਂ ਜਾਂ ਅਸੀਂ ਦੋਵੇਂ।
ਸੰਪਰਕ: 99147-97799
* * *
ਕੰਮ ਦੀ ਗੱਲ
ਬਰਜਿੰਦਰ ਕੌਰ ਬਿਸਰਾਓ
ਤੇਜੀ ਤੇ ਜੀਤਾ ਦੋਵੇਂ ਸਕੇ ਭਰਾ ਸਨ। ਦੋਵੇਂ ਭਰਾਵਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਤੇਜੀ ਪੜ੍ਹਿਆ ਲਿਖਿਆ ਸੀ ਤੇ ਉਹ ਦੂਜੇ ਸ਼ਹਿਰ ਸਰਕਾਰੀ ਨੌਕਰੀ ਕਰਦਾ ਸੀ। ਉਹ ਆਪਣੇ ਪਰਿਵਾਰ ਨਾਲ ਉੱਥੇ ਹੀ ਘਰ ਬਣਾ ਕੇ ਰਹਿਣ ਲੱਗ ਪਿਆ ਸੀ। ਉਸ ਦੀ ਪਤਨੀ ਪ੍ਰੀਤ ਵੀ ਪੜ੍ਹੀ ਲਿਖੀ ਕੁੜੀ ਸੀ। ਉਨ੍ਹਾਂ ਦੇ ਦੋ ਨਿੱਕੇ ਨਿੱਕੇ ਬੱਚੇ ਸਨ। ਪ੍ਰੀਤ ਨੂੰ ਇੱਕ ਗੱਲ ਦਾ ਬਹੁਤ ਸ਼ੌਕ ਸੀ ਕਿ ਉਹ ਬਚਪਨ ਤੋਂ ਰੇਡੀਓ ’ਤੇ ਜਿਹੜੇ ਪ੍ਰੋਗਰਾਮ ਸੁਣਦੀ ਵੱਡੀ ਹੋਈ ਸੀ ਹੁਣ ਉਹ ਟੈਲੀਵਿਜ਼ਨ ਦੇ ਜੁਗ ਵਿੱਚ ਵੀ ਤਿਉਂ ਦੇ ਤਿਉਂ ਹੀ ਸੁਣਦੀ ਰਹਿੰਦੀ। ਉਸ ਨੇ ਇੱਕ ਛੋਟਾ ਜਿਹਾ ਟਰਾਂਜਿਸਟਰ ਰੇਡੀਓ ਰਸੋਈ ਵਿੱਚ ਰੱਖਿਆ ਹੋਇਆ ਸੀ। ਸਾਰਾ ਦਿਨ ਕਦੇ ਫਰਮਾਇਸ਼ ਵਾਲੇ ਗੀਤ, ਭੈਣਾਂ ਦਾ ਪ੍ਰੋਗਰਾਮ, ਖ਼ਬਰਾਂ, ਖੇਤੀਬਾੜੀ ਦਾ ਪ੍ਰੋਗਰਾਮ ਆਦਿ ਅਨੇਕਾਂ ਪ੍ਰੋਗਰਾਮ ਰੇਡੀਓ ’ਤੇ ਚਲਦੇ ਉਸ ਦੇ ਕੰਨੀਂ ਪੈਂਦੇ ਰਹਿੰਦੇ ਤੇ ਉਹ ਆਪਣੇ ਕੰਮ ਕਰਦੀ ਸੁਣਦੀ ਰਹਿੰਦੀ। ਇਸ ਤਰ੍ਹਾਂ ਤੇਜੀ ਦਫ਼ਤਰ ਗਿਆ ਹੁੰਦਾ, ਬੱਚੇ ਸਕੂਲ ਨੂੰ ਗਏ ਹੁੰਦੇ ਤਾਂ ਉਸ ਦਾ ਰੇਡੀਓ ਸੁਣਦੇ ਸੁਣਦੇ ਘਰ ਦੇ ਕੰਮ ਕਰਦੀ ਦਾ ਦਿਨ ਸੋਹਣਾ ਲੰਘ ਜਾਂਦਾ।
ਓਧਰ ਪਿੰਡ ਜੀਤਾ ਤੇ ਉਸ ਦੀ ਪਤਨੀ ਜੀਵਨ ਦੋਵੇਂ ਭਰਾਵਾਂ ਦੀ ਸਾਂਝੀ ਜ਼ਮੀਨ ਦੀ ਖੇਤੀ ਕਰਦੇ ਸਨ। ਜੀਤਾ ਬਹੁਤ ਮਿਹਨਤੀ ਸੀ। ਇਸ ਵਾਰ ਵੀ ਉਸ ਨੇ ਸਾਰੇ ਸਿਆਲ਼ ਵਿੱਚ ਇੱਕ ਖੇਤ ਵਿੱਚ ਮਿਰਚਾਂ ਦੀ ਪਨੀਰੀ ਤਿਆਰ ਕੀਤੀ। ਪਨੀਰੀ ਤਿਆਰ ਕਰਨ ਲਈ ਉਸ ਨੂੰ ਬਹੁਤ ਸਖ਼ਤ ਮਿਹਨਤ ਕਰਨੀ ਪਈ ਸੀ। ਕਦੇ ਉਹ ਉਨ੍ਹਾਂ ’ਤੇ ਸੌ ਸੌ ਵਾਟ ਦੇ ਬਲਬਾਂ ਦਾ ਨਿੱਘ ਦਿੰਦਾ ਤੇ ਕਦੀ ਹੋਰ ਤਕਨੀਕਾਂ ਵਰਤਦਾ ਜਿਸ ਨਾਲ ਉਹ ਬਹੁਤ ਵਧੀਆ ਤਿਆਰ ਹੋ ਜਾਂਦੀ ਤੇ ਝਾੜ ਵੀ ਦੁੱਗਣਾ ਤਿੱਗਣਾ ਨਿਕਲਦਾ। ਇਸ ਵਾਰ ਵੀ ਉਸ ਨੇ ਪੂਰੀ ਮਿਹਨਤ ਨਾਲ ਪਨੀਰੀ ਤਿਆਰ ਕਰ ਲਈ ਸੀ। ਸਾਰੇ ਖੇਤ ਸੀਰੀ ਨੂੰ ਨਾਲ ਲਾ ਕੇ ਚੰਗੀ ਤਰ੍ਹਾਂ ਵਾਹ ਕੇ ਤਿਆਰ ਕਰ ਲਏ ਜਿਸ ਵਿੱਚ ਉਨ੍ਹਾਂ ਨੇ ਅਗਲੇ ਦਿਨ ਪਨੀਰੀ ਬੀਜਣੀ ਸੀ। ਸੀਰੀ ਸ਼ਾਮ ਨੂੰ ਹੀ ਸੱਤ ਅੱਠ ਦਿਹਾੜੀਏ ਲੈ ਆਇਆ ਸੀ, ਉਨ੍ਹਾਂ ਨੇ ਵੀ ਸਵੇਰੇ ਨਾਲ ਹੀ ਜਾਣਾ ਸੀ।
ਸਵੇਰੇ ਸਵੇਰੇ ਜੀਵਨ ਨੇ ਸਾਰਿਆਂ ਦੀ ਕਰਾਰੀ ਜਿਹੀ ਚਾਹ ਦੀ ਵੱਡੀ ਕੇਨੀ ਭਰ ਦਿੱਤੀ ਤੇ ਪੌਣੇ ਵਿੱਚ ਵੀਹ ਪੱਚੀ ਪਰੌਂਠੇ ਬੰਨ੍ਹ ਦਿੱਤੇ ਤੇ ਤੁਰਦਿਆਂ ਤੁਰਦਿਆਂ ਨੂੰ ਸਟੀਲ ਦੇ ਗਿਲਾਸਾਂ ਵਿੱਚ ਚਾਹ ਪਾ ਕੇ ਦੇ ਦਿੱਤੀ। ਚਾਹ ਪੀ ਕੇ ਦਿਹਾੜੀਏ, ਸੀਰੀ ਤੇ ਜੀਤਾ ਟਰੈਕਟਰ ਨਾਲ ਟਰਾਲੀ ਜੋੜ ਕੇ ਖ਼ੁਸ਼ੀ ਖ਼ੁਸ਼ੀ ਖੇਤਾਂ ਵਿੱਚ ਪਨੀਰੀ ਬੀਜਣ ਲਈ ਚਲੇ ਗਏ। ਜਦ ਉਹ ਖੇਤਾਂ ਵਿੱਚ ਪਹੁੰਚੇ ਤਾਂ ਜੀਤਾ ਮਿਰਚਾਂ ਦੀ ਪਨੀਰੀ ਵਾਲਾ ਖੇਤ ਵੇਖ ਕੇ ਹੱਕਾ ਬੱਕਾ ਰਹਿ ਗਿਆ। ਰਾਤੋ ਰਾਤ ਕੋਈ ਮਿਰਚਾਂ ਦੀ ਪਨੀਰੀ ਨੂੰ ਪੁੱਟ ਕੇ ਲੈ ਗਿਆ ਤੇ ਖੇਤ ਰੜਾ ਮੈਦਾਨ ਬਣਿਆ ਪਿਆ ਸੀ। ਜੀਤਾ ਉਨ੍ਹੀਂ ਪੈਰੀਂ ਵਾਪਸ ਘਰ ਆ ਗਿਆ, ਜੀਵਨ ਨੂੰ ਸਾਰੀ ਗੱਲ ਦੱਸੀ। ਉੱਪਰੋਂ ਉੱਪਰੋਂ ਉਹ ਜੀਤੇ ਨੂੰ ਦਿਲਾਸਾ ਦੇ ਰਹੀ ਸੀ, ਪਰ ਅੰਦਰੋਂ ਅੰਦਰ ਉਸ ਨੂੰ ਵੀ ਭਾਰੀ ਨੁਕਸਾਨ ਦੇ ਹੌਲ ਪੈ ਰਹੇ ਸਨ। ਜੀਤੇ ਕੋਲ ਪਿੰਡੋਂ ਹੀ ਕੋਈ ਨਾ ਕੋਈ ਅਫ਼ਸੋਸ ਕਰਨ ਆਵੇ ਤੇ ਉਸ ਨਾਲ ਹਮਦਰਦੀ ਜਤਾਉਂਦੇ ਹੋਏ ਕਿਸੇ ਨਾ ਕਿਸੇ ’ਤੇ ਸ਼ੱਕ ਜ਼ਾਹਿਰ ਕਰੇ, ਪਰ ਜੀਤਾ ਉਨ੍ਹਾਂ ਨੂੰ ਜਵਾਬ ਦਿੰਦਿਆਂ ਆਖਦਾ, ‘‘ਜਿੰਨਾ ਚਿਰ ਕਿਸੇ ਨੂੰ ਅੱਖੀਂ ਨਹੀਂ ਦੇਖਿਆ.... ਓਨਾ ਚਿਰ ਮੈਂ ਕਿਸੇ ਦਾ ਨਾਂ ਲੈ ਕੇ.... ਪਾਪਾਂ ਦਾ ਭਾਗੀ ਨਹੀਂ ਬਣਨਾ ਤੇ ਨਾ ਮੈਂ ਦੁਸ਼ਮਣੀ ਪਾਉਣੀ ਹੈ...!’’ ਜਵਾਬ ਸੁਣ ਕੇ ਸਾਹਮਣੇ ਵਾਲੇ ਵਿਅਕਤੀ ਚੁੱਪ ਕਰ ਜਾਂਦੇ।
ਤੇਜੀ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਵੀ ਪਰਿਵਾਰ ਸਮੇਤ ਜੀਤੇ ਦੇ ਹੋਏ ਨੁਕਸਾਨ ਦਾ ਅਫ਼ਸੋਸ ਕਰਨ ਚਲੇ ਗਿਆ। ਦੋਵੇਂ ਭਰਾ ਅਤੇ ਉਨ੍ਹਾਂ ਦੇ ਪਰਿਵਾਰ ਉਦਾਸ ਮਨ ਨਾਲ ਬੈਠੇ ਗੱਲਾਂ ਕਰ ਰਹੇ ਸਨ। ਜੀਤਾ ਆਖਣ ਲੱਗਿਆ, ‘‘...ਕਿੱਥੇ ਤਾਂ ਸੋਚਦੇ ਸੀ ...ਆਹ ਦੋ ਮਹੀਨਿਆਂ ਵਿੱਚ ਮਿਰਚਾਂ ਦਾ ਝਾੜ ਚੰਗਾ ਨਿਕਲ ਆਊ ਤੇ ਅਗਾਂਹ ਝੋਨਾ ਬੀਜਣ ਵੇਲੇ ਤੱਕ ਖ਼ਰਚੇ ਪਾਣੀ ਦੀ ਥੋੜ੍ਹ ਨੀ ਰਹਿੰਦੀ...।’’ ਇਹ ਕਹਿ ਕੇ ਜੀਤਾ ਚੁੱਪ ਕਰ ਗਿਆ। ‘‘ਹਾਂ... ਨੁਕਸਾਨ ਦਾ ਨੁਕਸਾਨ ਤੇ ਜਿਹੜੇ ਆਹ ਦੋ ਮਹੀਨੇ ਬਰਬਾਦ ਹੋਣਗੇ ਉਹ ਵੱਖਰੇ...!’’ ਤੇਜੀ ਨੇ ਜੀਤੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ। ਕੋਲ ਬੈਠੀ ਪ੍ਰੀਤ ਵੀ ਸਾਰਾ ਕੁਝ ਸੁਣ ਰਹੀ ਸੀ। ਉਸ ਨੇ ਇਕਦਮ ਸਾਰਿਆਂ ਦੀ ਗੱਲ ਟੋਕਦਿਆਂ ਕਿਹਾ, ‘‘ਜੀਤੇ, ਤੇਰੇ ਕੋਲ ਢਾਈ ਮਹੀਨੇ ਪਏ ਨੇ... ਤੇਰੇ ਖੇਤ ਵੀ ਵਾਹੇ ਪਏ ਨੇ, ਜੇ ਤੂੰ ਸੱਠੀ ਮੂੰਗੀ ਬੀਜ ਦੇਵੇਂ ਤਾਂ...?’’
