ਮਾਨਸਾ ਦੇ ਤਿੰਨ ਵਿਧਾਇਕਾਂ ਵੱਲੋਂ ਨਸ਼ਾ ਰੋਕੂ ਕਮੇਟੀਆਂ ਦੇ ਆਗੂਆਂ ਨਾਲ ਮੀਟਿੰਗਾਂ
ਜੋਗਿੰਦਰ ਸਿੰਘ ਮਾਨ
ਮਾਨਸਾ, 23 ਮਈ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਨਸ਼ਾ ਰੋਕੂ ਰੱਖਿਆ ਕਮੇਟੀਆਂ ਅਤੇ ਪਿੰਡ ਦੇ ਵਸਨੀਕਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਵਿਧਾਇਕਾਂ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਸਿਰਸੀਵਾਲਾ, ਗੋਬਿੰਦਪੁਰਾ, ਫੁੱਲੂਵਾਲਾ ਡੋਡ, ਭਾਈਦੇਸਾ, ਕੱਲੋ, ਕੋਟਲੀ, ਦੂਲੋਵਾਲ ਅਤੇ ਘਰਾਂਗਣਾ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜਾਗਰੂਕਤਾ ਬੈਠਕਾਂ ਕੀਤੀਆਂ ਗਈਆਂ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢੀ ਮੁਹਿੰਮ ਦਾ ਹੁਣ ਲੋਕਾਂ ਵੱਲੋਂ ਵੱਡੀ ਗਿਣਤੀ ’ਚ ਸਾਥ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਸਹਿਯੋਗ ਸਦਕਾ ਪੁਲੀਸ ਨੇ ਕਈ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਾਨਸਾ ਦੇ ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਬੁਰੀ ਆਦਤ ਵਿੱਚ ਫਸੇ ਲੋਕਾਂ ਨੂੰ ਮੁੜ ਤੋਂ ਸਮਾਜ ਦਾ ਜ਼ਿੰਮੇਵਾਰ ਹਿੱਸਾ ਬਣਾਉਣ ਲਈ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਲੋਕਾਂ ਦੇ ਜੋਸ਼ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ। ਜਦੋਂ ਜਲਦ ਹੀ ਸੂਬਾ ਨਸ਼ਾ ਮੁਕਤੀ ਦੀ ਲਕੀਰ ਨੂੰ ਛੁਹੇਗਾ ਅਤੇ ਸੂਬੇ ਨੂੰ ਨਸ਼ਾ ਤਸਕਰਾਂ ਅਤੇ ਨਸ਼ੇ ਤੋਂ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਭ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।