ਮਿਸਾਲੀ ਸੇਵਾਵਾਂ ਬਦਲੇ 133 ਪੁਲੀਸ ਮੁਲਾਜ਼ਮਾਂ ਦਾ ਸਨਮਾਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜਨਵਰੀ
ਇੱਥੇ ਜ਼ਿਲ੍ਹਾ ਪੁਲੀਸ ਲਾਈਨ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਐੱਸਐੱਸਪੀ ਅਜੇ ਗਾਂਧੀ ਦੀ ਅਗਵਾਈ ਹੇਠ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਅੱਗ ਵਿੱਚ ਤਿਲ ਪਾਏ। ਇਸ ਮੌਕੇ ਮਿਸਾਲੀ ਸੇਵਾਵਾਂ ਬਦਲੇ 133 ਪੁਲੀਸ ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐੱਸਪੀ ਡਾ. ਬਾਲ ਕ੍ਰਿਸਨ ਸਿੰਗਲਾ, ਐੱਸਪੀ ਗੁਰਸਰਨਜੀਤ ਸਿੰਘ ਸੰਧੂ, ਐੱਸਪੀ ਸੰਦੀਪ ਵਡੇਰਾ, ਡੀਐੱਸਪੀ ਜੋਰਾ ਸਿੰਘ, ਓਲੰਪਿਅਨ ਡੀਐੱਸਪੀ ਰਮਨਦੀਪ ਸਿੰਘ ਧਰਮਕੋਟ, ਡੀਐੱਸਪੀ ਸਿਟੀ ਰਵਿੰਦਰ ਸਿੰਘ ਤੇ ਹੋਰ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਵੀ ਮੌਜੂਦ ਸਨ। ਐੱਸਐੱਸਪੀ ਅਜੇ ਗਾਂਧੀ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਸਰਬਸਾਂਝੀਵਾਲਤਾ ਦਾ ਪ੍ਰਣ ਲੈਣਾ ਚਾਹੀਦਾ ਹੈ। ਕੁੱਝ ਸਾਲ ਪਹਿਲਾਂ ਤੱਕ ਤਾਂ ਲੋਕ ਸਿਰਫ ਮੁੰਡਿਆਂ ਦੇ ਜਨਮ ਹੋਣ ਅਤੇ ਵਿਆਹਾਂ ਦੀ ਖੁਸ਼ੀ ’ਚ ਹੀ ਲੋਹੜੀ ਦੇ ਜਸ਼ਨ ਮਨਾਉਂਦੇ ਸਨ ਪਰ ਹੁਣ ਤਸੱਲੀ ਵਾਲੀ ਗੱਲ ਇਹ ਹੈ ਕਿ ਲੋਕ ਲੜਕੀਆਂ ਦੇ ਜਨਮ ਹੋਣ ਅਤੇ ਲਡਕੀਆਂ ਦੇ ਵਿਆਹਾਂ ਦੀ ਖੁਸ਼ੀ ’ਚ ਵੀ ਲੋਹੜੀ ਮਨਾਉਣ ਲੱਗ ਪਏ ਹਨ। ਇਸ ਮੌਕੇ ਮਿਸਾਲੀ ਸੇਵਾਂਵਾਂ ਬਦਲੇ 10 ਪੁਲੀਸ ਮੁਲਾਜ਼ਮਾਂ ਨੂੰ ਡੀਜੀਪੀ ‘ਕੰਮੇਡੇਸ਼ਨ ਡਿਸਕ’, 37 ਨੂੰ ਪਹਿਲਾ ਦਰਜਾ, 10 ਨੂੰ ਦੂਜਾ ਅਤੇ 76 ਮੁਲਾਜ਼ਮਾਂ ਨੁੰ ਤੀਜਾ ਦਰਜਾ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ।