ਮਿਡਲ ਸਕੂਲ ਬੰਦ ਕਰਨ ਦੀ ਤਜਵੀਜ਼ ਵਿਰੁੱਧ ਮੁਜ਼ਾਹਰੇ
ਜੋਗਿੰਦਰ ਸਿੰਘ ਮਾਨ
ਮਾਨਸਾ, 24 ਦਸੰਬਰ
ਸਾਂਝਾ ਅਧਿਆਪਕ ਮੋਰਚਾ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਮਾਨਸਾ ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਅੜੀਅਲ ਵਤੀਰੇ, ਮਿਡਲ ਸਕੂਲ ਬੰਦ ਕਰਨ ਦੀ ਤਜਵੀਜ਼ ਤੇ ਅਧਿਆਪਕਾਂ ਦੀਆਂ ਮੰਗਾਂ ਨਾ ਮੰਨਣ ’ਤੇ ਇਥੇ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਨਰਿੰਦਰ ਸਿੰਘ ਮਾਖਾ, ਦਰਸ਼ਨ ਸਿੰਘ ਅਲੀਸ਼ੇਰ ਅਤੇ ਡੀਟੀਐੱਫ ਮਾਨਸਾ ਦੇ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਕਿਹਾ ਬੀਤੇ ਦਿਨੀਂ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿੱਚ ਅੜੀਅਲ ਵਤੀਰੇ ਕਾਰਨ ਮੀਟਿੰਗ ਬੇਸਿੱਟਾ ਰਹੀ। ਉਨ੍ਹਾਂ ਦੱਸਿਆ ਕਿ ਉਪਰੰਤ ਮਿਡਲ ਅਤੇ ਘੱਟ ਗਿਣਤੀ ਬੱਚਿਆਂ ਵਾਲੇ ਸਕੂਲ ਬੰਦ ਕਰਨ ਲਈ ਬਜ਼ਿੱਦ ਸਿੱਖਿਆ ਮੰਤਰੀ ਵੱਲੋਂ ਨਿਯੁਕਤੀਆਂ ਤੇ ਤਰੱਕੀਆਂ ਵਿੱਚ ਸਾਰੇ ਸਕੂਲਾਂ ਦੀਆਂ ਖਾਲੀ ਪੋਸਟਾਂ ਦਿਖਾਉਣ ਤੋਂ ਇਨਕਾਰ ਕਰਨ ’ਤੇ ਅਧਿਆਪਕ ਆਗੂਆਂ ਵਲੋਂ ਸਖ਼ਤ ਵਿਰੋਧ ਕਰਦਿਆਂ ਪ੍ਰਾਇਮਰੀ ਸਕੂਲਾਂ ਵਿੱਚ ਜਮਾਤ ਵਾਰ ਅਤੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕਾਂ ਦੀ ਮੰਗ ਕੀਤੀ, ਜਿਸ ਉਪਰੰਤ ਸਿੱਖਿਆ ਮੰਤਰੀ ਵੱਲੋਂ ਕੋਈ ਤਸੱਲੀਬਖ਼ਸ਼ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ।
ਬਰਨਾਲਾ (ਰਵਿੰਦਰ ਰਵੀ): ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਸਿੱਖਿਆ ਮੰਤਰੀ ਦੇ ਅੜੀਅਲ ਵਤੀਰੇ ਤੇ ਅਧਿਆਪਕਾਂ ਦੀਆਂ ਮੰਗਾ ਨਾ ਮੰਨਣ ਕਾਰਨ ਬਰਨਾਲਾ ਜ਼ਿਲ੍ਹੇ ਦੇ ਅਧਿਆਪਕਾਂ ਨੇ ਅੱਜ ਚਿੰਟੂ ਪਾਰਕ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਸਿੱਖਿਆ ਮੰਤਰੀ ਦੀ ਅਰਥੀ ਫੂਕੀ। ਸਾਂਝਾ ਅਧਿਆਪਕ ਮੋਰਚਾ ਦੇ ਜ਼ਿਲ੍ਹਾ ਬਰਨਾਲਾ ਦੇ ਕਨਵੀਨਰ ਨਰਿੰਦਰ ਕੁਮਾਰ, ਪਰਮਿੰਦਰ ਸਿੰਘ, ਤੇਜਿੰਦਰ ਸਿੰਘ ਤੇਜੀ, ਜਸਵੀਰ ਬੀਹਲਾ ਨੇ ਕਿਹਾ ਬੀਤੇ ਦਿਨੀਂ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿੱਚ ਅੜੀਅਲ ਵਤੀਰੇ ਕਾਰਨ ਮੀਟਿੰਗ ਬੇਸਿੱਟਾ ਰਹੀ।
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਸਾਂਝਾ ਅਧਿਆਪਕ ਮੋਰਚਾ ਅਤੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਵਰਕਰਾਂ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਧਰਨਾ ਲਾਉਣ ਮਗਰੋਂ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਡੀਟੀਐਫ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਖੇਮੂਆਣਾ ਅਨੁਸਾਰ ਦੋਨੋਂ ਕਾਡਰਾਂ ਦੀਆਂ ਜਥੇਬੰਦੀਆਂ ਦੀ ਮੀਟਿੰਗ ਪਿਛਲੇ ਦਿਨੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਵਿੱਚ ਹੋਈ ਸੀ, ਜਿਸ ਵਿੱਚ ਮੰਤਰੀ ਦਾ ਰਵੱਈਆ ਜਥੇਬੰਦੀਆਂ ਦੀਆਂ ਮੰਗਾਂ ਅਤੇ ਆਗੂਆਂ ਪ੍ਰਤੀ ਨਾਂਹ-ਪੱਖੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੰਤਰੀ ਵੱਲੋਂ ਮੀਟਿੰਗਾਂ ਨੂੰ ਦਲੀਲ ਨਾਲ ਸੁਣਨ ਦੀ ਬਜਾਏ, ਨਿੱਜੀ ਰੁਝੇਵੇਂ ਦਾ ਹਵਾਲਾ ਦੇ ਕੇ ਮੀਟਿੰਗ ਖਤਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਰੋਸ ਨੂੰ ਲੈ ਕੇ ਅੱਜ ਦੋਵਾਂ ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।