ਮਾਨਸਾ ’ਚ ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਕੰਮ ਛੋੜ ਹੜਤਾਲ
ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੂਨ
ਸਿਹਤ ਵਿਭਾਗ ਵਿੱਚ ਕੰਮ ਕਰਦੇ ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਜ਼ਿਲ੍ਹਾ ਮਾਨਸਾ ਦੇ ਸਾਰੇ ਸੰਸਥਾਵਾਂ ਵਿੱਚ ਅੱਜ ਇੱਕ ਦਿਨ ਦੀ ਕੰਮ ਛੱਡੋ ਹੜਤਾਲ ਕੀਤੀ ਗਈ। ਇਸ ਹੜਤਾਲ ਦੌਰਾਨ ਸਿਹਤ ਸੰਸਥਾਵਾਂ ਵਿੱਚ ਐੱਨਸੀਡੀ ਸਕਰੀਨਿੰਗ ਕੰਪੇਨ, ਓਪੀਡੀ, ਕਲੀਨੀਕਲ ਡਿਊਟੀਆਂ, ਦਫ਼ਤਰੀ ਰਿਪੋਰਟਿੰਗ ਦਾ ਕੰਮ, ਆਨਲਾਈਨ ਅਤੇ ਆਫਲਾਈਨ ਟਰੇਨਿੰਗਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ।
ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਮਾਨਸਾ ਦੇ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਸਾਲ ਬੀਤਣ ਦੇ ਬਾਵਜੂਦ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ, ਪੰਜਾਬ ਸਰਕਾਰ ਵੱਲੋਂ ਐੱਨਐੱਚਐੱਮ ਕਰਮਚਾਰੀਆਂ ਦੀਆਂ ਮੰਗਾਂ ਹੱਲ ਕਰਨ ਦੀ ਬਜਾਏ ਲਾਰੇ ਲੱਪੇ ਲਾ ਕੇ ਤਿੰਨ ਸਾਲ ਦਾ ਸਮਾਂ ਲੰਘਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐੱਨਐੱਚਐੱਮ ਕਰਮਚਾਰੀਆਂ ਨੂੰ ਪੱਕੇ ਕਰਨਾ ਤਾਂ ਦੂਰ ਦੀ ਗੱਲ ਹੈ, ਬਲਕਿ ਸਰਕਾਰ ਸਮੇਂ-ਸਿਰ ਤਨਖਾਹਾਂ ਦੇਣ ਤੋਂ ਅਸਮਰੱਥ ਜਾਪਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਲਾਰੇ ਲੱਪੇ ਅਤੇ ਡੰਗ ਟਪਾਊ ਨੀਤੀ ਤੋਂ ਦੁਖੀ ਹੋ ਕੇ ਜਥੇਬੰਦੀ ਵੱਲੋਂ 15 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਵਿੱਚ ਮੌਜੂਦਾ ਸੱਤਾਧਾਰੀ ਪਾਰਟੀ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਵਿਸ਼ਵਦੀਪ ਸਿੰਘ, ਰਾਜਵੀਰ ਕੌਰ, ਵਰਿੰਦਰ ਮਹਿਤਾ, ਮੀਨਾਕਸ਼ੀ, ਰੋਬਿਨ ਮਿੱਤਲ, ਸ਼ਰਨਜੀਤ ਕੌਰ, ਲਵਲੀ ਗੋਇਲ, ਕਰਮਵੀਰ ਕੌਰ, ਹਰਿਸਮਰਨ ਸਿੰਘ, ਸੁਰਿੰਦਰ ਕੁਮਾਰ, ਰਾਜਵਿੰਦਰ ਕੌਰ, ਪਰਦੀਪ ਕੌਰ, ਬਲਜਿੰਦਰ ਕੌਰ, ਵੀਨਾ ਰਾਣੀ ਤੇ ਜਗਸੀਰ ਕੌਰ ਤੇ ਹੋਰ ਹਾਜ਼ਰ ਸਨ।