ਮਾਰਕੀਟ ਕਮੇਟੀ ਦੇ ਦਫ਼ਤਰ ਵੱਲੋਂ ‘ਮ੍ਰਿਤਕ’ ਨੂੰ ਕਾਰਨ ਦੱਸੋ ਨੋਟਿਸ
ਪੱਤਰ ਪ੍ਰੇਰਕ
ਜੀਂਦ, 6 ਮਈ
ਮਾਰਕੀਟ ਕਮੇਟੀ ਜੀਂਦ ਵੱਲੋਂ ਇੱਕ ਅਨੌਖਾ ਕਾਰਨਾਮਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੀ ਅਨਾਜ ਮੰਡੀ ਵਿੱਚ ਇੱਕ ਫਰਮ ਜੈ ਜਵਾਲਾ ਜੀ ਟਰੇਡਿੰਗ ਕੰਪਨੀ ਦੇ ਮਾਲਕ ਰਾਮਧਾਰੀ ਗੋਇਲ ਦਾ ਜਨਵਰੀ-2025 ਵਿੱਚ ਦੇਹਾਂਤ ਹੋ ਗਿਆ ਸੀ ਤੇ ਹੁਣ ਮਾਰਕੀਟ ਕਮੇਟੀ ਜੀਂਦ ਵੱਲੋਂ ਮ੍ਰਿਤਕ ਵਿਅਕਤੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਕਾਰਨ ਉਸ ਦੇ ਪਰਿਵਾਰ ਦੇ ਮੈਬਰ ਕਾਫ਼ੀ ਪ੍ਰੇਸ਼ਾਨ ਹਨ। ਹੋਇਆ ਇੰਜ ਕਿ ਜੀਂਦ ਮਾਰਕੀਟ ਕਮੇਟੀ ਵੱਲੋਂ ਕਣਕ ਦੀ ਖਰੀਦ ਦੀ ਸਮੀਖਿਆ ਮਗਰੋਂ ਕੁਝ ਆੜ੍ਹਤੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸੀ ਪਰ ਮਾਰਕੀਟ ਕਮੇਟੀ ਨੇ ਇਹ ਨੋਟਿਸ ਜਾਰੀ ਕਰਦਿਆਂ ਇਹ ਗੱਲ ਧਿਆਨ ਵਿੱਚ ਨਹੀਂ ਰੱਖੀ ਕਿ ਇੱਥੇ ਅਨਾਜ ਮੰਡੀ ਵਿੱਚ ਕਿਹੜੀ ਫਰਮ ਕੰਮ ਨਹੀਂ ਕਰ ਰਹੀ। ਇਸ ਕੰਪਨੀ ਦੇ ਮ੍ਰਿਤਕ ਮਾਲਕ ਦੇ ਪੁੱਤਰ ਪ੍ਰੇਮ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਕਿ ਉਨ੍ਹਾਂ ਨੇ ਚਾਰ ਮਹੀਨੇ ਪਹਿਲਾਂ ਅਪਣੇ ਪਿਤਾ ਦੀ ਮੌਤ ਹੋਣ ਮਗਰੋਂ ਅਨਾਜ ਮੰਡੀ ਵਿੱਚ ਵਪਾਰ ਹੀ ਬੰਦ ਕਰ ਦਿੱਤਾ ਪਰ ਇਸ ਦੇ ਬਾਵਜੂਦ ਵੀ ਮਾਰਕੀਟ ਕਮੇਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪ੍ਰੇਮ ਗੋਇਲ ਅਨੁਸਾਰ ਉਨ੍ਹਾਂ ਨੇ ਇਸ ਨੋਟਿਸ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਨੋਟਿਸ ਤਾਂ ਇਸੇ ਤਰ੍ਹਾਂ ਹੀ ਜਾਰੀ ਹੁੰਦੇ ਰਹਿੰਦੇ ਹਨ। ਗੋਇਲ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਨਟਿਸ ਬਾਰੇ ਸ਼ਿਕਾਇਤ ਕੀਤੀ ਹੈ।