ਮਾਤ-ਭਾਸ਼ਾਵਾਂ ਰਾਹੀਂ ਸਿੱਖਿਆ ਦੀ ਪਹਿਲਕਦਮੀ ਸ਼ਲਾਘਾਯੋਗ: ਬਾਵਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 31 ਜੁਲਾਈ
ਐਮਐਲਡੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਪੰਜਾਬ ਸਕੂਲਜ਼ ਐਸੋਸੀਏਸ਼ਨ ਦੇ ਆਗੂ ਪ੍ਰਿੰ. ਬਲਦੇਵ ਬਾਵਾ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਰਾਹੀਂ ਦੇਸ਼ ਦੀ ਹਰ ਭਾਸ਼ਾ ਨੂੰ ਸਨਮਾਨ ਦੇਣਾ ਸਲਾਹੁਣਯੋਗ ਹੈ। ਵਿਦਿਆਰਥੀਆਂ ਨੂੰ ਸਿੱਖਿਆ ਲਈ ਆਪਣੀ ਮਾਤ-ਭਾਸ਼ਾ ਚੁਣਨ ਦੀ ਖੁੱਲ੍ਹ ਹੋਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਤ-ਭਾਸ਼ਾ ਨੂੰ ਪ੍ਰਫੁੱਲਤ ਕਰਨ ਅਤੇ ਸਦੀਵੀ ਰੱਖਣ ਦਾ ਇਕ ਅਹਿਮ ਉਪਰਾਲਾ ਹੈ। ਇਹ ਫ਼ੈਸਲਾ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਬੋਲੀਆਂ, ਵਿਰਾਸਤ, ਸਭਿਆਚਾਰ, ਇਤਿਹਾਸ, ਸਾਹਿਤ ਅਤੇ ਅਮੀਰ ਪਰੰਪਰਾਵਾਂ ਦੀ ਰਾਖੀ ਕਰੇਗਾ। ਇਸ ਨਾਲ ਦੇਸ਼ ਦੇ ਹਰ ਵਰਗ ਦਾ ਗੌਰਵਮਈ ਇਤਿਹਾਸ ਅਤੇ ਭਾਸ਼ਾ ਹੋਰ ਵਿਕਾਸ ਕਰੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪੂਰਵਜਾਂ ਦੇ ਸਸਕਾਰ ਅਪਣਾ ਕੇ ਮਾਣ ਮਹਿਸੂਸ ਕਰਨਗੀਆਂ। ਇਸ ਨਾਲ ਵਿਦਿਅਕ ਵਿਕਾਸ ਦੀਆਂ ਸੰਭਾਵਨਾਵਾਂ ਵੀ ਬਿਹਤਰ ਹੋਣਗੀਆਂ ਅਤੇ ਇਹ ਫ਼ੈਸਲਾ ਮੱਧ ਵਰਗੀ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ। ਪ੍ਰਿੰ. ਬਾਵਾ ਨੇ ਕਿਹਾ ਕਿ ਐਨਸੀਆਰਟੀ ਵੀ ਹੁਣ 22 ਭਾਸ਼ਾਵਾਂ ‘ਚ ਕਿਤਾਬਾਂ ਛਾਪੇਗੀ ਜਿਸ ਨਾਲ ਹਰ ਭਾਸ਼ਾ ਦਾ ਵਿਕਾਸ ਸੰਭਵ ਹੋਵੇਗਾ। ਸਿੱਖਿਆ ਦੇ ਖੇਤਰ ’ਚ ਇਹ ਪਹਿਲਕਦਮੀ ਸ਼ਲਾਘਾਯੋਗ ਹੈ।