ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲੇਰਕੋਟਲਾ: ਸ਼ਰੇਆਮ ਉਡਾਈਆਂ ਜਾ ਰਹੀਆਂ ਨੇ ਆਵਾਜਾਈ ਨਿਯਮਾਂ ਦੀਆਂ ਧੱਜੀਆਂ

05:48 AM Jan 15, 2025 IST
ਮਾਲੇਕੋਟਕਲਾ ਵਿੱਚ ਬਗੈਰ ਹੈਲਮੇਟ ਜਾਂਦੇ ਹੋਏ ਦੋਪਹੀਆ ਵਾਹਨ ਚਾਲਕ।

ਹੁਸ਼ਿਆਰ ਸਿੰਘ ਰਾਣੂ

Advertisement

ਮਾਲੇਰਕੋਟਲਾ, 14 ਜਨਵਰੀ
ਜ਼ਿਲ੍ਹੇ ਵਿੱਚ ਪੁਲੀਸ ਵੱਲੋਂ ਕੌਮੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ। ਟਰੈਫ਼ਿਕ ਪੁਲੀਸ ਦਾ ਦਾਅਵਾ ਹੈ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਪਰ ਸ਼ਹਿਰ ’ਚ ਕੋਈ ਵੀ ਦੋ ਪਹੀਆ ਵਾਹਨ ਚਾਲਕ ਹੈਲਮੇਟ ਪਹਿਨਿਆ ਨਹੀਂ ਮਿਲਦਾ।
ਸ਼ਹਿਰ ਦੇ ਜ਼ਿਆਦਾ ਟਰੈਫਿਕ ਵਾਲੇ ਖੇਤਰਾਂ ਗਰੇਵਾਲ ਚੌਕ, ਕਾਲਜ ਰੋਡ, ਠੰਢੀ ਸੜਕ, ਸਰਹਿੰਦੀ ਦਰਵਾਜ਼ਾ, ਦਿੱਲੀ ਦਰਵਾਜ਼ਾ, ਬੱਸ ਅੱਡਾ ਰੋਡ, ਹਸਪਤਾਲ ਤੇ ਰੇਲਵੇ ਸਟੇਸ਼ਨ ਨੇੜਲੇ ਖੇਤਰਾਂ ’ਚ ਜਾ ਕੇ ਦੇਖਿਆ ਤਾਂ ਕਿਸੇ ਵੀ ਦੋ ਪਹੀਆ ਵਾਹਨ ਚਾਲਕ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਸਥਾਨਕ ਗਰੇਵਾਲ ਚੌਕ ’ਚ ਸੜਕ ਸੁਰੱਖਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਟਰੈਫ਼ਿਕ ਪੁਲੀਸ ਨੇ ਤੰਬੂ ਵੀ ਲਾਇਆ ਹੋਇਆ ਹੈ। ਇਸ ਤੋਂ ਕਰੀਬ 10-12 ਫੁੱਟ ਦੀ ਦੂਰੀ ’ਤੇ ਸੜਕ ਸੁਰੱਖਿਆ ਫੋਰਸ ਦਾ ਟਿਕਾਣਾ ਹੈ। ਸਭ ਨਾਲੋਂ ਵੱਧ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਇੱਥੋਂ ਦੀ ਹੀ ਲੰਘਦੇ ਹਨ, ਜਿਨ੍ਹਾਂ ਦੇ ਹੈਲਮੇਟ ਨਹੀਂ ਪਾਇਆ ਹੁੰਦਾ ਤੇ ਕਈ ਕਾਰ ਚਾਲਕਾਂ ਨੇ ਸੀਟ ਬੈਲਟ ਨਹੀਂ ਲਾਈ ਹੁੰਦੀ। ਸਵੇਰੇ ਗਰੇਵਾਲ ਚੌਕ ’ਚ 20 ਮਿੰਟਾਂ ’ਚ 187 ਦੋ ਪਹੀਆ ਵਾਹਨ ਲੰਘੇ ਜਿਨ੍ਹਾਂ ’ਚੋਂ ਸਿਰਫ਼ ਇੱਕ ਜਣੇ ਨੇ ਹੈਲਮੇਟ ਲਿਆ ਹੋਇਆ ਸੀ। ਇਸੇ ਤਰ੍ਹਾਂ ’ਚ ਇਸੇ ਚੌਕ ’ਚੋਂ 20 ਮਿੰਟਾਂ ’ਚ 206 ਚਾਰ ਪਹੀਆ ਵਾਹਨ ਲੰਘੇ, ਜਿਨ੍ਹਾਂ ਵਾਹਨ ਨੇ 42 ਚਾਲਕਾਂ ਨੇ ਸੀਟ ਬੈਲਟ ਨਹੀਂ ਲਾਈ ਹੋਈ ਸੀ। ਹੈਰਾਨੀਜਨਕ ਸਥਿਤੀ ਇਹ ਸੀ ਕਿ ਇੱਥੋਂ ਦੀ ਲੰਘਦੇ ਦੇ ਕਈ ਜ਼ਿੰਮੇਵਾਰ ਅਧਿਕਾਰੀ, ਵਿਭਾਗੀ ਮੁਖੀ ਅਤੇ ਉਨ੍ਹਾਂ ਦਾ ਡਰਾਈਵਰ ਵੀ ਬਿਨਾਂ ਸੀਟ ਬੈਲਟ ਦੇ ਦੇਖੇ ਗਏ। ਮੋਟਰਸਾਈਕਲ ਸਵਾਰ ਮੁਹੰਮਦ ਰਫ਼ੀਕ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸ਼ਹਿਰ ਆਇਆ ਹੈ। ਜੇਕਰ ਕੋਈ ਔਰਤ ਮੋਟਰਸਾਈਕਲ ’ਤੇ ਬੈਠੀ ਹੋਵੇ ਤਾਂ ਪੁਲੀਸ ਉਸ ਨੂੰ ਨਹੀਂ ਰੋਕਦੀ। ਸਕੂਟਰ ਸਵਾਰ ਲੜਕੀ ਨੇ ਕਿਹਾ ਕਿ ਕੁੜੀਆਂ ਹੈਲਮੇਟ ਨਹੀਂ ਪਾਉਂਦੀਆਂ। ਕਾਲਜ ਵਿਦਿਆਰਥੀ ਹਰਮਨ ਸਿੰਘ ਨੇ ਕਿਹਾ ਕਿ ਹੈਲਮੇਟ ਲੈ ਕੇ ਦੇਦੋ ਉਹ ਪਾ ਲਵੇਗਾ।

