ਮਾਲੇਰਕੋਟਲਾ ਦੇ ਨਸ਼ਾ ਛੁਡਾਊ ਕੇਂਦਰ ’ਚੋਂ ਸੱਤ ਨੌਜਵਾਨ ਫ਼ਰਾਰ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 3 ਜੂਨ
ਪੁਲੀਸ ਵੱਲੋਂ ਨਸ਼ਾ ਛੁਡਵਾਉਣ ਲਈ ਜ਼ਿਲ੍ਹਾ ਹਸਪਤਾਲ ਮਾਲੇਰਕੋਟਲਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾਏ ਸੱਤ ਨੌਜਵਾਨ ਬੀਤੀ ਰਾਤ ਪੁਲੀਸ ਮੁਲਾਜ਼ਮਾਂ ਤੇ ਹਸਪਤਾਲ ਦੇ ਸੁਰੱਖਿਆ ਗਾਰਡਾਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਹਲਕਾ ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ ਨੇ ਹਾਲੇ ਦੋ ਹਫ਼ਤੇ ਪਹਿਲਾਂ ਹੀ ਜ਼ਿਲ੍ਹੇ ਦੇ ਪਲੇਠੇ ਨਸ਼ਾ ਛੁਡਾਊ ਕੇਂਦਰ ਦਾ ਉਦਘਾਟਨ ਕੀਤਾ ਸੀ। ਇਸ ਘਟਨਾ ਨੇ ਇਸ ਕੇਂਦਰ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਫ਼ਰਾਰ ਹੋਏ ਮਰੀਜ਼ਾਂ ਵਿਚ ਮੁਹੰਮਦ ਸ਼ਕੀਲ ਵਾਸੀ ਅਸਮਾਨ ਬਸਤੀ, ਮੁਹੰਮਦ ਸਲਮਾਨ ਵਾਸੀ ਮੁਹੱਲਾ ਡੇਕਾਂ ਵਾਲਾ, ਮੁਹੰਮਦ ਸ਼ਕੀਲ ਵਾਸੀ ਕੁੱਟੀ ਰੋਡ, ਬੂਟਾ ਖਾਂ ਵਾਸੀ ਅਬਾਸਪੁਰਾ, ਮੁਹੰਮਦ ਸਾਹਿਲ ਵਾਸੀ ਸਾਦੇਵਾਲਾ, ਮੁਹੰਮਦ ਇਮਰਾਨ ਤੇ ਮੁਹੰਮਦ ਮੁਨੀਰ ਦੋਵੇਂ ਵਾਸੀ ਕਿਲ੍ਹਾ ਰਹਿਮਤਗੜ੍ਹ ਸ਼ਾਮਲ ਹਨ।
ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਸਿਟੀ-1 ਮਾਲੇਰਕੋਟਲਾ ਦੇ ਐੱਸਐੱਚਓ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ 20 ਨੌਜਵਾਨਾਂ ਨੂੰ ਨਸ਼ਾ ਛੁਡਵਾਉਣ ਲਈ ਇਸ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਰੀਜ਼ਾਂ ’ਤੇ ਨਜ਼ਰ ਰੱਖਣ ਲਈ ਹਸਪਤਾਲ ਦੇ ਸਕਿਉਰਿਟੀ ਗਾਰਡਾਂ ਤੋਂ ਇਲਾਵਾ ਪੰਜ ਪੁਲੀਸ ਕਰਮਚਾਰੀ ਬਾਕਾਇਦਾ ਤਾਇਨਾਤ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਮੀਂਹ ਆਉਣ ਵੇਲੇ ਜਦੋਂ ਪੁਲੀਸ ਕਰਮਚਾਰੀ ਤੇ ਸਕਿਉਰਿਟੀ ਗਾਰਡ ਮਰੀਜ਼ਾਂ ਦੇ ਕਮਰੇ ਤੋਂ ਬਾਹਰ ਹਾਲ ਵਿਚ ਬੈਠੇ ਸਨ ਤਾਂ ਇਹ ਨੌਜਵਾਨ ਬਾਰੀ ’ਚ ਲੱਗੀ ਪਲਾਈ ਪੁੱਟ ਕੇ ਫ਼ਰਾਰ ਹੋ ਗਏ। ਥਾਣਾ ਮੁਖੀ ਮੁਤਾਬਕ ਬਾਅਦ ਵਿਚ ਦੋ ਮਰੀਜ਼ਾਂ ਮੁਹੰਮਦ ਇਮਰਾਨ ਅਤੇ ਮੁਹੰਮਦ ਮੁਨੀਰ ਨੂੰ ਕਾਬੂ ਕਰਕੇ ਮੁੜ ਦਾਖ਼ਲ ਕਰਵਾ ਦਿੱਤਾ ਹੈ ਜਦਕਿ ਬਾਕੀ ਪੰਜ ਹਾਲੇ ਵੀ ਫ਼ਰਾਰ ਹਨ।
ਹਸਪਤਾਲ ਦੀ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਸੱਤਪਾਲ ਸਿੰਘ ਮੁਤਾਬਿਕ ਕੇਂਦਰ ਵਿਚ ਦਾਖ਼ਲ 20 ਮਰੀਜ਼ ਦੋ ਵੱਖ-ਵੱਖ ਕਮਰਿਆਂ ਵਿਚ 10-10 ਦੀ ਗਿਣਤੀ ’ਚ ਰੱਖੇ ਹੋਏ ਹਨ। ਇੱਕ ਕਮਰੇ ਵਿੱਚ ਦਾਖ਼ਲ ਸੱਤ ਮਰੀਜ਼ ਬਾਰੀ ਦੀ ਪਲਾਈ ਤੋੜ ਕੇ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਡੇਢ ਮਹੀਨਾ ਪਹਿਲਾਂ 21 ਅਪਰੈਲ ਨੂੰ ਸੰਗਰੂਰ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਘਾਬਦਾਂ ’ਚੋਂ 13 ਮਰੀਜ਼ ਸੁਰੱਖਿਆ ਗਾਰਡਾਂ ’ਤੇ ਹਮਲਾ ਕਰਕੇ ਫ਼ਰਾਰ ਹੋ ਚੁੱਕੇ ਹਨ।