ਮਾਮੂਲੀ ਮੀਂਹ ਕਾਰਨ ਉਸਾਰੀ ਅਧੀਨ ਰਜਬਾਹਾ ਟੁੱਟਿਆ
ਪਾਤੜਾਂ, 18 ਮਈ
ਬਾਈਪਾਸ ਦੇ ਨਾਲ ਬਣ ਰਿਹਾ ਕਰਮਗੜ੍ਹ ਰਜਬਾਹਾ ਪਿਛਲੇ ਦਿਨੀਂ ਹੋਈ ਮਾਮੂਲੀ ਬਰਸਾਤ ਨਾਲ ਬਣਨ ਤੋਂ ਪਹਿਲਾਂ ਹੀ ਟੁੱਟ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਵਿਰੋਧ ਕਰਦਿਆਂ ਉੱਚ ਪੱਧਰੀ ਜਾਂਚ ਕਰਵਾਉਣ ਤੇ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹਾ ਨਾ ਕੀਤੇ ਜਾਣ ’ਤੇ ਜਥੇਬੰਦੀ ਸੰਘਰਸ਼ ਵਿੱਢੇਗੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਗੁਰੀ, ਬੀਰ ਸਿੰਘ ਨਿਆਲ ਅਤੇ ਮਹਿੰਦਰ ਖਾਂਗ ਨੇ ਦੱਸਿਆ ਕਿ ਪਾਤੜਾਂ ਬਾਈਪਾਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਰ ਖੇਤ ਤੱਕ ਹੀ ਪਾਣੀ ਪਹੁੰਚਾਉਣ ਦੇ ਕੀਤੇ ਦਾਅਵੇ ਤਹਿਤ ਖਸਤਾ ਹਾਲਤ ਨਹਿਰਾਂ ਅਤੇ ਰਜਬਾਹਿਆਂ ਨੂੰ ਕੰਕਰੀਟ ਨਾਲ ਦੁਬਾਰਾ ਬਣਾਇਆ ਜਾ ਰਿਹਾ ਹੈ, ਜੋ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਹੈ ਪਰ ਕਈ ਥਾਵਾਂ ’ਤੇ ਨਹਿਰਾਂ ਤੇ ਰਜਬਾਹੇ ਨਹਿਰੀ ਵਿਭਾਗ ਅਤੇ ਠੇਕੇਦਾਰ ਦੀ ਮਿਲੀ-ਭੁਗਤ ਨਾਲ ਸਹੀ ਨਹੀਂ ਬਣ ਰਹੇ। ਉਨ੍ਹਾਂ ਕਿਹਾ ਕਿ ਕਰਮਗੜ੍ਹ ਰਜਬਾਹਾ ਬਣਨ ਤੋਂ ਪਹਿਲਾਂ ਹੀ ਮਾਮੂਲੀ ਬਰਸਾਤ ਨਾਲ ਟੁੱਟ ਗਿਆ ਹੈ। ਰਜਬਾਹੇ ’ਚ ਇਕ ਕਲੋਨੀ ਮਾਲਕਾਂ ਨੇ ਸੀਵਰੇਜ ਦੇ ਪਾਈਪ ਪਾਏ ਹਨ। ਰਜਬਾਹੇ ਦੇਰਾਹ ’ਚ ਉੱਘੇ ਰੁੱਖਾਂ ਨੂੰ ਪੁੱਟਣ ਦੀ ਮਨਜ਼ੂਰੀ ਲੈਣ ਦੇ ਝੰਜਟ ਤੋਂ ਬਚਦਿਆਂ ਵਿਭਾਗ ਵੱਲੋਂ ਰੁੱਖਾਂ ਦੇ ਤਣਿਆਂ ’ਤੇ ਪਲਾਸਤਰ ਕਰਕੇ ਬੁੱਤਾ ਸਾਰਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਉੱਚ ਪੱਧਰ ਜਾਂਚ ਕਰਕੇ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਨਹਿਰੀ ਵਿਭਾਗ ਦੇ ਐੱਸਡੀਓ ਚੇਰੀ ਜਿੰਦਲ ਨੇ ਕਿਹਾ ਕਿ ਕਲੋਨੀ ਮਾਲਕਾਂ ਨੇ ਰਾਤ ਸਮੇਂ ਪਾਈਪ ਪਾਏ ਹਨ। ਪਾਣੀ ਨਾਲ ਮਿੱਟੀ ਰੁੜ੍ਹ ਜਾਣ ’ਤੇ ਨਵਾਂ ਬਣਿਆ ਰਜਬਾਹਾ ਟੁੱਟਿਆ ਹੈ। ਵਿਭਾਗ ਵੱਲੋਂ ਪਾਈਪ ਪਾਉਣ ਵਾਲੇ ਮਾਲਕਾਂ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਰੁੱਖਾਂ ਨੂੰ ਪੁੱਟਣ ਦੀ ਮਨਜ਼ੂਰੀ ਲੈ ਕੇ ਫਿਰ ਤੋਂ ਰਜਵਾਹਾ ਬਣਾਇਆ ਜਾਵੇਗਾ।