ਪੁਲੀਸ ਨੇ 14 ਦਿਨਾਂ ਵਿੱਚ 425 ਚਲਾਨ ਕੱਟੇ: ਬਲਵੀਰ ਸਿੰਘ
ਟਰੈਫ਼ਿਕ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਕੌਮੀ ਸੜਕ ਸੁਰੱਖਿਆ ਮਹੀਨੇ ਦੇ ਇਨ੍ਹਾਂ 14 ਦਿਨਾਂ ਦੌਰਾਨ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਰੀਬ 425 ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਟਰੈਫ਼ਿਕ ਪੁਲੀਸ ਵੱਲੋਂ ਗਰੇਵਾਲ ਚੌਕ, ਬੱਸ ਅੱਡਾ, ਟਰੱਕ ਯੂਨੀਅਨ ਨੇੜੇ ਈ-ਰਿਕਸ਼ਾ ਚਾਲਕਾਂ, ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਸੜਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਇਹ ਸਿਲਸਿਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਸੜਕ ਨਿਯਮਾਂ ਦੀ ਬੁਨਿਆਦੀ ਸਮਝ ਵੀ ਨਹੀਂ ਹੈ। ਇਸ ਲਈ ਉਹ ਹੈਲਮੇਟ ਨਹੀਂ ਪਾਉਂਦੇ ਤੇ ਸੀਟ ਬੈਲਟ ਨਹੀਂ ਲਾਉਂਦੇ। ਹਮੇਸ਼ਾ ਹੀ ਵਾਹਨ ਚਲਾਉਣ ਸਮੇਂ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਹੈਲਮਟ ਅਤੇ ਸੀਟ ਬੈਲਟ ਹਾਦਸਿਆਂ 'ਚ ਨੁਕਸਾਨ ਨੂੰ ਰੋਕਣ 'ਚ ਸਹਾਈ ਹੁੰਦੀ ਹੈ।

Advertisement

Advertisement