ਮਾਨਸਾ ’ਚ ਲਾਵਾਰਿਸ ਪਸ਼ੂਆਂ ਨੇ ਦੁਕਾਨ ’ਚ ਖੌਰੂ ਪਾਇਆ
ਪੱਤਰ ਪ੍ਰੇਰਕ
ਮਾਨਸਾ, 14 ਦਸੰਬਰ
ਸੈਰਗਾਹ ਰੋਡ ਨੇੜੇ ਲਾਵਾਰਿਸ ਪਸ਼ੂਆਂ ਨੇ ਅੰਮ੍ਰਿਤ ਗੋਇਲ ਦੇ ਦਫ਼ਤਰ ‘ਗੋਇਲ ਇੰਸ਼ੋਰੈਂਸ ਹੱਬ’ ’ਚ ਦਾਖ਼ਲ ਹੋ ਕੇ ਖੌਰੂ ਪਾਇਆ। ਇਹ ਪਸ਼ੂ ਭਿੜਕੇ ਹੋਏ ਦੁਕਾਨ ’ਚ ਵੜ ਗਏ ਜਿਥੇ ਉਨ੍ਹਾਂ ਸਾਮਾਨ ਤੇ ਦੁਕਾਨ ਦੇ ਬਾਹਰ ਲੱਗਿਆ ਸ਼ੀਸ਼ੇ ਦਾ ਗੇਟ ਤੋੜ ਦਿੱਤਾ। ਹਾਲਾਂਕਿ ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬੱਚਤ ਰਹੀ, ਪਰ ਮਾਲੀ ਨੁਕਸਾਨ ਵੱਡੀ ਪੱਧਰ ’ਤੇ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਆਵਾਰਾ ਪਸ਼ੂ ਨਾਲ ਲੱਗਦੇ ਸ਼ਨੀ ਮੰਦਰ ਦੇ ਆਸੇ-ਪਾਸੇ ਪਿਆ ਰਹਿੰਦਾ ਸਾਮਾਨ ਅਤੇ ਰਹਿੰਦ-ਖੂੰਹਦ ਖਾਣ ਲਈ ਅਕਸਰ ਹੀ ਇੱਥੇ ਆਉਂਦੇ ਰਹਿੰਦੇ ਹਨ।
ਸ਼ਹਿਰ ਵਾਸੀ ਅਸ਼ੋਕ ਸਪੋਲੀਆ, ਵਿਨੋਦ ਭੰਮਾ, ਗੁਰਮੰਤਰ ਸਿੰਘ, ਰਮਨਦੀਪ ਵਾਲੀਆ, ਜਗਦੀਸ਼ ਬਿੱਟੂ, ਰੋਹਤਾਸ ਸਿੰਗਲਾ, ਵਿਨੋਦ ਜਿੰਦਲ ਅਤੇ ਲਖਵੀਰ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸ਼ਹਿਰ ਮਾਨਸਾ ਅੰਦਰ ਪਸ਼ੂਆਂ ਦੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦਫ਼ਤਰ ਦੇ ਮੁੱਖ ਦਰਵਾਜ਼ੇ ਦਾ ਸ਼ੀਸ਼ਾ ਤੋੜ ਕੇ ਅੰਦਰ ਵੜੇ ਇਨ੍ਹਾਂ ਪਸ਼ੂਆਂ ਨੇ ਫਰਨੀਚਰ ਵੀ ਤੋੜ ਦਿੱਤਾ।
ਉਨ੍ਹਾਂ ਨੇ ਆਵਾਰਾ ਪਸ਼ੂਆਂ ਦੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਲਾਵਾਰਿਸ ਪਸ਼ੂਆਂ ਨੂੰ ਸ਼ਹਿਰ ਅੰਦਰੋਂ ਚੁੱਕ ਕੇ ਵੱਖ-ਵੱਖ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ ਤਾਂ ਜੋ ਭਵਿੱਖ ਵਿੱਚ ਸ਼ਹਿਰ ਅੰਦਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।