ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੰਨੀ ਕਹਾਣੀਆਂ

02:32 PM Feb 05, 2023 IST

ਸੱਟ

Advertisement

ਬੱਸ ਮੁਸਾਫ਼ਿਰਾਂ ਨਾਲ ਭਰੀ ਭੱਜੀ ਜਾ ਰਹੀ ਸੀ। ਕਿਸੇ ਵੀ ਸਟਾਪੇਜ ‘ਤੇ ਉਤਰਨ ਵਾਲਿਆਂ ਦੀ ਥਾਂ ਚੜ੍ਹਨ ਵਾਲਿਆਂ ਦੀ ਗਿਣਤੀ ਵੱਧ ਸੀ। ਇਕ ਸਟਾਪੇਜ ‘ਤੇ ਇਕ ਤੀਵੀਂ ਬੱਸ ਵਿਚ ਚੜ੍ਹੀ। ਉਸ ਦੇ ਮੋਢੇ ‘ਤੇ ਬੈਗ ਲਟਕ ਰਿਹਾ ਸੀ। ਕਿਸੇ ਦਫ਼ਤਰ ਵਿਚ ਕੰਮ ਕਰਦੀ ਹੋਣੀ ਏ। ਉਹ ਬੰਦਿਆਂ ਵਿਚ ਫਸੀ ਖੜ੍ਹੀ ਸੀ। ਬੱਸ ਰੁਕਣ ਜਾਂ ਚੱਲਣ ਵੇਲੇ ਧੱਕਾ ਜਿਹਾ ਪੈਂਦਾ ਤਾਂ ਬੰਦੇ ਮੱਲੋ-ਮੱਲੀ ਉਸ ‘ਤੇ ਡਿੱਗੀ ਜਾਂਦੇ। ਮੈਂ ਆਪਣੀ ਸੀਟ ਤੋਂ ਖੜ੍ਹਾ ਹੋ ਗਿਆ ਤੇ ਉਸ ਨੂੰ ਬੈਠਣ ਲਈ ਕਿਹਾ। ਉਹ ਧੰਨਵਾਦ ਕਹਿ ਕੇ ਬੈਠ ਗਈ। ਕੁਝ ਬੰਦੇ ਮੇਰੇ ਵੱਲ ਕੌੜੀਆਂ ਅੱਖਾਂ ਨਾਲ ਦੇਖਣ ਲੱਗ ਪਏ ਜਿਵੇਂ ਮੈਂ ਅਣਜਾਣਪੁਣੇ ਵਿਚ ਉਨ੍ਹਾਂ ਦੇ ਕਿਸੇ ਇਰਾਦੇ ਨੂੰ ਸੱਟ ਮਾਰੀ ਹੋਵੇ।