ਜੀਤਾ ਉਸ ਦੀ ਗੱਲ ਸੁਣ ਕੇ ਖ਼ੁਸ਼ ਹੋ ਗਿਆ ਤੇ ਆਖਣ ਲੱਗਿਆ, ‘‘ਲੈ ਭਾਬੀ... ਆਹ ਗੱਲ ਤਾਂ ਨਾ ਸਾਡੇ ਪੇਂਡੂਆਂ ਦੇ... ਕਿਸੇ ਦੇ ਦਿਮਾਗ਼ ’ਚ ਨਹੀਂ ਆਈ ਤੇ ਨਾ ਹੀ ਕਿਸੇ ਨੇ ਸਲਾਹ ਦਿੱਤੀ... ਤੈਨੂੰ ਸ਼ਹਿਰਨ ਨੂੰ ਕਿੱਥੋਂ ਪਤਾ ਲੱਗ ਗਿਆ ਸੱਠੀ ਮੂੰਗੀ ਬਾਰੇ...?’’ ਜੀਵਨ ਆਪਣੇ ਪਤੀ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੋਈ ਆਖਣ ਲੱਗੀ, ‘‘...ਭੈਣ ਜੀ ... ਐਨੀ ਗੱਲ ਤਾਂ ਮੇਰੇ ਦਿਮਾਗ਼ ਵਿੱਚ ਨ੍ਹੀਂ ਆਈ... ਹਫ਼ਤਾ ਹੋ ਗਿਆ ਘਰ ਵਿੱਚ ਸੋਗ ਪਏ ਨੂੰ... ਤੈਨੂੰ ਖੇਤੀ ਬਾਰੇ ਕਿਵੇਂ ਪਤਾ...?’’ ਸਾਰੇ ਹੱਸ ਪਏ।
‘‘ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਈ ਐ... ਮੈਨੂੰ ਰੇਡੀਓ ਸੁਣਨ ਦਾ ਸ਼ੌਕ ਹੈ... ਅੱਜ ਹੀ ਖੇਤੀਬਾੜੀ ਦੇ ਪ੍ਰੋਗਰਾਮ ਵਿੱਚ ਕਿਸਾਨ ਭਰਾਵਾਂ ਨੂੰ ਸਲਾਹ ਦਿੱਤੀ ਸੀ... ਉਨ੍ਹਾਂ ਦੀ ਸਲਾਹ ਸਮੇਂ ਸਿਰ ਆਪਣੇ ਕੰਮ ਵੀ ਆ ਗਈ...।’’ ਪ੍ਰੀਤ ਨੇ ਮੁਸਕਰਾਉਂਦਿਆਂ ਕਿਹਾ।
ਇਸ ਗੱਲ ਨੂੰ ਲਗਭਗ ਢਾਈ ਮਹੀਨੇ ਹੋ ਗਏ ਸਨ। ਹੁਣ ਤੇਜੀ ਆਪਣੇ ਪਰਿਵਾਰ ਸਮੇਤ ਫਿਰ ਪਿੰਡ ਮਿਲਣ ਆਇਆ। ਉਨ੍ਹਾਂ ਦੇਖਿਆ ਕਿ ਵੱਡੇ ਸਾਰੇ ਵਿਹੜੇ ਵਿੱਚ ਮੂੰਗੀ ਦੀ ਵੱਡੀ ਸਾਰੀ ਢੇਰੀ ਲੱਗੀ ਹੋਈ ਸੀ ਤੇ ਕੱਚਾ ਕੋਠਾ ਬਾਲਣ ਲਈ ਛਿਟੀਆਂ ਨਾਲ ਭਰਿਆ ਪਿਆ ਸੀ। ਜੀਤੇ ਨੂੰ ਮਿਲਦੇ ਸਾਰ ਹੀ ਤੇਜੀ ਆਖਣ ਲੱਗਿਆ, ‘‘...ਛੋਟੇ ਬਾਈ, ਆਹ ਤਾਂ ਰੰਗ ਈ ਲੱਗੇ ਪਏ ਨੇ...!’’
