ਮਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਪੱਛੜਿਆ: ਹਰਦੀਪ ਪੁਰੀ
ਗੁਰਿੰਦਰ ਸਿੰਘ
ਲੁਧਿਆਣਾ, 12 ਜੂਨ
ਕੇਂਦਰੀ ਪੈਟਰੋਲੀਅਮ ਅਤੇ ਕੁੱਦਰਤੀ ਗੈਸ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇਥੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਹੋ ਰਹੀ ਤਰੱਕੀ ਅਤੇ ਸਰਬਪੱਖੀ ਵਿਕਾਸ ਨਾਲੋਂ ਪੰਜਾਬ ਟੁੱਟ ਕੇ ਪੱਛੜ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੋਣਾ ਪੈ ਰਿਹਾ ਹੈ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ 38 ਮਹੀਨੇ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਾਰ ਕਿਸੇ ਵੀ ਵੱਡੇ ਪ੍ਰਾਜੈਕਟ ਲਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਜਿੱਥੇ ਨਸ਼ਿਆਂ ਵਿੱਚ ਸੁਧਾਰ ਹੋਣ ਦੀ ਥਾਂ ਸਥਿਤੀ ਵਿਗੜ ਰਹੀ ਹੈ ਉਥੇ ਅਮਨ ਕਾਨੂੰਨ ਦੀ ਸਥਿਤੀ ਵੀ ਗੰਭੀਰ ਹੋ ਗਈ ਹੈ ਜਿਸ ਕਾਰਨ ਪੰਜਾਬ ਦੀ ਇੰਡਸਟਰੀ ਤੇ ਵਪਾਰ ਦੂਜੇ ਰਾਜਾਂ ਵਿੱਚ ਹਿਜ਼ਰਤ ਕਰਨ ਲਈ ਮਜ਼ਬੂਰ ਹੈ।
ਸ੍ਰੀ ਪੁਰੀ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਲਈ ਇਹ ਮੌਕਾ ਹੈ ਕਿ ਉਹ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਨੂੰ ਵੋਟ ਪਾ ਕੇ ਕਾਮਯਾਬ ਕਰਨ ਤਾਂ ਜੋ ਲੁਧਿਆਣੇ ਦਾ ਸਿੱਧਾ ਸਬੰਧ ਕੇਂਦਰ ਸਰਕਾਰ ਨਾਲ ਹੋ ਸਕੇ ਅਤੇ ਵਿਕਾਸ ਕਾਰਜਾਂ ਦੀ ਲਹਿਰ ਸ਼ੁਰੂ ਕੀਤੀ ਜਾ ਸਕੇ। ਉਨਾਂ ਕੇਂਦਰ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਪਿਛਲੇ ਸਮੇਂ ਦੌਰਾਨ ਵੱਖ-ਵੱਖ ਮੌਕਿਆਂ ’ਤੇ ਹੋਏ ਕੰਮਾਂ ਦਾ ਵਿਸਥਾਰਤ ਲੇਖਾ ਜੋਖਾ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਫ਼ੈਸਲਿਆਂ ਕਾਰਨ ਭਾਰਤ ਦੀ ਅਰਥਵਿਵਸਥਾ ਵਿਸ਼ਵ ਦੇ ਚੋਥੇ ਨੰਬਰ ਤੇ ਹੈ ਅਤੇ ਜੇਕਰ ਇਹ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਸੀਂ ਅਗਲੇ ਵਰ੍ਹੇ ਦੇ ਸ਼ੁਰੂ ਵਿੱਚ ਜਰਮਨੀ ਨੂੰ ਪਛਾੜਕੇ ਤੀਜੇ ਨੰਬਰ ਤੇ ਆ ਜਾਵਾਂਗੇ।
ਉਨ੍ਹਾਂ ਕਿਹਾ ਕਿ ਦੇਸ਼ ਨੇ ਜਿੰਨੀ ਤਰੱਕੀ ਪਿਛਲੇ 11 ਸਾਲ ਦੌਰਾਨ ਕੀਤੀ ਹੈ ਉਨੀ ਤਰੱਕੀ ਅੱਜ ਤੱਕ ਕਦੀ ਵੀ ਨਹੀਂ ਹੋਈ। ਉਨ੍ਹਾਂ ਦਿੱਲੀ ਦੀ ਆਪ ਸਰਕਾਰ ਦੇ 100 ਦਿਨ ਪੂਰੇ ਹੋਣ ਤੇ ਕੀਤੇ ਕੰਮਾਂ ਦਾ ਵੇਰਵਾ ਵੀ ਪੇਸ਼ ਕੀਤਾ। ਸ੍ਰੀ ਪੁਰੀ ਨੇ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਨਰਿੰਦਰ ਮੋਦੀ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐੱਮਐੱਸਪੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੀ ਆਮਦਨ ਲਗਾਤਾਰ ਵੱਧ ਰਹੀ ਹੈ। ਉਨਾਂ ਆਪਰੇਸ਼ਨ ਸਿੰਧੂਰ ਦੀ ਸਫ਼ਲਤਾ ਲਈ ਵਰਤੇ ਗਏ ਹਥਿਆਰਾਂ ਅਤੇ ਹੋਰ ਸਮਾਨ ਦੀ ਵੀ ਪ੍ਰਸ਼ੰਸਾ ਕੀਤੀ ਜਿਸ ਨਾਲ ਪਾਕਿ ਸਥਿਤ ਅਤਿਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਪੰਜਾਬ ਦੇ ਹਾਲਾਤ ਜਲਦੀ ਹੀ ਸੁਧਰਨਗੇ ਅਤੇ 2027 ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਸਰਬਪੱਖੀ ਵਿਕਾਸ ਦੀ ਲਹਿਰ ਸ਼ੁਰੂ ਹੋਵੇਗੀ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਬਣਾਏ ਗਏ ਹਲਵਾਰਾ ਹਵਾਈ ਅੱਡੇ ਤੋਂ ਜਲਦੀ ਹੀ ਉਡਾਨਾਂ ਸ਼ੁਰੂ ਹੋਣਗੀਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਰਾਣਾ ਗੁਰਮੀਤ ਸਿੰਘ ਸੋਢੀ, ਬਿਕਰਮਜੀਤ ਸਿੰਘ ਚੀਮਾ, ਨਰਿੰਦਰ ਰੈਣਾ, ਜੈਸਮੀਨ ਕੌਰ ਅਤੇ ਡਾ: ਸਤੀਸ਼ ਕੁਮਾਰ ਵੀ ਹਾਜ਼ਰ ਸਨ।