ਮਾਨ ਨੇ ਜ਼ਿਮਨੀ ਚੋਣ ਨੂੰ ਪਿਆਰ ਤੇ ਹੰਕਾਰ ਦੀ ਲੜਾਈ ਦੱਸਿਆ
ਕੱਪੜਿਆਂ ਵਾਂਗ ਪਾਰਟੀਆਂ ਬਦਲਣ ਵਾਲੇ ਆਗੂ ਕਰਨਗੇ ਧੋਖਾ: ਮੁੱਖ ਮੰਤਰੀ
ਗਗਨਦੀਪ ਅਰੋੜਾ
ਲੁਧਿਆਣਾ, 7 ਜੂਨ
ਲੁਧਿਆਣਾ ਦੇ ਵਿਧਾਨਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਪੁੱਜੇ ਜਿਥੇ ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਲਈ ਜਵਾਹਰ ਨਗਰ ਕੈਂਪ ਤੇ ਸਰਾਭਾ ਨਗਰ ਇਲਾਕੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਤੇ ਵੋਟਾਂ ਮੰਗਣ ਲਈ ਰੈਲੀਆਂ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਚੋਣ ਪਿਆਰ ਤੇ ਹੰਕਾਰ ’ਚੋਂ ਇੱਕ ਨੂੰ ਚੁਣਨ ਦੀ ਹੈ। ਹੰਕਾਰ ਤੁਸੀ ਕਾਂਗਰਸ ਦੇ ਉਮੀਦਵਾਰ ਦਾ ਦੇਖ ਹੀ ਚੁੱਕੇ ਹੋ, ਉਹ ਕਿਸੇ ਕੋਲੋਂ ਛੁਪਿਆ ਨਹੀਂ। ਦੂਜੇ ਪਾਸੇ ਲੋਕਾਂ ਨੂੰ ਪਿਆਰ ਕਰਨ ਵਾਲਾ ਉਮੀਦਵਾਰ ਸੰਜੀਵ ਅਰੋੜਾ ਸਾਰਿਆਂ ਦੇ ਸਾਹਮਣੇ ਹੈ। ਹੁਣ 19 ਜੂਨ ਨੂੰ ਲੋਕਾਂ ਨੇ ਚੋਣ ਕਰਨੀ ਹੈ, ਕਿ ਉਨ੍ਹਾਂ ਨੂੰ ਪਿਆਰ ਕਰਨ ਵਾਲਾ ਵਿਧਾਇਕ ਚਾਹੀਦਾ ਹੈ, ਜਾਂ ਫਿਰ ਹੰਕਾਰਿਆਂ ਹੋਇਆ ਲੋਕਾਂ ਨੂੰ ਮਾੜਾ ਚੰਗਾ ਬੋਲਣ ਵਾਲਾ ਵਿਧਾਇਕ।
ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਹਰ ਨਗਰ ਤੇ ਸਰਾਭਾ ਨਗਰ ਦੋਵੇਂ ਪਾਸੇ ਰੈਲੀਆਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਪਾਰਟੀਆਂ ਨੇ ਦਹਾਕਿਆਂ ਤੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਜਿਹੜੇ ਆਗੂ ਕੱਪੜਿਆਂ ਵਾਂਗ ਪਾਰਟੀਆਂ ਬਦਲਦੇ ਹਨ, ਉਹ ਵੋਟ ਮਿਲ ਦੇ ਹੀ ਧੋਖਾ ਦੇਣਗੇ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਵੀ ਚਾਨਣਾ ਪਾਇਆ, ਜਿਸ ਵਿੱਚ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਇਤਿਹਾਸਕ ਸੁਧਾਰਾਂ ਤੋਂ ਲੈ ਕੇ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਨੈੱਟਵਰਕਾਂ ’ਤੇ ਸਖ਼ਤੀ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੰਜਾਬ ਦਾ ਦਿੱਲ ਹੈ ਤੇ ਸੰਜੀਵ ਅਰੋੜਾ ਦੇ ਦਿਲ ਵਿੱਚ ਲੁਧਿਆਣਾ ਹੈ, ਇਸ ਕਰਕੇ ਲੋਕ ਸੰਜੀਵ ਅਰੋੜਾ ਦੀ ਚੋਣ ਕਰਨ। ਉਨ੍ਹਾਂ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਪੜ੍ਹਿਆ ਲਿੱਖਿਆ ਤਬਕਾ ਵੋਟਿੰਗ ਵਾਲੇ ਦਿਨ ਨੂੰ ਛੁੱਟੀ ਸਮਝ ਲੈਂਦਾ ਹੈ, ਜਦਕਿ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਸੀ ਵੋਟ ਕਰੋ। ਵੋਟ ਪਾ ਕੇ ਤੁਸੀ ਕਿਤੇ ਵੀ ਛੁੱਟੀ ਮਨਾਉਣ ਚਲੇ ਜਾਓ। ਪਰ 19 ਜੂਨ ਨੂੰ ਸਭ ਵੋਟਾਂ ਜ਼ਰੂਰ ਪਾਓ। ਉਨ੍ਹਾਂ ਕਿਹਾ ਕਿ ਅਗਰ ਹਲਕਾ ਪੱਛਮੀ ਤੋਂ ਸੰਜੀਵ ਅਰੋੜਾ ਜੇਤੂ ਹੁੰਦੇ ਹਨ ਤਾਂ ਹਲਕੇ ਦੀ ਹਰ ਮੰਗ ਨੂੰ ਉਹ ਕੁੱਝ ਹੀ ਦਿਨਾਂ ਵਿੱਚ ਪੂਰਾ ਕਰ ਦੇਣਗੇ। ਹੁਣ ਵੀ ਸਭ ਤੋਂ ਵੱਧ ਵਿਕਾਸ ਕਾਰਜ਼ ਇਸੇ ਹਲਕੇ ਵਿੱਚ ਸੰਜੀਵ ਅਰੋੜਾ ਵੱਲੋਂ ਕਰਵਾਏ ਗਏ ਹਨ। ਇਸ ਮੌਕੇ ’ਤੇ ਕਈ ਕੈਬਨਿਟ ਮੰਤਰੀ ਤੇ ਕਈ ਵਿਧਾਇਕ ਵੀ ਮੌਜੂਦ ਸਨ।