ਮਾਰਖੋਰਾ ਮੁੱਕੇਬਾਜ਼ ਮਾਈਕ ਟਾਈਸਨ
ਪ੍ਰਿੰਸੀਪਲ ਸਰਵਣ ਸਿੰਘ
ਮਾਈਕ ਟਾਈਸਨ ਮੁੱਢ ਤੋਂ ਹੀ ਮਾਰਖੋਰਾ ਮੁੱਕੇਬਾਜ਼ ਰਿਹੈ। ਉਹ ਬੇਸ਼ੱਕ ਸਭ ਤੋਂ ਛੋਟੀ ਉਮਰ ਵਿੱਚ ਹੈਵੀਵੇਟ ਵਰਲਡ ਚੈਂਪੀਅਨ ਬਣ ਗਿਆ ਸੀ, ਪਰ ਉਸ ਨੂੰ ‘ਦਿ ਬੈਡਿਸਟ ਮੈਨ ਆਨ ਪਲੈਨਟ’ ਭਾਵ ਧਰਤੀ ਦਾ ਸਭ ਤੋਂ ਭੈੜਾ ਬੰਦਾ ਕਿਹਾ ਗਿਆ। ਵਿਸ਼ਵ ਚੈਂਪੀਅਨ ਬਣਨ ਵੇਲੇ ਉਹ ਕੇਵਲ 20 ਸਾਲ 4 ਮਹੀਨੇ 22 ਦਿਨਾਂ ਦਾ ਸੀ। ਉਸ ਨੇ 1985-2005 ਦੌਰਾਨ 59 ਵੱਡੇ ਭੇੜ ਭਿੜੇ ਜਿਨ੍ਹਾਂ ਵਿੱਚ 11 ਵਾਰ ਵਿਸ਼ਵ ਟਾਈਟਲ ਜਿੱਤੇ। ਉਦੋਂ ਉਹਦੇ 5 ਫੁੱਟ 11 ਇੰਚ ਕੱਦ ਦਾ ਭਾਰ 100 ਕਿਲੋ ਦੇ ਕਰੀਬ ਰਿਹਾ। ਉਸ ਦਾ ਪੂਰਾ ਨਾਂ ਮਾਈਕਲ ਜੀਰਾਰਡ ਟਾਈਸਨ ਹੈ।
ਉਸ ਨੇ ਜੁਰਮ ਵੀ ਕੀਤੇ ਤੇ ਕੈਦਾਂ ਵੀ ਕੱਟੀਆਂ। ਇਕੇਰਾਂ ਉਸ ਨੇ ਦੰਦੀ ਵੱਢ ਕੇ ਵਿਰੋਧੀ ਮੁੱਕੇਬਾਜ਼ ਦਾ ਕੰਨ ਹੀ ਕੱਟ ਦਿੱਤਾ ਸੀ। ਉਹਦਾ ਬਚਪਨ ਤੇ ਕਿਸ਼ੋਰ ਅਵਸਥਾ ਕੁੱਟ-ਮਾਰ ’ਚ ਲੰਘੇ ਸਨ। ਉਦੋਂ ਕਿਸੇ ਦੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਸੀ ਕਿ ਇਹ ਵਿਗੜਿਆ ਲੜਕਾ ਵੱਡਾ ਹੋ ਕੇ ਮੁੱਕੇਬਾਜ਼ੀ ਦਾ ਵਿਸ਼ਵ ਚੈਂਪੀਅਨ ਬਣੇਗਾ! ਉਹਦਾ ਜਨਮ 30 ਜੂਨ 1966 ਨੂੰ ਬਰੁਕਲਿਨ, ਨਿਊ ਯੌਰਕ ਵਿਖੇ ਗੈਂਗਬਾਜ਼ਾਂ ਦੀ ਬਸਤੀ ਵਿੱਚ ਹੋਇਆ ਸੀ। ਉਹਦੇ ਅੱਲ੍ਹੜ ਉਮਰ ਦੇ ਤੇਰਾਂ ਸਾਲ ਗਲੀਆਂ ਮੁਹੱਲਿਆਂ ਦੀ ਮਟਰਗਸ਼ਤੀ ਕਰਦਿਆਂ ਬੀਤੇ। ਨਿੱਤ ਕਿਸੇ ਨੂੰ ਕੁੱਟ ਦੇਣਾ ਤੇ ਕਿਸੇ ਤੋਂ ਕੁੱਟ ਖਾ ਲੈਣੀ। 13 ਸਾਲ ਦੀ ਉਮਰ ਤੱਕ ਉਹ 38 ਵਾਰ ਗ੍ਰਿਫ਼ਤਾਰ ਹੋਇਆ। ਆਖ਼ਰ ਉਸ ਨੂੰ ਸੁਧਾਰ ਸਕੂਲ ’ਚ ਦਾਖਲ ਕਰਵਾਉਣਾ ਪਿਆ ਜਿੱਥੇ ਬਾਕਾਇਦਾ ਮੁੱਕੇਬਾਜ਼ੀ ਕਰਨ ਦੀ ਚੇਟਕ ਲੱਗੀ।
ਉਹਦੀ ਮਾਂ ਲੋਰਮਾ ਮੀ (ਸਮਿੱਥ) ਟਾਈਸਨ, ਵਰਜੀਨੀਆ ਦੇ ਸ਼ਹਿਰ ਸ਼ੈਰਲਟਵਿਲੇ ਦੀ ਜੰਮਪਲ ਸੀ। ਉਹ ਅਵਾਰਾ ਔਰਤ ਸੀ। ਮਾਈਕਲ ਟਾਈਸਨ ਦੇ ਜਨਮ ਸਰਟੀਫਿਕੇਟ ’ਤੇ ਉਹਦੇ ਬਾਪ ਦਾ ਨਾਂ ਪਰਸਲ ਟਾਈਸਨ ਲਿਖਿਆ ਹੋਇਐ ਜੋ ਨਰਮ ਸੁਭਾਅ ਦਾ ਟੈਕਸੀ ਡਰਾਈਵਰ ਸੀ। ਉਹਦਾ ਪਿਛੋਕੜ ਜਮਾਇਕਾ ਦਾ ਸੀ, ਪਰ ਮਾਈਕ ਦਾ ਕਹਿਣਾ ਹੈ ਕਿ ਉਹਦਾ ਅਸਲੀ ਬਾਪ ਜਿਮੀ ਕਿਰਕਪੈਟਰਿਕ ਸੀ ਜੋ ਗਰੀਅਰ ਟਾਊਨ ਨਾਰਥ ਕੈਰੋਲੀਨਾ ਤੋਂ ਸੀ। ਉਨ੍ਹਾਂ ਦੇ ਗੁਆਂਢ ਬੇਸਬਾਲ ਦੇ ਤਕੜੇ ਖਿਡਾਰੀ ਰਹਿੰਦੇ ਸਨ। ਕਿਰਕਪੈਟਰਿਕ ਦੇ ਵੱਡੇ ਪੁੱਤਰ ਦਾ ਨਾਂ ਜਿਮੀ ਲੀ ਕਿਰਕਪੈਟਰਿਕ ਸੀ ਜੋ ਉਹਦੀ ਪਹਿਲੀ ਪਤਨੀ ਦੀ ਕੁੱਖੋਂ ਜੰਮਿਆ ਸੀ। 1959 ਵਿੱਚ ਉਹ ਪਤਨੀ ਤੇ ਪੁੱਤਰ ਨੂੰ ਛੱਡ ਕੇ ਬਰੁਕਲੀਨ, ਨਿਊ ਯੌਰਕ ਚਲਾ ਗਿਆ ਜਿੱਥੇ ਉਹਦਾ ਮੇਲ ਲੋਰਮਾ ਮੀ ਨਾਲ ਹੋ ਗਿਆ। ਲੋਰਮਾ ਦੀ ਕੁੱਖੋਂ 1961 ਵਿੱਚ ਪੁੱਤਰ ਰੋਡਮੀ ਟਾਈਸਨ ਜੰਮਿਆ। ਇੱਕ ਧੀ ਡੈਨੀਜ ਟਾਈਸਨ ਜੰਮੀ ਜੋ ਫਰਵਰੀ 1990 ਵਿੱਚ ਦਿਲ ਦੇ ਦੌਰੇ ਨਾਲ ਚੱਲ ਵਸੀ।
1966 ਵਿੱਚ ਜਦੋਂ ਮਾਈਕਲ ਜੰਮਿਆ ਤਾਂ ਘਰ ’ਚ ਉਹਦਾ ਇੱਕ ਸਕਾ ਭਰਾ, ਇੱਕ ਭੈਣ ਤੇ ਇੱਕ ਉਹਦੇ ਪਿਓ ਦੀ ਪਹਿਲੀ ਪਤਨੀ ਦਾ ਪੁੱਤਰ ਸੀ। ਪਿਓ ਐਬੀ ਕਬਾਬੀ ਤੇ ਜੂਏਬਾਜ਼ ਸੀ। ਜਿਨ੍ਹਾਂ ਦਿਨਾਂ ’ਚ ਮਾਈਕਲ ਦਾ ਜਨਮ ਹੋਇਆ ਉਹਦਾ ਪਿਓ ਪਰਿਵਾਰ ਨੂੰ ਛੱਡ ਕੇ ਕਿਤੇ ਹੋਰ ਟਿੱਭ ਗਿਆ। ਲੋਰਮਾ ਮੀ ਸਮਿੱਥ ਤੋਂ ਲੋਰਮਾ ਮੀ ਟਾਈਸਨ ਬਣੀ ਮਾਂ ਨੂੰ ਬਿਪਤਾ ’ਚ ਇਕੱਲੀ ਨੂੰ ਬੱਚੇ ਪਾਲਣੇ ਪਏ। ਅਜਿਹੀ ਸਥਿਤੀ ’ਚ ਬੱਚੇ ਕਿਵੇਂ ਪਲਦੇ ਹਨ, ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ। ਮਾਈਕ ਨੂੰ ਪਿਓ ਤਾਂ ਉਹਦੇ ਜਨਮ ਤੋਂ ਪਹਿਲਾਂ ਹੀ ਛੱਡ ਗਿਆ ਸੀ। ਉਤੋਂ ਗ਼ਰੀਬੀ ’ਚ ਪਲਦਿਆਂ ਮਾਂ ਦਾ ਲਾਡ ਪਿਆਰ ਵੀ ਨਾ ਮਿਲ ਸਕਿਆ। ਜਦੋਂ ਉਹ ਤੁਰਨ ਜੋਗਾ ਹੋਇਆ ਤਾਂ ਸਕੂਲ ਜਾਣ ਦੀ ਥਾਂ ਅਵਾਰਾਗਰਦ ਬਣ ਗਿਆ। ਉਸ ਦੀ ਮਾਂ ਦੇ ਦੱਸਣ ਅਨੁਸਾਰ ਮਾਈਕ ਘਰੋਂ ਜਾਂਦਾ ਪੁਰਾਣੇ ਕੱਪੜਿਆਂ ਵਿੱਚ ਸੀ ਤੇ ਮੁੜਦਾ ਨਵੇਂ ਕੱਪੜਿਆਂ ’ਚ ਸੀ। ਮਤਲਬ ਸਟੋਰਾਂ ’ਚ ਹੱਥ ਮਾਰ ਆਉਂਦਾ ਸੀ।
