ਮਾਨਸਾ ’ਚ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਥਾਣੇ ਅੱਗੇ ਧਰਨਾ
ਪੱਤਰ ਪ੍ਰੇਰਕ
ਮਾਨਸਾ, 17 ਮਈ
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੀ ਅਗਵਾਈ ਹੇਠ ਅੱਜ ਇਥੇ ਥਾਣਾ ਸਿਟੀ-1 ਮਾਨਸਾ ਅੱਗੇ ਔਰਤਾਂ ਵੱਲੋਂ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਇੱਕ ਨਿੱਜੀ ਫਾਇਨਾਂਸ ਕੰਪਨੀ ਵੱਲੋਂ ਕਰਜ਼ਾ ਦੇਣ ਦੇ ਨਾਮ ਹੇਠ ਔਰਤਾਂ ਨਾਲ ਲੱਖਾਂ ਰੁਪਏ ਦੀ ਹੇਰ-ਫੇਰੀ ਕੀਤੀ ਗਈ ਹੈ। ਧਰਨੇ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਐਲਾਨ ਕੀਤਾ ਕਿ ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਉਣ ਅਤੇ ਕਸੂਰਵਾਰਾਂ ਖ਼ਿਲਾਫ਼ ਕਰਵਾਈ ਕਰਵਾਉਣ ਸਬੰਧੀ 20 ਮਈ ਨੂੰ ਮਾਨਸਾ ਦੇ ਐੱਸਐੱਸਪੀ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਪ੍ਰਾਈਵੇਟ ਫਾਇਨਾਂਸ ਕੰਪਨੀ ਵੱਲੋਂ ਕਰਜ਼ਾ ਦੇਣ ਸਬੰਧੀ ਔਰਤਾਂ ਨਾਲ ਵੱਡੀ ਪੱਧਰ ’ਤੇ ਹੇਰ-ਫੇਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ, ਪਿੰਡ ਅਤਲਾ ਖੁਰਦ, ਬੀਰੋਕੇ ਕਲਾਂ, ਬਣਾਂਵਾਲੀ, ਮੌੜ ਮੰਡੀ, ਖੋਖਰ ਕਲਾਂ ਦੀਆਂ ਔਰਤਾਂ ਨੂੰ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਤੋਂ ਫਾਈਲ ਖਰਚੇ ਦੇ ਨਾਂ ’ਤੇ 2500 ਰੁਪਏ ਤੋਂ ਲੈ ਕੇ 5 ਹਜ਼ਾਰ ਰੁਪਏ ਲੈ ਕੇ ਆਪਣੀ ਕੰਪਨੀ ਦੀਆਂ ਰਸੀਦਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੰਪਨੀ ਦੇ ਇੱਕ ਆਦਮੀ ਵੱਲੋਂ ਔਰਤਾਂ ਨੂੰ 15 ਮਈ ਨੂੰ ਕਰਜ਼ਾ ਦੇ ਰੁਪਏ ਦੇਣ ਦੀ ਤਾਰੀਖ ਦੇਕੇ 14 ਮਈ ਨੂੰ ਹੀ ਇਥੇ ਦਾਣਾ ਮੰਡੀ ਦੇ ਨਜ਼ਦੀਕ ਖੋਲ੍ਹੇ ਆਪਣੇ ਦਫ਼ਤਰ ਨੂੰ ਬੰਦ ਕਰਕੇ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕੰਪਨੀ ਨੇ ਸਿਰਫ਼ ਇੱਕ ਮਹੀਨੇ ਦੀ ਪਲਾਨਿੰਗ ਬਣਾ ਕੇ ਸਿਰਫ਼ ਇੱਕ ਮਹੀਨੇ ਅੰਦਰ ਹੀ ਮਾਨਸਾ, ਬਠਿੰਡਾ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਪਿੰਡਾਂ ਦੀਆਂ ਆਮ ਔਰਤਾਂ ਨੂੰ ਠੱਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਵੱਲੋਂ ਇਨਸਾਫ਼ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਜੀਵਨ ਸਿੰਘ ਮਾਨਸਾ, ਸੋਨੀ ਸਿੰਘ, ਰਾਮ ਸਿੰਘ ਅਤਲਾ ਖੁਰਦ, ਸੁਖਜੀਤ ਕੌਰ, ਬਲਜੀਤ ਕੌਰ ਤੇ ਕੁਲਵੰਤ ਸਿੰਘ ਮੌੜ ਵੀ ਮੌਜੂਦ ਸਨ।