ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ ਪਿੰਡਾਂ ’ਚ ਜਾਗਰੂਕਤਾ ਰੈਲੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਜੂਨ
ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਅੱਜ ਕਮਿਊਨਿਟੀ ਹੈਲਥ ਸੈਂਟਰ ਬਾਬੈਨ, ਡੀਗ ਤੇ ਟਾਟਕਾ ਅਧੀਨ ਆਉਂਦੇ ਪਿੰਡਾਂ ਵਿਚ ਜਾਗਰੂਕਤਾ ਰੈਲੀ ਕੀਤੀ ਗਈ ਅਤੇ ਵਰਕਸ਼ਾਪ ਵੀ ਲਾਈ ਗਈ। ਇਹ ਪ੍ਰੋਗਰਾਮ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਕੀਤਾ ਗਿਆ। ਇਸ ਵਿਚ ਵੱਡੀ ਗਿਣਤੀ ਸਿਹਤ ਕਰਮਚਾਰੀਆਂ, ਆਂਗਣਵਾੜੀ ਸੁਪਰਵਾਈਜ਼ਰ, ਸਕੂਲੀ ਬੱਚੇ, ਔਰਤਾਂ ਆਦਿ ਨੇ ਹਿੱਸਾ ਲਿਆ। ਇਹ ਰੈਲੀ ਕਮਿਊਨਿਟੀ ਹੈਲਥ ਸੈਂਟਰ ਬਾਬੈਨ ਤੋਂ ਸ਼ੁਰੂ ਹੋਈ ਤੇ ਮੁੱਖ ਬਾਜ਼ਾਰ ਤੇ ਆਲੇ-ਦੁਆਲੇ ਦੇ ਪਿੰਡਾਂ ਵਿਚੋਂ ਲੰਘੀ। ਰੈਲੀ ਵਿਚ ਹਿੱਸਾ ਲੈਣ ਵਾਲਿਆਂ ਨੇ ਬੇਟੀ ਇਕ ਅਨਮੋਲ ਹੀਰਾ ਹੈ, ਬੇਟੀ ਨੂੰ ਪੜਾਓ, ਸਮਾਜ ਦਾ ਵਿਕਾਸ ਕਰੋ ਵਰਗੇ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਰੈਲੀ ਮਗਰੋਂ ਵਰਕਸ਼ਾਪ ਨੂੰ ਮੁੱਖ ਬੁਲਾਰਿਆਂ ਐੱਸਐੱਮਓ ਡਾ. ਰਮਨ ਜੈਨ, ਡਾ. ਰਿਸ਼ੀ ਸੈਣੀ ਤੇ ਡਾ. ਅਰਚਿਤਾ ਨੇ ਸੰਬੋਧਨ ਕੀਤਾ ਅਤੇ ਮਾਦਾ ਭਰੂਣ ਹੱਤਿਆ ਦੇ ਮਾੜੇ ਪ੍ਰਭਾਵਾਂ ਤੇ ਪੀਸੀਪੀਐੱਨਡੀਟੀ ਐਕਟ ਤਹਿਤ ਕਾਨੂੰਨੀ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਰੂਣ ਦਾ ਲਿੰਗ ਨਿਰਧਾਰਨ ਕਰਵਾਉਣਾ ਸਜ਼ਾ ਯੋਗ ਅਪਰਾਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਵਿਅਕਤੀ ਵਲੋਂ ਭਰੂਣ ਹੱਤਿਆ ਕਰਨ ਜਾਂ ਕਰਵਾਉਣ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ 104 ਨੰਬਰ ’ਤੇ ਡਾਇਲ ਕਰਕੇ ਇਸ ਬਾਰੇ ਜਾਣਕਾਰੀ ਦੇਵੇ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਗਰਭਪਾਤ ਕਰਵਾਉਣ ਵਾਲੇ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਸਰਕਾਰ ਵਲੋਂ ਦਸ ਹਜ਼ਾਰ ਰੁਪਏ ਦੇਵੇਗੀ ਤੇ ਅਲਟਰਾਸਾਊਂਡ ਰਾਹੀਂ ਦੱਸਣ ਵਾਲੇ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਤੱਕ ਦਾ ਇਨਾਮ ਰੱਖਿਆ ਗਿਆ ਹੈ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਕ ਸਜਾਯੋਗ ਅਪਰਾਧ ਹੈ ਤੇ ਇਸ ਵਿਚ ਡਾਕਟਰਾਂ ਤੋਂ ਇਲਾਵਾ ਪਰਿਵਾਰਕ ਮੈਂਬਰਾ ਤੇ ਭਰੂਣ ਜਾਂਚ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਇਸ ਮੌਕੇ ਭਰੂਣ ਹੱਤਿਆ ਦੇ ਸਮਾਜਿਕ ਤੇ ਨੈਤਿਕ ਨਤੀਜਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਸਿਹਤ ਕੇਂਦਰ ਦੀਆਂ ਆਸ਼ਾ ਤੇ ਆਂਗਣਵਾੜੀ ਸੁਪਰਵਾਈਜ਼ਰਾਂ ਨੇ ਵੀ ਪਿੰਡ ਵਾਸੀਆਂ ਨੂੰ ਆਪਣੀਆਂ ਧੀਆਂ ਨੂੰ ਬਰਾਬਰ ਦਾ ਹੱਕ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮੌਜੂਦ ਲੋਕਾਂ ਨੂੰ ਸਹੁੰ ਚੁਕਾਈ ਗਈ ।