ਗੈਂਗਬਾਜ਼ੀ ਕਰਦਿਆਂ ਮਾਈਕ ਦੀ ਪਹਿਲੀ ਟੱਕਰ ਉਹਦੀ ਉਮਰੋਂ ਵੱਡੇ ਗੈਂਗਬਾਜ਼ ਨਾਲ ਹੋਈ ਜਿਸ ਨੇ ਉਹਦੇ ਕਬੂਤਰ ਨੂੰ ਜ਼ਖਮੀ ਕਰ ਦਿੱਤਾ ਸੀ। 13 ਸਾਲ ਦੀ ਉਮਰ ਤੱਕ ਮਾਈਕ ਦਾ ਨਾਂ ਥਾਣਿਆਂ ਦੇ ਰਜਿਸਟਰਾਂ ’ਚ ਚੜ੍ਹ ਚੁੱਕਾ ਸੀ। ਉਹ ਪੁਲੀਸ ਵੱਲੋਂ 38 ਵਾਰ ਫੜਿਆ ਗਿਆ ਸੀ। ਫਿਰ ਉਸ ਨੂੰ ਵਿਗੜੇ ਮੁੰਡਿਆਂ ਦੇ ਜੌਹਨਸਟਾਊਨ, ਨਿਊ ਯੌਰਕ ਵਿਚਲੇ ਸੁਧਾਰ ਸਕੂਲ ’ਚ ਦਾਖਲ ਕਰਾ ਦਿੱਤਾ ਗਿਆ। ਉੱਥੇ ਵਿਦਿਆਰਥੀਆਂ ਦੇ ਕੌਂਸਲਰ ਸਾਬਕਾ ਮੁੱਕੇਬਾਜ਼ ਬੌਬੀ ਸਟੀਵਰਟ ਨੇ ਮਾਈਕ ਅੰਦਰ ਤਕੜਾ ਮੁੱਕੇਬਾਜ਼ ਬਣਨ ਦੀਆਂ ਸੰਭਾਵਨਾਵਾਂ ਵੇਖਦਿਆਂ ਉਸ ਨੂੰ ਮੁੱਕੇਬਾਜ਼ੀ ਦੇ ਕੋਚ ਕਸਡਾਮਾਟੋ ਦੇ ਹਵਾਲੇ ਕਰ ਦਿੱਤਾ।
ਕਸਡਾਮਾਟੋ ਦੇ ਨਾਲ ਮੁੱਕੇਬਾਜ਼ੀ ਦੇ ਕੋਚ ਕੇਵਨ ਰੂਨੀ ਤੇ ਕਦੇ ਕਦੇ ਟੈਡੀ ਐਟਲਸ ਮਾਈਕ ਨੂੰ ਟਰੇਨਿੰਗ ਦਿੰਦੇ ਰਹੇ। ਜਦੋਂ ਮਾਈਕ 15 ਸਾਲਾਂ ਦਾ ਹੋਇਆ ਤਾਂ ਕਸਡਾਮਾਟੋ ਨੇ ਟੈਡੀ ਐਟਲਸ ਨੂੰ ਪਾਸੇ ਕਰ ਦਿੱਤਾ। ਫਿਰ ਕੇਵਨ ਰੂਨੀ ਹੀ ਉਸ ਦਾ ਅਸਲੀ ਕੋਚ ਬਣਿਆ। ਮਾਈਕ ਅਜੇ 16 ਸਾਲਾਂ ਦਾ ਹੋਇਆ ਸੀ ਕਿ ਉਸ ਦੀ ਮਾਂ ਗੁਜ਼ਰ ਗਈ। ਮਰਨ ਤੋਂ ਪਹਿਲਾਂ ਮਾਂ ਨੇ ਕਸਡਾਮੋਰ ਨੂੰ ਮਾਈਕ ਦਾ ਕਾਨੂੰਨੀ ਗਾਰਡੀਅਨ ਬਣਾ ਦਿੱਤਾ ਸੀ, ਪਰ ਮਾਈਕ ਦੀ ਬਦਕਿਸਮਤੀ ਕਿ ਕਸਡਾਮੋਰ ਵੀ ਛੇਤੀ ਹੀ ਮਰ ਗਿਆ ਤੇ ਉਹ ਅਨਾਥ ਹੋ ਗਿਆ। ਮਾਈਕ ਨੇ ਇੱਕ ਇੰਟਰਵਿਊ ’ਚ ਦੱਸਿਆ ਕਿ ਉਸ ਨੇ ਆਪਣੀ ਮਾਂ ਨੂੰ ਕਦੇ ਖ਼ੁਸ਼ ਨਹੀਂ ਸੀ ਵੇਖਿਆ ਤੇ ਨਾ ਹੀ ਕਦੇ ਆਪਣੇ ਪੁੱਤਰ ਨੂੰ ਮੁੱਕੇਬਾਜ਼ ਹੋਣ ਦੀ ਸ਼ਾਬਾਸ਼ ਦਿੱਤੀ। ਮਾਂ-ਬਾਪ ਦੋਹਾਂ ਵੱਲੋਂ ਹੀ ਉਹ ਦੁਪਿਆਰਾ ਰਿਹਾ। ਉਹ ਕਦੇ ਮਾਂ ਨਾਲ ਖੁੱਲ੍ਹ ਕੇ ਗੱਲ ਨਹੀਂ ਸੀ ਕਰਦਾ। ਮਾਂ ਉਹਦੀ ਮਟਰਗਸ਼ਤੀ ਤੇ ਕੁੱਟਮਾਰ ਤੋਂ ਦੁਖੀ ਰਹੀ। ਮਾਈਕ ਦਾ ਸਕੂਲ ਵਿੱਚ ਜੀਅ ਲੱਗਣੋਂ ਹਟ ਗਿਆ ਜਿਸ ਕਰਕੇ ਉਸ ਨੇ ਜੂਨੀਅਰ ਵਿਦਿਆਰਥੀ ਵਜੋਂ ਹੀ ਸਕੂਲ ਛੱਡ ਦਿੱਤਾ। ਇਹ ਵੱਖਰੀ ਗੱਲ ਹੈ ਕਿ ਉਸ ਦੀਆਂ ਮੁੱਕੇਬਾਜ਼ ਵਜੋਂ ਵੱਡੀਆਂ ਪ੍ਰਾਪਤੀਆਂ ਸਦਕਾ ਉਸ ਨੂੰ 1998 ਵਿੱਚ ਸੈਂਟਰਲ ਸਟੇਟ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ।
ਆਮ ਮੁੱਕੇਬਾਜ਼ਾਂ ਵਾਂਗ ਪਹਿਲਾਂ ਪਹਿਲ ਉਸ ਨੇ ਸ਼ੌਕੀਆ ਮੁੱਕੇਬਾਜ਼ੀ ਸ਼ੁਰੂ ਕੀਤੀ। ਉਹ ਵਧੇਰੇ ਜਿੱਤਾਂ ਵਿਰੋਧੀ ਮੁੱਕੇਬਾਜ਼ਾਂ ਨੂੰ ਚਿੱਤ ਕਰਕੇ ਜਿੱਤਦਾ। 19 ਸਾਲਾਂ ਦਾ ਹੋਣ ਤੱਕ ਉਸ ਨੇ 24 ਜਿੱਤਾਂ ਜਿੱਤੀਆਂ ਤੇ 3 ਹਾਰਿਆ। 1985 ’ਚ ਉਹ ਪੇਸ਼ਾਵਰ ਮੁੱਕੇਬਾਜ਼ ਬਣਿਆ। ਕੱਦ ਕਾਠ ਵੱਲੋਂ ਬੇਸ਼ੱਕ ਉਹ ਵੱਡੇ ਹੈਵੀਵੇਟ ਮੁੱਕੇਬਾਜ਼ਾਂ ਨਾਲੋਂ ਕਮਜ਼ੋਰ ਲੱਗਦਾ ਸੀ, ਪਰ ਜੋ ਤੇਜ਼ੀ ਤੇ ਤਾਕਤ ਉਹਦੇ ਮੁੱਕਿਆਂ ਵਿੱਚ ਸੀ ਉਹ ਕੱਦਾਵਰ ਮੁੱਕੇਬਾਜ਼ਾਂ ਦੇ ਪੈਰ ਕੱਢ ਦਿੰਦੀ ਸੀ। ਇਹੋ ਕਾਰਨ ਸੀ ਕਿ 22 ਨਵੰਬਰ 1986 ਨੂੰ ਉਸ ਨੇ ਮਸ਼ਹੂਰ ਮੁੱਕੇਬਾਜ਼ ਟ੍ਰੈਵਰ ਬਰਬਿਕ ਨੂੰ ਦੂਜੇ ਰਾਊਂਡ ਵਿੱਚ ਹੀ ਨਾਕ ਆਊਟ ਕਰ ਕੇ ਵਿਸ਼ਵ ਦੀ ਹੈਵੀਵੇਟ ਚੈਂਪੀਅਨਸ਼ਿਪ ਜਿੱਤ ਲਈ। ਮਾਈਕ ਟਾਈਸਨ ਨੂੰ ਵਰਲਡ ਬੌਕਸਿੰਗ ਕੌਂਸਲ ਦਾ ਕਰਾਊਨ ਪਹਿਨਾਇਆ ਗਿਆ। 7 ਮਾਰਚ 1987 ਨੂੰ ਉਸ ਨੇ ਜੇਮਜ਼ ਸਮਿੱਥ ਨੂੰ ਢੇਰ ਕਰਕੇ ਵਰਲਡ ਬੌਕਸਿੰਗ ਐਸੋਸੀਏਸ਼ਨ ਦੀ ਬੈਲਟ ਵੀ ਜਿੱਤ ਲਈ। 1 ਅਗਸਤ 1987 ਨੂੰ ਉਸ ਨੇ ਟੋਨੀ ਟੱਕਰ ਨੂੰ ਹਰਾ ਕੇ ਵਰਲਡ ਚੈਂਪੀਅਨਸ਼ਿਪ ਜਿੱਤੀ ਜੋ ਵਰਲਡ ਬੌਕਸਿੰਗ ਫੈਡਰੇਸ਼ਨ ਵੱਲੋਂ ਕਰਵਾਈ ਗਈ ਸੀ। ਇੰਜ ਵਿਸ਼ਵ ਦੇ ਤਿੰਨੇ ਸੰਗਠਨਾਂ-ਵਿਸ਼ਵ ਬੌਕਸਿੰਗ ਕੌਂਸਲ, ਵਿਸ਼ਵ ਬੌਕਸਿੰਗ ਐਸੋਸੀਏਸ਼ਨ ਤੇ ਵਿਸ਼ਵ ਇੰਟਰਨੈਸ਼ਨਲ ਬੌਕਸਿੰਗ ਫੈਡਰੇਸ਼ਨ ਨੇ ਉਸ ਨੂੰ ਵਿਸ਼ਵ ਚੈਂਪੀਅਨ ਬਣਨ ਦੀ ਮਾਨਤਾ ਦਿੱਤੀ।
ਕਸਡਾਮਾਟੋ ਤੇ ਮੈਨੇਜਰ ਜਿਮੀ ਜੈਕਬਜ਼ ਦੀ ਮੌਤ ਹੋਰ ਕਾਰਨ ਮਾਈਕ ਟਾਈਸਨ ਵਾਦ-ਵਿਵਾਦੀ ਪ੍ਰਮੋਟਰ ਡੌਨ ਕਿੰਗ ਨਾਲ ਰਲ ਗਿਆ। ਉਸ ਦੀ ਛਤਰ ਛਾਇਆ ਹੇਠ ਉਸ ਨੇ ਲੈਰੀ ਹੋਮਜ਼ ਤੇ ਮਾਈਕਲ ਸਪਿੰਕਸ ਵਰਗੇ ਮਹਾਨ ਮੁੱਕੇਬਾਜ਼ਾਂ ਨੂੰ ਹਰਾ ਕੇ ਵਾਰ ਵਾਰ ਵਿਸ਼ਵ ਟਾਈਟਲ ਜਿੱਤੇ। ਜਿੱਥੇ ਵਿਸ਼ਵ ਭਰ ਵਿੱਚ ਉਸ ਦੀ ਮੁੱਕੇਬਾਜ਼ ਵਜੋਂ ਮਸ਼ਹੂਰੀ ਹੋ ਰਹੀ ਸੀ, ਉੱਥੇ ਕੁੱਝ ਘਟਨਾਵਾਂ ਐਸੀਆਂ ਵੀ ਘਟੀਆਂ ਜਿਨ੍ਹਾਂ ਨਾਲ ਉਸ ਦੀ ਬਦਨਾਮੀ ਹੋਣੀ ਵੀ ਸ਼ੁਰੂ ਹੋ ਗਈ।
1988 ਵਿੱਚ ਉਸ ਦਾ ਪਹਿਲਾ ਵਿਆਹ ਅਭਿਨੇਤਰੀ ਰੋਬਿਨ ਗਿਵਨਜ਼ ਨਾਲ ਹੋਇਆ, ਪਰ ਉਹ ਲੰਮਾ ਸਮਾਂ ਨਾ ਚੱਲ ਸਕਿਆ। ਗਿਵਨਜ਼ ਨੇ ਦੋਸ਼ ਲਾਇਆ ਕਿ ਉਹ ਮਾਰਖੋਰਾ ਹੈ। ਮਾਈਕ ’ਤੇ ਚਾਰਜ ਲੱਗੇ, ਮੁਕੱਦਮਾ ਚੱਲਿਆ ਤੇ ਵਿਆਹ 1989 ’ਚ ਹੀ ਟੁੱਟ ਗਿਆ। ਤਦ ਤੱਕ ਕੋਈ ਬਾਲ ਬੱਚਾ ਨਹੀਂ ਸੀ ਹੋਇਆ। ਮਾਈਕ ਦੀ ਬਦਨਾਮੀ ਹੋਣ ਲੱਗ ਪਈ ਤੇ ਚੜ੍ਹੀ ਗੁੱਡੀ ਲੱਥਣੀ ਸ਼ੁਰੂ ਹੋ ਗਈ। ਉਸ ਤੋਂ ਮਾੜਾ ਸਮਝੇ ਜਾਂਦੇ ਮੁੱਕੇਬਾਜ਼ ਜੇਮਸ (ਬਸਟਰ) ਡੌਗਲਜ਼ ਹੱਥੋਂ ਉਹ 11 ਫਰਵਰੀ 1990 ਨੂੰ ਦਸਵੇਂ ਰਾਊਂਡ ’ਚ ਹਾਰ ਗਿਆ, ਪਰ ਉਸ ਨੇ ਦਿਲ ਨਾ ਛੱਡਿਆ ਤੇ ਅਗਲੇ ਚਾਰ ਭੇੜ ਮੁੜ ਜਿੱਤਿਆ।
ਜਿੱਤਾਂ ਜਿੱਤਦਾ ਉਹ ਜਬਰ ਜਿਨਾਹ ਦਾ ਗੁਨਾਹ ਵੀ ਕਰ ਬੈਠਾ। ਜੁਲਾਈ 1991 ’ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ ਲੱਗਾ ਕਿ ਉਸ ਨੇ ‘ਮਿਸ ਬਲੈਕ ਰੋਹਡ ਆਈਲੈਂਡ’ ਬਣੀ 18 ਸਾਲਾਂ ਦੀ ਡੀਜੀਰੀ ਵਸ਼ਿੰਗਟਨ ਨਾਲ ਹੋਟਲ ਵਿੱਚ ਜ਼ਬਰਦਸਤੀ ਕੀਤੀ ਸੀ। ਉਹ ਉਦੋਂ ‘ਮਿਸ ਬਲੈਕ ਅਮਰੀਕਾ’ ਦੇ ਮੁਕਾਬਲੇ ਲਈ ਰਿਹਰਸਲ ਕਰਨ ਗਈ ਸੀ। ਮਾਈਕ ਟਾਈਸਨ ’ਤੇ ਸੰਗੀਨ ਦੋਸ਼ ਲੱਗੇ ਜਿਨ੍ਹਾਂ ਦੇ ਸਿੱਧ ਹੋ ਜਾਣ ਨਾਲ ਉਸ ਨੂੰ 63 ਸਾਲਾਂ ਤੱਕ ਦੀ ਕੈਦ ਹੋ ਸਕਦੀ ਸੀ। ਦੋਹਾਂ ਪਾਸਿਆਂ ਤੋਂ ਨਾਮੀ ਵਕੀਲ ਮੁਕੱਦਮਾ ਲੜੇ। ਆਖ਼ਰ 26 ਮਾਰਚ 1992 ਨੂੰ ਮੁਕੱਦਮੇ ਦਾ ਫ਼ੈਸਲਾ ਸੁਣਾਉਂਦਿਆਂ ਮਾਈਕ ਟਾਈਸਨ ਨੂੰ 4 ਸਾਲ ਦੀ ਪ੍ਰੋਬੇਸ਼ਨ ਤੇ 6 ਸਾਲ ਦੀ ਕੈਦ ਹੋਈ, ਪਰ ਅਪੀਲ ਕਰਨ ਨਾਲ ਉਹ ਮਾਰਚ 1995 ’ਚ ਜੇਲ੍ਹ ਤੋਂ ਬਾਹਰ ਆ ਗਿਆ ਤੇ ਮੁੜ ਮੁੱਕੇਬਾਜ਼ੀ ਦੇ ਮੁਕਾਬਲੇ ਲੜਨ ਲੱਗਾ। 1992 ਵਿੱਚ ਕਾਮੇਡੀਅਨ ਬਿੱਲ ਕੋਸਬੀ ਦੀ ਲੜਕੀ ਐਰਿਨ ਕੋਸਬੀ ਨੇ ਵੀ ਦੋਸ਼ ਲਾਇਆ ਸੀ ਕਿ 1989 ’ਚ ਟਾਈਸਨ ਨੇ ਉਸ ਨਾਲ ਵੀ ਜਬਰ ਜਿਨਾਹ ਕੀਤਾ ਸੀ, ਪਰ ਉਹਦਾ ਦੋਸ਼ ਸਿੱਧ ਨਹੀਂ ਸੀ ਹੋ ਸਕਿਆ ਜਿਸ ਕਰਕੇ ਉਹ ਬਰੀ ਹੋ ਗਿਆ ਸੀ।
ਇੱਕ ਵਾਰ ਉਹ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦਾ ਫੜਿਆ ਗਿਆ ਸੀ ਜਿਸ ਦੀ ਸਜ਼ਾ ਸਮਾਜਿਕ ਸੇਵਾ ਕਰਨ ਦੀ ਮਿਲੀ ਸੀ। ਤਿੰਨ ਸਾਲ ਦੀ ਕੈਦ ਕੱਟ ਕੇ ਭਾਵੇਂ ਉਹਦੇ ਵਰਤਾਅ ਵਿੱਚ ਕੁਝ ਹਲੀਮੀ ਆਈ ਸੀ, ਪਰ ਉਹ ਪੂਰਾ ਨਹੀਂ ਸੀ ਸੁਧਰਿਆ। ਕਦੇ ਕਦੇ ਮਾਰ-ਕੁੱਟ ਦਾ ਫਤੂਰ ਫਿਰ ਜਾਗ ਪੈਂਦਾ ਸੀ ਜਿਸ ਦੀ ਫਿਰ ਸਜ਼ਾ ਭੁਗਤਣੀ ਪੈਂਦੀ ਸੀ। ਜੇਲ੍ਹ ਜਾਣ ਤੋਂ ਪਹਿਲਾਂ ਉਹ ਵਧੇਰੇ ਮੁਕਾਬਲੇ ਵਿਰੋਧੀ ਨੂੰ ਨਾਕ ਆਊਟ ਕਰ ਕੇ ਜਿੱਤਦਾ ਸੀ ਜਦ ਕਿ ਜੇਲ੍ਹ ਤੋਂ ਬਾਹਰ ਆਉਣ ਪਿੱਛੋਂ ਵਿਰੋਧੀ ਨੂੰ ਸਹਿਜ ਨਾਲ ਹਰਾ ਕੇ ਜਿੱਤਣ ਲੱਗ ਪਿਆ ਸੀ। 1996 ’ਚ ਉਸ ਨੇ ਫਰੈਂਕ ਬਰੂਨੋ ਤੇ ਬਰੂਸ ਸੈਲਡਨ ਨੂੰ ਹਰਾ ਕੇ ਚੈਂਪੀਅਨਸ਼ਿਪਾਂ ਦੀਆਂ ਦੋ ਬੈਲਟਾਂ ਜਿੱਤੀਆ।