‘‘...ਵੀਰੇ ਇਹ ਸਭ ਵੱਡੀ ਭਾਬੀ ਦਾ ਪ੍ਰਤਾਪ ਆ... ਹਜੇ ਤਾਂ ਏਦੂੰ ਦੁੱਗਣੀ ਬਾਹਰਵਾਰ ਖੇਤਾਂ ਵਿੱਚੋਂ ਹੀ ਮੰਡੀ ਵਿੱਚ ਵੇਚ ਆਏ। ਇਹਨੇ ਤਾਂ ਸਾਨੂੰ ਮਿਰਚਾਂ ਨਾਲੋਂ ਵੀ ਦੁੱਗਣਾ ਨਫ਼ਾ ਦੇ ਦਿੱਤਾ...। ਆਹ ਤਾਂ ਮੈਂ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਨੂੰ ਦੇਣ ਲਈ ਰੱਖ ਲਈ। ਤੁਹਾਨੂੰ ਵੀ ਇੱਕ ਬੋਰੀ ਭਰ ਕੇ ਗੱਡੀ ਵਿੱਚ ਰੱਖ ਦੇਣੀ ਆ...।’’ ਜੀਤੇ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ।
‘‘...ਸਾਡੇ ਤਾਂ ਕਿੱਲੋ ਹੀ ਨੀ ਮੁੱਕਦੀ ...ਲੈ ਦੱਸ ਅਸੀਂ ਬੋਰੀ ਕੀ ਕਰਨੀ ਆ...!’’ ਪ੍ਰੀਤ ਨੇ ਹੱਸਦੇ ਹੋਏ ਕਿਹਾ।
‘‘ਭਾਬੀ... ਇਹ ਸਭ ਜਿਹੜੇ ਰੰਗ ਭਾਗ ਲੱਗੇ ਪਏ ਨੇ... ਸਭ ਤੇਰਾ ਪ੍ਰਤਾਪ ਈ ਆ...।’’ ਜੀਤੇ ਨੇ ਖ਼ੁਸ਼ੀ ਨਾਲ ਪ੍ਰੀਤ ਨੂੰ ਕਿਹਾ।
‘‘ਮੈਂ ਤਾਂ ਕੰਮ ਦੀ ਗੱਲ ਰੇਡੀਓ ਤੋਂ ਸੁਣੀ ਸੀ... ਉਹੀ ਆਪਣੇ ਕੰਮ ਆ ਗਈ...।’’ ਪ੍ਰੀਤ ਆਖਣ ਲੱਗੀ।
‘‘ਭੈਣ ਜੀ... ਔਹ ਦੇਖੋ (ਰਸੋਈ ਵਿੱਚ ਟੰਗੇ ਰੇਡੀਓ ਵੱਲ ਇਸ਼ਾਰਾ ਕਰਕੇ) .... ਹੁਣ ਮੈਂ ਵੀ ਘਰ ਦੇ ਕੰਮਾਂ ਦੇ ਨਾਲ ਨਾਲ ਕੋਈ ਨਾ ਕੋਈ ਕੰਮ ਦੀ ਗੱਲ ਸੁਣਦੀ ਰਹਿੰਦੀ ਆਂ।’’ ਜੀਵਨ ਆਖਣ ਲੱਗੀ।
