ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲਵੇ ’ਚ ਪਾਰਾ ਡਿੱਗਿਆ: ਪੰਜਾਬ ’ਚ ਸਭ ਤੋਂ ਠੰਢੇ ਰਹੇ ਬਠਿੰਡਾ ਤੇ ਮਾਨਸਾ

06:40 AM Jan 01, 2025 IST
ਮਾਨਸਾ ਵਿੱਚ ਮੰਗਲਵਾਰ ਨੂੰ ਕੜਾਕੇ ਦੀ ਠੰਢ ਤੋਂ ਬਚਣ ਲਈ ਧੂਣੀ ਸੇਕਦੇ ਹੋਏ ਬੱਚੇ। -ਫੋਟੋ: ਸੁਰੇਸ਼

ਸ਼ਗਨ ਕਟਾਰੀਆ/ਜੋਗਿੰਦਰ ਸਿੰਘ ਮਾਨ
ਬਠਿੰਡਾ/ਮਾਨਸਾ, 31 ਦਸੰਬਰ
ਮਾਲਵੇ ਦਾ ਸ਼ਹਿਰ ਬਠਿੰਡਾ ਅੱਜ ਪੰਜਾਬ ਭਰ ’ਚੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ। ਇਸ ਤੋਂ ਇਲਵਾ ਖੇਤੀਬਾੜੀ ਵਿਭਾਗ ਅਨੁਸਾਰ ਮਾਨਸਾ ਦਾ ਘੱਟੋ-ਘੱਟ ਤਾਪਮਾਨ 5.0 ਅਤੇ ਵੱਧ ਤੋਂ ਵੱਧ ਤਾਪਮਾਨ 14.4 ਡਿਗਰੀ ਦਰਜ ਕੀਤਾ ਗਿਆ। ਮਾਲਵੇ ਦੇ ਸ਼ਹਿਰ ਬਰਨਾਲਾ ’ਚ ਘੱਟੋ-ਘੱਟ ਤਾਪਮਾਨ 5.9, ਫ਼ਰੀਦਕੋਟ ’ਚ 6, ਅਬੋਹਰ ’ਚ 7.2, ਬੁੱਧ ਸਿੰਘ ਵਾਲਾ (ਮੋਗਾ) ’ਚ 7.8 ਅਤੇ ਫ਼ਿਰੋਜ਼ਪੁਰ ’ਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਦਾ ਤਕਾਜ਼ਾ ਹੈ ਕਿ ਆਗਾਮੀ 3-4 ਦਿਨਾਂ ’ਚ ਮਾਲਵੇ ਦਾ ਮੌਸਮ ਖ਼ੁਸ਼ਕ ਰਹੇਗਾ ਪਰ ਠੰਢ ਬਰਕਰਾਰ ਰਹੇਗੀ। ਇਨ੍ਹਾਂ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 14 ਤੋਂ 18 ਅਤੇ ਘੱਟੋ-ਘੱਟ 6 ਤੋਂ 9 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਹਵਾ ਵਿੱਚ ਨਮੀ ਦੀ ਮਾਤਰਾ 83 ਤੋਂ 85 ਪ੍ਰਤੀਸ਼ਤ ਰਹਿਣ ਦੇ ਆਸਾਰ ਹਨ ਜਦ ਕਿ ਹਵਾ ਦੀ ਰਫ਼ਤਾਰ 5 ਤੋਂ 11 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ। ਇਸੇ ਦੌਰਾਨ ਠੰਢ ਨੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਬਰੇਕ ਲਾ ਦਿੱਤੀ ਹੈ। ਨਿੱਤ ਦਿਨ ਕੰਮ ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਕਰਨ ਵਾਲੇ ਲੋਕਾਂ ਲਈ ਇਹ ਠੰਢ ਵੱਡੀ ਮੁਸੀਬਤ ਬਣਨ ਲੱਗੀ ਹੈ। ਠੰਡ ਕਾਰਨ ਕੰਮਕਾਜ ਠੱਪ ਹੋ ਕੇ ਰਹਿ ਗਏ ਹਨ, ਜਿਸ ਕਾਰਨ ਦਿਹਾੜੀਦਾਰ ਮਜ਼ਦੂਰਾਂ ਲਈ ਨਵੀਂ ਬਿਪਤਾ ਪੈਦਾ ਹੋ ਗਈ ਹੈ। ਉਹ ਸਾਰਾ-ਸਾਰਾ ਦਿਨ ਕੰਮ ਦੀ ਭਾਲ ਵਿਚ ਸ਼ਹਿਰ ਦੇ ਵੱਖ-ਵੱਖ ਟਿਕਾਣਿਆਂ ’ਤੇ ਠੰਢ ਦੀ ਮਾਰ ਝੱਲਦਿਆਂ ਵਾਪਸ ਘਰਾਂ ਨੂੰ ਪਰਤ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਚੁੱਲ੍ਹੇ ਠੰਢੇ ਹੋ ਰਹੇ ਹਨ। ਉਧਰ ਬਾਜ਼ਾਰਾਂ ਵਿਚ ਰੌਣਕਾਂ ਗਾਇਬ ਹੋ ਗਈਆਂ ਹਨ ਜਿਸ ਕਾਰਨ ਦੁਕਾਨਦਾਰਾਂ ਦਾ ਕੰਮਕਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਸਬਜ਼ੀ ਅਤੇ ਫਲਾਂ ਦੀਆਂ ਦੁਕਾਨਾਂ ਤੇ ਰੇਹੜੀਆਂ ’ਤੇ ਆਮ ਨਾਲੋਂ ਗਾਹਕਾਂ ਦੀ ਗਿਣਤੀ ਘੱਟ ਗਈ ਹੈ। ਪੰਚਾਇਤੀ ਚੋਣਾਂ ਤੋਂ ਬਾਅਦ ਵਿਕਾਸ ਕਾਰਜ ਚੱਲਣ ਕਾਰਨ ਇਨ੍ਹਾਂ ਵਿਚ ਮਜ਼ਦੂਰੀ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਆਰਜ਼ੀ ਤੌਰ ’ਤੇ ਝੁੱਗੀਆਂ-ਝੌਪੜੀਆਂ ਵਿਚ ਵਸਣ ਕਾਰਨ ਸਭ ਤੋਂ ਵੱਡੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਰੋਟੀ-ਟੁੱਕ ਦਾ ਆਹਾਰ ਕਰਨ ਲਈ ਬਾਲਣ ਦੀ ਵੀ ਤਕਲੀਫ ਖੜ੍ਹੀ ਹੋਣ ਲੱਗੀ ਹੈ ਜਦੋਂ ਕਿ ਝੁੱਗੀਆਂ-ਝੌਪੜੀਆਂ ਨੇੜੇ ਲਾਈਟ ਦਾ ਪ੍ਰਬੰਧ ਨਾ ਹੋਣਾ ਵੀ ਦਿੱਕਤ ਬਣ ਗਈ ਹੈ। ਇੱਕ ਮੂੰਗਫਲੀ ਵੇਚਣ ਵਾਲੇ ਦੁਕਾਨਦਾਰ ਦਾ ਕਹਿਣਾ ਕਿ ਹੁਣ ਸ਼ਹਿਰਾਂ ਵਿਚ ਵੱਡੇ ਮਾਲ ਅਤੇ ਵੱਡੇ ਗਾਹਕ ਕੇਂਦਰ ਖੁੱਲ੍ਹ ਗਏ ਹਨ, ਲੋਕ ਸੌਦਾ ਉਥੋਂ ਖਰੀਦ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਮਾਨ ਅਣ-ਵਿਕਿਆ ਰਹਿਣ ਲੱਗਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚੋਂ ਲੋਕ ਘੱਟ ਸ਼ਹਿਰ ਆਉਣ ਲੱਗੇ ਹਨ, ਜਿਸ ਕਾਰਨ ਹੁਣ ਠੰਡ ਵਿਚ ਗਾਹਕੀ ਘਟੀ ਹੈ।

Advertisement

Advertisement