9 ਨਵੰਬਰ 1996 ਨੂੰ ਉਹਦਾ ਦੋ ਵਾਰ ਦੇ ਹੈਵੀਵੇਟ ਚੈਂਪੀਅਨ ਇਵੈਂਡਰ ਹੋਲੀਫੀਲਡ ਨਾਲ ਭੇੜ ਹੋਇਆ ਤਾਂ ਉਹ 11ਵੇਂ ਰਾਊਂਡ ਵਿੱਚ ਟੈਕਨੀਕਲੀ ਨਾਕ ਆਊਟ ਹੋ ਗਿਆ। ਇਹ ਉਸ ਦੇ ਕਰੀਅਰ ਦੀ ਦੂਜੀ ਵੱਡੀ ਹਾਰ ਸੀ ਜਿਸ ਦਾ ਬਦਲਾ ਲੈਣ ਲਈ 28 ਜੂਨ 1997 ਨੂੰ ਫਿਰ ਹੋਲੀਫੀਲਡ ਨਾਲ ਭਿੜਿਆ। ਇਸ ਵਾਰ ਉਹਦੇ ਅੰਦਰਲਾ ਮਾਰਖੋਰਾ ਮਾਈਕ ਮੁੜ ਜਾਗ ਪਿਆ। ਉਸ ਨੇ ਗੁੱਸੇ ਵਿੱਚ ਹੋਲੀਫੀਲਡ ਦੇ ਕੰਨਾਂ ਨੂੰ ਅਜਿਹੇ ਚੱਕ ਮਾਰੇ ਕਿ ਉਹਦੇ ਇੱਕ ਕੰਨ ਦਾ ਲਹੂਲੁਹਾਨ ਟੁਕੜਾ ਪੈਰਾਂ ’ਚ ਆ ਡਿੱਗਾ। ਹੋਲੀਫੀਲਡ ਦਰਦ ਨਾਲ ਤੜਫਿਆ ਜਿਸ ਦਾ ਮੀਡੀਆ ਨੇ ਬੜਾ ਰੌਲਾ ਪਾਇਆ। ਸਿੱਟੇ ਵਜੋਂ ਜੱਜਾਂ ਨੇ ਮਾਈਕ ਨੂੰ ਅਯੋਗ ਕਰਾਰ ਦੇ ਕੇ ਉਹਦਾ ਮੁੱਕੇਬਾਜ਼ੀ ਦਾ ਲਾਇਸੈਂਸ ਹੀ ਰੱਦ ਕਰ ਦਿੱਤਾ।
ਦੋ ਸਾਲ ਪਹਿਲਾਂ ਉਹ ਇੱਕ ਆਟੋਮੋਬਾਈਲ ਹਾਦਸੇ ਵਿੱਚ ਦੋ ਸੀਨੀਅਰ ਬੰਦਿਆਂ ਨੂੰ ਕੁੱਟ ਬੈਠਾ ਸੀ ਜਿਸ ਦਾ ਮੁਕੱਦਮਾ ਚੱਲ ਰਿਹਾ ਸੀ। 6 ਫਰਵਰੀ 1999 ਨੂੰ ਉਸ ਮੁਕੱਦਮੇ ਦੀ ਸਜ਼ਾ ਮਿਲੀ ਜਿਸ ਵਿੱਚ ਇੱਕ ਸਾਲ ਦੀ ਕੈਦ, ਦੋ ਸਾਲ ਦੀ ਪ੍ਰੋਬੇਸ਼ਨ, 200 ਘੰਟਿਆਂ ਦੀ ਸੋਸ਼ਲ ਸਰਵਿਸ ਤੇ 2500 ਡਾਲਰ ਜੁਰਮਾਨਾ ਸੀ। ਮੁੱਕੇਬਾਜ਼ੀ ਕਰਦਿਆਂ 400 ਮਿਲੀਅਨ ਤੋਂ ਵੀ ਵੱਧ ਡਾਲਰ ਕਮਾਉਣ ਦੇ ਬਾਵਜੂਦ ਇੱਕ ਸਮਾਂ ਐਸਾ ਵੀ ਆਇਆ ਜਦੋਂ ਮਾਈਕ ਨੇ ਖ਼ੁਦ ਨੂੰ ਦੀਵਾਲੀਆ ਐਲਾਨਿਆ। ਟਾਈਸਨ ਦਾ ਲਾਇਸੈਂਸ ਬਹਾਲ ਹੋਇਆ ਤਾਂ ਉਸ ਨੇ 16 ਜਨਵਰੀ 1999 ਨੂੰ ਫਰਾਂਜ਼ ਬੋਠਾ ਨੂੰ ਪੰਜਵੇਂ ਰਾਊਂਡ ’ਚ ਨਾਕ ਆਊਟ ਕਰ ਦਿੱਤਾ। ਇੱਕ ਮੈਚ ਵਿੱਚ ਉਸ ਨੇ ਰੈਫਰੀ ਦੇ ਹੀ ਮੁੱਕੇ ਜੜ ਦਿੱਤੇ। ਜੂਨ 2000 ਵਿੱਚ ਉਸ ਨੇ ਅਮਰੀਕਾ ਦੇ ਲੌਅ ਸਵਾਰੀਸ ਤੇ ਬਰਤਾਨੀਆ ਦੇ ਹੈਵੀਵੇਟ ਚੈਂਪੀਅਨ ਲਿਨੌਕਸ ਲੇਵਿਸ ਅਤੇ ਅਕਤੂਬਰ 2000 ’ਚ ਐਂਡਰਿਊ ਗੋਲੋਟਾ ਨਾਲ ਲੋਹਾ ਲਿਆ। ਡੋਪ ਟੈਸਟ ਵਿੱਚ ਉਹ ਮੈਰੀਜੁਅਨਾ ਲੈਣ ਦਾ ਦੋਸ਼ੀ ਪਾਇਆ ਗਿਆ। ਇੰਜ ਉਸ ਦੀਆਂ ਜਿੱਤਾਂ ਹਾਰਾਂ ਦਾ ਸਿਲਸਿਲਾ 