ਸਾਰੇ ਹੱਸ ਪਏ ਤੇ ਜੀਤਾ ਆਖਣ ਲੱਗਿਆ, ‘‘... ਹੁਣ ਸੱਠੀ ਮੂੰਗੀ ਦੇ ਚਾਅ ਵਿੱਚ ਵੀਰ ਭਾਬੀ ਨੂੰ ਵਿਹੜੇ ਵਿੱਚ ਈ ਖੜ੍ਹਾਈ ਰੱਖਣਾ ਜਾਂ ਅੰਦਰ ਲਿਜਾ ਕੇ ਚਾਹ ਪਾਣੀ ਵੀ ਛਕਾਉਣਾ...?’’ ਸਾਰੇ ਖ਼ੁਸ਼ੀ ਖ਼ੁਸ਼ੀ ਗੱਲਾਂ ਕਰਦੇ ਹੋਏ ਬੈਠਕ ਵੱਲ ਨੂੰ ਚਲੇ ਗਏ।
ਸੰਪਰਕ: 99889-01324
* * *
ਜਲਦੀ ਸੌਂ ਜਾਣਾ
ਜਗਜੀਤ ਸਿੰਘ ਦਿਲਾ ਰਾਮ
ਘਰ ਇਕੱਲਾ ਸੀ। ਉਸ ਦਾ ਫੋਨ ਆਇਆ ਕਹਿੰਦਾ, ‘‘ਆਪਾਂ ਦੋਵੇਂ ਪੈ ਜਾਵਾਂਗੇ। ਬੰਦੇ ਨੂੰ ਬੰਦੇ ਦਾ ਸਹਾਰਾ ਹੁੰਦੈ।’’ ਮੈਂ ਸੋਚਣ ਲੱਗਾ, ‘ਚੱਲ ਵਧੀਆ, ਆਹ ਫੋਨ ਕਿਹੜਾ ਐਨਾ ਵੇਖ ਹੁੰਦਾ ਏ...। ਨਾ ਇਸ ਕੋਲ ਹਮਦਰਦੀ ਏ, ਨਾ ਪਿਆਰ, ਨਾ ਗੱਲਾਂ ਤੇ ਨਾ ਹੀ ਸਕੂਨ। ਜੋ ਕੁਝ ਦੂਜੇ ਇਸ ’ਚ ਭੇਜੀ ਜਾਂਦੇ ਹਨ ਉਹੀ ਸਭ ਹੈ...। ਚਲੋ ਸ਼ੁਕਰ ਹੈ ਉਹ ਆ ਰਿਹਾ ਹੈ... ਗੱਲਾਂ ਬਾਤਾਂ ਕਰਾਂਗੇ ਤਾਂ ਚਿਤ ਵਧੀਆ ਰਹੇਗਾ।’ ਮੈਂ ਫੋਨ ਪਾਸੇ ਰੱਖਿਆ। ਸਫ਼ਾਈ ਕੀਤੀ। ਉਸ ਖ਼ਾਤਰ ਮੰਜਾ ਡਾਹਿਆ। ਬਿਸਤਰਾ ਵਿਛਾਇਆ ਤੇ ਉਡੀਕ ਕਰਨ ਲੱਗਾ। ਬੂਹਾ ਖੜਕਿਆ। ਉਹ ਆਇਆ। ਮੰਜੇ ’ਤੇ ਬੈਠਾ। ਸਰਸਰੀ ਜਿਹੀ ਗੱਲ ਕੀਤੀ। ਹਾਲ ਚਾਲ ਪੁੱਛਿਆ ਤੇ ਆਪਣਾ ਫੋਨ ਕੱਢ ਕੇ ਵੇਖਣ ਲੱਗਾ, ਪੰਜ... ਦਸ... ਪੰਦਰਾਂ... ਤੀਹ ਮਿੰਟ... ਬਿਨਾਂ ਕੋਈ ਗੱਲ ਕੀਤੇ ਉਹ ਫੋਨ ਵੇਖਦਾ ਰਿਹਾ। ਮੈਂ ਉਸ ਦੇ ਬੋਲਣ ਦੀ ਉਡੀਕ ਵਿੱਚ ਬੈਠਾ ਰਿਹਾ। ਫਿਰ ਅਖੀਰ ਮੈਂ ਕਿਹਾ, ‘‘ਚਲੋ ਠੀਕ ਹੈ ਮੈਨੂੰ ਨੀਂਦ ਆ ਰਹੀ ਹੈ। ਤੁਸੀਂ ਵੀ ਜਲਦੀ ਫੋਨ ਬੰਦ ਕਰਕੇ ਸੌਂ ਜਾਣਾ।’’
ਸੰਪਰਕ: 99147-01060