– ਨਾਸਿਰ ਰਮਜ਼ਾਨ

Advertisement

* * *

ਤਾਕਤਵਰ ਮਨੁੱਖ

ਜੱਗਾ ਖੇਤੋਂ ਫ਼ਸਲ ਨੂੰ ਪਾਣੀ ਲਾ ਕੇ ਰਾਤ ਨੂੰ ਹਨੇਰੇ ਹੋਏ ਘਰ ਆਇਆ ਤਾਂ ਸੱਤਰਾਂ ਪਝੰਤਰਾਂ ਨੂੰ ਢੁੱਕੇ ਉਸ ਦੇ ਬਾਪੂ ਬਚਨ ਸਿਹੁੰ ਨੇ ਕਿਹਾ, ”ਪੁੱਤ ਜੱਗਿਆ! ਪਤਾ ਨਹੀਂ ਕਿਉਂ ਅੱਜ ਮੇਰੀਆਂ ਲੱਤਾਂ ਬਹੁਤ ਦੁਖ ਰਹੀਆਂ ਨੇ। ਮੈਂ ਹਰਮਨ ਨੂੰ ਭੇਜ ਕੇ ਡਾਕਟਰ ਤੋਂ ਗੋਲ਼ੀ ਵੀ ਮੰਗਵਾ ਕੇ ਖਾਧੀ ਸੀ ਪਰ ਭੋਰਾ ਫ਼ਰਕ ਨੀ ਪਿਆ।” ਹਰਮਨ, ਬਚਨ ਸਿਹੁੰ ਦੇ ਪੋਤਰੇ ਦਾ ਨਾਮ ਸੀ। ਜੱਗੇ ਨੇ ਮੋਟਰ ਸਾਈਕਲ ਸਟੈਂਡ ‘ਤੇ ਲਾ ਕੇ ਘਰ ਦਾ ਗੇਟ ਬੰਦ ਕੀਤਾ ਅਤੇ ਜੁੱਤੀ ਲਾਹ ਕੇ ਪੈਰੀਂ ਚੱਪਲ ਪਾ ਸਿੱਧਾ ਹੀ ਬਚਨ ਸਿਹੁੰ ਦੇ ਮੰਜੇ ਵੱਲ ਨੂੰ ਆਉਂਦਾ ਹੋਇਆ ਬੋਲਿਆ, ”ਬਾਪੂ ਜੀ, ਲਿਆਓ ਮੈਂ ਲੱਤਾਂ ਦੀ ਮਾਲਿਸ਼ ਕਰ ਦਿੰਦਾ ਹਾਂ। ਹੁਣੇ ਆਰਾਮ ਆ ਜਾਵੇਗਾ।” ਨਾਲ ਹੀ ਉਸ ਨੇ ਆਪਣੇ ਬੇਟੇ ਹਰਮਨ ਨੂੰ ਆਵਾਜ਼ ਮਾਰੀ, ”ਹਰਮਨ ਪੁੱਤ! ਤੱਤਾ ਪਾਣੀ ਲੈ ਕੇ ਆ। ਆਪਾਂ ਬਾਪੂ ਜੀ ਦੀਆਂ ਲੱਤਾਂ ਅਤੇ ਪੈਰ ਧੋ ਕੇ ਮਾਲਿਸ਼ ਕਰੀਏ।” ਇੰਨਾ ਸੁਣਦੇ ਹੀ ਜੱਗੇ ਦੀ ਪਤਨੀ ਸ਼ਿੰਦਰ ਨੇ ਚੁੱਲ੍ਹੇ ‘ਤੇ ਧਰੇ ਗਰਮ ਪਾਣੀ ਦੇ ਪਤੀਲੇ ‘ਚੋਂ ਬਾਲਟੀ ਵਿੱਚ ਗਰਮ ਪਾਣੀ ਪਾਇਆ ਅਤੇ ਜੱਗੇ ਕੋਲ ਲਿਆਉਂਦੀ ਹੋਈ ਬੋਲੀ, ”ਹਰਮਨ ਤਾਂ ਜੀ ਸਕੂਲ ਦਾ ਕੰਮ ਕਰ ਰਿਹੈ। ਲਿਆਓ ਮੈਂ ਬਾਪੂ ਜੀ ਦੇ ਪੈਰ ਧੋ ਦਿਆਂ।” ਜੱਗੇ ਨੇ ਕਿਹਾ, ”ਨਹੀਂ ਨਹੀਂ ਸ਼ਿੰਦਰੇ, ਤੇਰੇ ਹੋਰ ਕੰਮ ਬਥੇਰੇ ਪਏ ਐ ਤੂੰ ਉਹ ਨਿਬੇੜ ਲੈ। ਮੈਂ ਬਾਪੂ ਜੀ ਦੇ ਪੈਰ ਧੋ ਕੇ ਮਾਲਿਸ਼ ਕਰ ਦਿੰਦਾ ਹਾਂ। ਫੇਰ ਰੋਟੀ ਖਾਵਾਂਗੇ।” ਜੱਗੇ ਨੇ ਬਾਪੂ ਨੂੰ ਮੰਜੇ ‘ਤੇ ਬਿਠਾ ਕੇ ਹੇਠਾਂ ਬੱਠਲ ਵਿੱਚ ਪੈਰ ਰਖਵਾ ਕੇ ਚੰਗੀ ਤਰ੍ਹਾਂ ਧੋਤੇ ਅਤੇ ਪਰਨੇ ਨਾਲ ਪੈਰ ਤੇ ਲੱਤਾਂ ਸਾਫ਼ ਕਰਦਿਆਂ ਬੋਲਿਆ, ”ਬਾਪੂ ਜੀ, ਹੁਣ ਤੁਸੀਂ ਲੇਟ ਜਾਓ। ਮੈਂ ਤੁਹਾਡੀਆਂ ਲੱਤਾਂ ‘ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰ ਦਿੰਦਾ ਹਾਂ।” ਉਸ ਦੀ ਗੱਲ ਸੁਣ ਕੇ ਬਚਨ ਸਿਹੁੰ ਨੂੰ ਲੱਗਿਆ ਜਿਵੇਂ ਉਸ ਦੀਆਂ ਲੱਤਾਂ ਦੁਖਣੋਂ ਬਿਲਕੁਲ ਹਟ ਗਈਆਂ ਹੋਣ ਅਤੇ ਸਰੀਰ ਫੁੱਲ ਵਰਗਾ ਹੌਲ਼ਾ ਹੋ ਗਿਆ ਹੋਵੇ। ਉਹ ਬਹੁਤ ਹੀ ਪਿਆਰ ਨਾਲ ਜੱਗੇ ਦੇ ਸਿਰ ‘ਤੇ ਹੱਥ ਰੱਖਦਾ ਹੋਇਆ ਬੋਲਿਆ, ”ਪੁੱਤ ਜੱਗਿਆ, ਦੁਨੀਆਂ ਦਾ ਸਭ ਤੋਂ ਖੁਸ਼ਹਾਲ ਅਤੇ ਤਾਕਤਵਰ ਬੰਦਾ ਕੌਣ ਹੋਵੇਗਾ?” ਜੱਗਾ ਝੱਟ ਦੇਣੇ ਬੋਲਿਆ, ”ਬਾਪੂ ਜੀ, ਮੈਂ।” ਬਚਨ ਸਿਹੁੰ ਨੇ ਜੱਗੇ ਦੇ ਸਿਰ ਤੋਂ ਹੱਥ ਚੁੱਕਿਆ ਅਤੇ ਆਪਣੇ ਸਿਰ ‘ਤੇ ਬੰਨ੍ਹੇ ਡੱਬੀਆਂ ਵਾਲੇ ਸਾਫੇ ਨੂੰ ਠੀਕ ਕਰਦਾ ਬੋਲਿਆ, ”ਤੇ ਪੁੱਤ ਜੱਗਿਆ! ਦੁਨੀਆਂ ਦਾ ਸਭ ਤੋਂ ਕਮਜ਼ੋਰ ਬੰਦਾ ਕੌਣ ਹੋਵੇਗਾ?” ਫਿਰ ਜੱਗਾ ਝੱਟ ਦੇਣੇ ਬੋਲਿਆ, ”ਬਾਪੂ ਜੀ, ਮੈਂ।”

ਬਚਨ ਸਿਹੁੰ ਨੇ ਜੱਗੇ ਨੂੰ ਸਨੇਹ ਭਰੀਆਂ ਅੱਖਾਂ ਨਾਲ ਤੱਕਦਿਆਂ ਕਿਹਾ, ”ਪੁੱਤ ਜੱਗਿਆ, ਦੁਨੀਆਂ ਦਾ ਸਭ ਤੋਂ ਖੁਸ਼ਹਾਲ ਤੇ ਤਾਕਤਵਰ ਬੰਦਾ ਵੀ ਤੂੰ ਅਤੇ ਦੁਨੀਆਂ ਦਾ ਸਭ ਤੋਂ ਕਮਜ਼ੋਰ ਬੰਦਾ ਵੀ ਤੂੰ। ਇਹ ਕਿਵੇਂ ਹੋ ਸਕਦੈ?” ਜੱਗੇ ਨੇ ਆਪਣੇ ਬਾਪੂ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਭਾਵੁਕ ਹੁੰਦਿਆਂ ਕਿਹਾ, ”ਜੇ ਮੇਰੇ ਬਾਪੂ ਦਾ ਇਹ ਪਿਆਰ ਅਤੇੇ ਅਸੀਸਾਂ ਭਰਿਆ ਹੱਥ ਮੇਰੇ ਸਿਰ ਉਪਰ ਹੈ ਤਾਂ ਮੈਂ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਤੇ ਤਾਕਤਵਰ ਮਨੁੱਖ ਹਾਂ। ਜੇ ਮੇਰਾ ਬਾਪੂ ਮੇਰੇ ਸਿਰ ਤੋਂ ਆਪਣਾ ਹੱਥ ਚੱਕ ਲੈਂਦਾ ਹੈ ਤਾਂ ਮੈਂ ਦੁਨੀਆਂ ਦਾ ਸਭ ਤੋਂ ਕਮਜ਼ੋਰ ਮਨੁੱਖ ਹੋਵਾਂਗਾ।” ਇਹ ਗੱਲ ਸੁਣ ਕੇ ਬਚਨ ਸਿਹੁੰ ਦੀਆਂ ਅੱਖਾਂ ਵਿੱਚੋਂ ਪਿਆਰ ਦੇ ਹੰਝੂ ਡੁੱਲ੍ਹਣ ਲੱਗੇ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਦੇ ਸਭ ਦੁੱਖ ਦਰਦ ਦੂਰ ਹੋ ਗਏ ਹੋਣ ਅਤੇ ਉਹ ਹੀ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਤੇ ਤਾਕਤਵਰ ਮਨੁੱਖ ਹੈ।

– ਅਮਰਜੀਤ ਸਿੰਘ ਫ਼ੌਜੀ

ਸੰਪਰਕ: 95011-27033

Advertisement