2005 ਤੱਕ ਚੱਲਦਾ ਰਿਹਾ। ਇਸ ਦੌਰਾਨ ਉਹ ਜੁਰਮਾਂ ਦੀਆਂ ਸਜ਼ਾਵਾਂ ਵੀ ਭੁਗਤਦਾ ਰਿਹਾ। ਫਿਰ ਵੀ ਮੁੱਕੇਬਾਜ਼ੀ ਦੀ ਮੰਡੀ ਵਿੱਚ ਉਸ ਦਾ ਮੁੱਲ ਵਧਦਾ ਗਿਆ ਤੇ 58ਵੇਂ ਸਾਲ ਦੀ ਉਮਰ ਵਿੱਚ ਉਸ ਨੂੰ 27 ਸਾਲਾਂ ਦੇ ਯੂਟਿਊਬਰ ਜੈਕ ਪਾਲ ਨੇ ਵੰਗਾਰਿਆ। ਜੁਲਾਈ 2024 ’ਚ ਉਨ੍ਹਾਂ ਵਿਚਕਾਰ ਭੇੜ ਮਿੱਥਿਆ ਗਿਆ ਜੋ ਮਾਈਕ ਦੇ ਬਿਮਾਰ ਹੋਣ ਕਾਰਨ 15 ਨਵੰਬਰ 2024 ਨੂੰ ਹੋਇਆ। ਮਾਈਕ ਵੀਹ ਸਾਲਾਂ ਬਾਅਦ ਪੇਸ਼ਾਵਰ ਮੁਕਾਬਲੇ ਲਈ ਰਿੰਗ ਵਿੱਚ ਉਤਰਿਆ। ਅਰਲਿੰਗਟਨ, ਟੈਕਸਾਸ ਦੇ ਵੱਡੇ ਸਟੇਡੀਅਮ ਵਿੱਚ ਬਹੁਤ ਵੱਡੀ ਗਿਣਤੀ ’ਚ ਲੋਕ ’ਕੱਠੇ ਹੋਏ। ਜੈਕ ਪਾਲ ਨੇ ਮਾਈਕ ਟਾਈਸਨ ਨੂੰ 80-72, 79-73 ਅੰਕਾਂ ਨਾਲ ਹਰਾ ਕੇ ਉਹ ਮੁਕਾਬਲਾ ਜਿੱਤਿਆ।
ਉਸ ਨੇ ਆਪਣੀ ਸਵੈਜੀਵਨੀ ਵੀ ਲਿਖਵਾਈ ਜਿਸ ਵਿੱਚ ਅਨੇਕ ਭੇਤ ਨਸ਼ਰ ਕੀਤੇ। 2011 ਵਿੱਚ ਉਸ ਦਾ ਨਾਂ ਇੰਟਰਨੈਸ਼ਨਲ ਬੌਕਸਿੰਗ ਹਾਲ, 2013 ਵਿੱਚ ਬੌਕਸਿੰਗ ਹਾਲ ਆਫ ਫੇਮ ਤੇ 2015 ਸਾਊਥਰਨ ਨੇਵਾਡਾ ਹਾਲ ਆਫ ਫੇਮ ਵਿੱਚ ਉਕਰਿਆ ਗਿਆ। ਉਸ ਦਾ ਪਹਿਲਾਂ ਵਿਆਹ ਜੋ 1988 ਵਿੱਚ ਅਭਿਨੇਤਰੀ ਰੋਬਿਨ ਗਿਬਨਜ਼ ਨਾਲ ਹੋਇਆ ਸੀ 1989 ਤੱਕ ਹੀ ਚੱਲ ਸਕਿਆ ਸੀ। ਦੂਜਾ ਵਿਆਹ 1997 ਵਿੱਚ ਰਾਜਸੀ ਘਰ ਦੀ ਧੀ ਮੋਨਿਕਾ ਟਰਨਰ ਨਾਲ ਹੋਇਆ ਜੋ 2003 ਤੱਕ ਚੱਲ ਗਿਆ। ਇਸ ਦੌਰਾਨ ਉਨ੍ਹਾਂ ਦੇ ਬੱਚੇ ਵੀ ਪੈਦਾ ਹੋਏ। ਮਾਈਕ ਦਾ ਤੀਜਾ ਵਿਆਹ 43 ਸਾਲ ਦੀ ਉਮਰੇ 2009 ਵਿੱਚ ਲਕੀਹਾ ਸਪਾਈਸਰ ਨਾਲ ਹੋਇਆ ਜੋ ਅਜੇ ਤੱਕ ਸੁੱਖੀਂ ਸਾਂਦੀਂ ਚੱਲ ਰਿਹੈ। ਮਾਈਕ ਟਾਈਸਨ ਦੇ ਕੁੱਲ 7 ਬੱਚੇ ਹੋਏ ਜਿਨ੍ਹਾਂ ’ਚੋਂ 6 ਕਾਇਮ ਹਨ। ਮਾਈਕ ਟਾਈਸਨ ਹੁਣ 59ਵੇਂ ਵਰ੍ਹੇ ’ਚ ਹੈ ਅਤੇ ਸੈਵਨ ਹਿੱਲਜ਼, ਨੇਵਾਡਾ, ਅਮਰੀਕਾ ਵਿੱਚ ਘੁੱਗ ਵਸ ਰਿਹੈ।
ਈ-ਮੇਲ: principalsarwansingh@gmail.com