ਜੋਗਿੰਦਰ ਸਿੰਘ ਓਬਰਾਏਖੰਨਾ, 3 ਦਸੰਬਰਇੱਥੋਂ ਦੀ ‘ਉੱਡਣ ਪਰੀ’ ਨਾਂ ਨਾਲ ਜਾਣੀ ਜਾਂਦੀ ਅਮਰਜੀਤ ਕੌਰ ਨੇ ਵੱਖ-ਵੱਖ ਮਾਸਟਰਜ਼ ਅਥਲੈਟਿਕ ਮੀਟਾਂ ਵਿੱਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਇਸੇ ਤਹਿਤ ਕੱਲ੍ਹ ਗੋਬਿੰਦਗੜ੍ਹ ਵਾਕਰਜ਼ ਕਲੱਬ ਵੱਲੋਂ 20ਵੀਂ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਅਮਰਜੀਤ ਕੌਰ ਨੇ 100 ਮੀਟਰ, 200 ਮੀਟਰ, 3 ਕਿਲੋਮੀਟਰ ਵਾਕ ਅਤੇ ਡਿਸਕਸ ਥਰੋਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਗੋਲਡ ਮੈਡਲ ਹਾਸਲ ਕੀਤੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਗੁਰਿੰਦਰ ਸਿੰਘ ਵੜਿੰਗ, ਰਾਕੇਸ਼ ਵਧਵਾ, ਕਲੱਬ ਦੇ ਚੇਅਰਮੈਨ ਪਰਮਜੀਤ ਸਿੰਘ ਭੱਟੀ ਅਤੇ ਅਮਰੀਕ ਸਿੰਘ ਨੇ ਅਮਰਜੀਤ ਕੌਰ ਨੂੰ ਸਨਮਾਨਿਤ ਕਰਦਿਆਂ ਹਰ ਵਿਅਕਤੀ ਨੂੰ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸੇ ਤਰ੍ਹਾਂ ਪਿਛਲੇ ਦਿਨੀਂ ਮਸਤੂਆਣਾ ਸਾਹਿਬ ਵਿਖੇ ਕਰਵਾਈ 45ਵੀਂ ਪੰਜਾਬ ਮਾਸਟਰਜ਼ ਅਥਲੈਟਿਕ ਮੀਟ ਦੌਰਾਨ ਅਮਰਜੀਤ ਕੌਰ ਨੇ 5 ਹਜ਼ਾਰ ਮੀਟਰ ਵਾਕ, 5 ਕਿਲੋਮੀਟਰ ਰਨ ਅਤੇ 300 ਅੜਿੱਕਾ ਰੇਸ ਵਿੱਚ ਤਿੰਨ ਗੋਲਡ ਮੈਡਲ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਚੰਡੀਗੜ੍ਹ ਅਥਲੈਟਿਕ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਮੀਟ ਦੌਰਾਨ ‘ਉੱਡਣ ਪਰੀ’ ਨੇ 200 ਮੀਟਰ ਦੌੜ ਵਿੱਚੋਂ ਗੋਲਡ ਅਤੇ 100 ਮੀਟਰ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ। ਅੱਜ ਅਮਰਜੀਤ ਕੌਰ ਦਾ ਸ਼ਹਿਰ ਪੁੱਜਣ ’ਤੇ ਖੇਡ ਪ੍ਰੇਮੀਆਂ ਨੇ ਭਰਵਾਂ ਸਵਾਗਤ ਕਰਦਿਆਂ ਨੌਜਵਾਨ ਪੀੜ੍ਹੀ ਨੂੰ ‘ਉੱਡਣ ਪਰੀ’ ਤੋਂ ਸਿੱਖਣ ਲਈ ਪ੍ਰੇਰਿਤ ਕੀਤਾ। ਦੱਸਣਯੋਗ ਹੈ ਕਿ ਅਮਰਜੀਤ ਕੌਰ ਨੇ ਹੁਣ ਤੱਕ ਵੱਖ ਵੱਖ ਅਥਲੈਟਿਕ ਮੀਟਾਂ ਵਿੱਚ ਹਿੱਸਾ ਲੈਂਦਿਆਂ 400 ਤੋਂ ਵਧੇਰੇ ਮੈਡਲ ਹਾਸਲ ਕਰ ਕੇ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ।