ਮਾਤਰ ਸੱਤਾ, ਪਿੱਤਰ ਸੱਤਾ, ਨਾਰੀਵਾਦ ਅਤੇ ਬਰਾਬਰੀ
ਜਸਪ੍ਰੀਤ ਕੌਰ ਜੱਸੂ
ਸੱਤਾ ਵਿੱਚ ਦੂਜਿਆਂ ਦੇ ਕਾਰਜ ਕੰਟਰੋਲ ਕਰਨ ਦੀ ਕਾਬਲੀਅਤ, ਦੂਜਿਆਂ ਤੋਂ ਹੁਕਮ ਮਨਾਉਣਾ, ਤੰਗ ਤੇ ਕਾਬੂ ਕਰਨਾ, ਦੂਜਿਆਂ ਦੀ ਆਜ਼ਾਦੀ ਵਿੱਚ ਦਖ਼ਲਅੰਦਾਜ਼ੀ ਕਰਨਾ, ਉਨ੍ਹਾਂ ਨੂੰ ਕਿਸੇ ਖ਼ਾਸ ਤਰੀਕੇ ਕੰਮ ਕਰਨ ਲਈ ਮਜਬੂਰ ਕਰਨਾ, ਦੂਜਿਆਂ ਦੇ ਸਾਧਨਾਂ ਨੂੰ ਕਾਬੂ ਕਰਨਾ ਸ਼ਾਮਿਲ ਹੈ। ਕਾਰਲ ਮਾਰਕਸ ਸੱਤਾ ਨੂੰ ਸਮਾਜਿਕ ਵਰਗਾਂ ਨਾਲ ਸਬੰਧਿਤ ਸਮਝਦਾ ਸੀ। ਸੱਤਾ ਉਤਪਾਦਨ ਦੇ ਸਬੰਧਾਂ ਵਿੱਚ ਕਿਸੇ ਦੀ ਸਮਾਜਿਕ ਵਰਗ ਸਥਿਤੀ ’ਤੇ ਨਿਰਭਰ ਕਰਦੀ ਹੈ। ਸਰਮਾਏਦਾਰੀ ਵਰਗ ਵਿੱਚ ਉਤਪਾਦਨ ਦੇ ਸਾਧਨਾਂ ’ਤੇ ਕਾਬਜ਼ ਵਿਅਕਤੀ ਹੀ ਸੱਤਾਧਾਰੀ ਹੁੰਦੇ ਹਨ। ਸੱਤਾ ਚਲਾਉਣ ਲਈ ਇੱਕ ਅਦਾਰੇ ਜਾਂ ਏਜੰਸੀ ਦੀ ਜ਼ਰੂਰਤ ਹੁੰਦੀ ਹੈ।
ਮੁੱਢਲੇ ਸਮਾਜ ਵਿੱਚ ਮਨੁੱਖ ਆਪਣੇ ਆਪ ਨੂੰ ਜਾਨਵਰਾਂ ਨਾਲੋਂ ਵੱਖ ਕਰ ਰਿਹਾ ਸੀ ਤਾਂ ਜੰਗਲਾਂ ਵਿੱਚ ਰਹਿੰਦਾ ਸੀ। ਸ਼ਿਕਾਰ ਕਰਕੇ, ਕੰਦ-ਮੂਲ ਖਾ ਕੇ ਗੁਜ਼ਾਰਾ ਕਰਦਾ ਸੀ। ਉਦੋਂ ਔਰਤ ਤੇ ਮਰਦ ਬਰਾਬਰੀ ਵਾਲੀ ਜ਼ਿੰਦਗੀ ਜਿਉਂਦੇ ਸਨ। ਵਿਆਹ ਕਿਸੇ ਵੀ ਰੂਪ ਵਿੱਚ ਬੰਧਨ ਦੀ ਚਾਬੀ ਨਹੀਂ ਸੀ। ਔਰਤ ਆਪਣੇ ਕਬੀਲੇ ਨਾਲ ਜੁੜੀ ਹੋਈ ਸੀ, ਮਰਦ ਦੀ ਦਾਸੀ ਨਹੀਂ ਸੀ। ਕਬੀਲੇ ਵਿੱਚ ਉਸ ਨੂੰ ਮੁੱਢਲੇ ਸਥਾਨ ਪ੍ਰਾਪਤ ਸਨ। ਕਬੀਲੇ ਦਾ ਨਾਂ ਮਾਂ ਦੇ ਨਾਮ ਨਾਲ ਚੱਲਦਾ ਸੀ। ਸਮੂਹਿਕ ਜਾਇਦਾਦ ਦੀ ਸਵਾਮੀ ਵੀ ਔਰਤ ਹੁੰਦੀ ਸੀ। ਔਰਤ ਦੀ ਤੁਲਨਾ ਧਰਤੀ ਨਾਲ ਕੀਤੀ ਗਈ। ਕਬੀਲੇ ਵਿੱਚ ਰਹਿਣ ਕਾਰਨ ਔਰਤਾਂ ਦੀ ਭੂਮਿਕਾ ਵਿਸ਼ਾਲ ਹੁੰਦੀ ਗਈ। ਇਸ ਲਈ ਮਰਦ ਨੇ ਔਰਤ ਨੂੰ ਦੇਵੀ ਦੇ ਰੂਪ ਵਿੱਚ ਪੂਜਿਆ। ਇਸ ਲਈ ਇਸ ਯੁੱਗ ਨੂੰ ਮਾਂ ਸ਼ਾਸਤ ਸਮਾਜ, ਮਾਂ ਪ੍ਰਧਾਨ ਜਾਂ ਮਾਤਰੀ ਪ੍ਰਧਾਨ ਸਮਾਜ ਕਹਿ ਸਕਦੇ ਹਾਂ। ਮੁੱਢਲੇ ਕਾਲ ਵਿੱਚ ਕਬੀਲਿਆਂ ਅੰਦਰ ਖੁੱਲ੍ਹੇ ਜਿਨਸੀ ਸਬੰਧ ਪ੍ਰਚੱਲਤ ਸਨ, ਪਰ ਸਮੇਂ ਦੇ ਨਾਲ ਇਨ੍ਹਾਂ ਸਬੰਧਾਂ ’ਤੇ ਬੰਦਿਸ਼ਾਂ ਲੱਗ ਲੱਗੀਆਂ। ਹੌਲੀ-ਹੌਲੀ ਮੁੱਢਲੇ ਕਿਸਮ ਦੇ ਜੋੜਾ ਟੱਬਰ ਹੋਂਦ ਵਿੱਚ ਆਏ। ਇਸੇ ਆਧਾਰ ’ਤੇ ਵਿਅਕਤੀਗਤ ਨਿੱਜੀ ਸੰਪੱਤੀ, ਸੰਤਾਨ ਅਤੇ ਉਤਰਾਧਿਕਾਰ ਦੀ ਸਥਾਪਨਾ ਹੋਈ। ਨਿੱਜੀ ਜਾਇਦਾਦ ਦੀ ਸੰਸਥਾ ਨੇ ਔਰਤ ਨੂੰ ਮਰਦ ਦੀ ਦਾਸੀ ਬਣਾ ਦਿੱਤਾ ਅਤੇ ਮਾਤਰੀ ਪ੍ਰਧਾਨ ਸਮਾਜ ਦਾ ਅੰਤ ਹੋ ਕੇ ਪਿੱਤਰ ਸੱਤਾ ਸਥਾਪਿਤ ਹੋ ਗਈ।
ਪਿੱਤਰ ਸੱਤਾ ਦਾ ਅਰਥ ਹੈ ਮਰਦ ਪ੍ਰਧਾਨਤਾ। ਪਿੱਤਰ ਸੱਤਾ ਅਜਿਹੀ ਸਮਾਜਿਕ ਵਿਵਸਥਾ ਹੈ ਜਿਸ ਵਿੱਚ ਮਰਦਾਂ ਨੂੰ ਉੱਤਮ ਮੰਨਿਆ ਜਾਂਦਾ ਹੈ। ਇਸ ਸੱਤਾ ਵਿੱਚ ਮਰਦਾਂ ਕੋਲ ਤਿੰਨ ਚੀਜ਼ਾਂ ਦਾ ਕੰਟਰੋਲ ਹੈ। ਪਹਿਲਾ ਆਰਥਿਕ, ਸਮਾਜਿਕ, ਰਾਜਨੀਤਿਕ ਹਰ ਤਰ੍ਹਾਂ ਦੇ ਸਾਧਨਾਂ ਉੱਤੇ; ਦੂਜਾ ਫ਼ੈਸਲਾ ਲੈਣ ਦੀ ਸ਼ਕਤੀ; ਤੀਜਾ ਵਿਚਾਰਧਾਰਾ ਉੱਤੇ। ਔਰਤਾਂ ਕਦੋਂ ਉੱਠਣ, ਕਦੋਂ ਜਾਗਣ, ਕਿੱਥੇ ਜਾਣ, ਕਿੱਥੇ ਨਾ ਜਾਣ, ਉਹੀ ਦੱਸਦੇ ਹਨ। ਇੱਥੋਂ ਤੱਕ ਕਿ ਪ੍ਰਜਣਨ ਸ਼ਕਤੀ ਨੂੰ ਵੀ ਪਿੱਤਰ ਸੱਤਾ ਨੇ ਕੰਟਰੋਲ ਕੀਤਾ ਹੋਇਆ ਹੈ। ਪ੍ਰਜਣਨ ਸ਼ਕਤੀ ਕੁਦਰਤ ਦੀ ਦਾਤ ਹੈ, ਪਰ ਔਰਤਾਂ ਫ਼ੈਸਲਾ ਨਹੀਂ ਕਰ ਸਕਦੀਆਂ। ਸਾਰੀਆਂ ਸਮਾਜਿਕ ਸੰਸਥਾਵਾਂ ਉੱਤੇ ਵੀ ਮਰਦਾਂ ਦਾ ਹੱਕ ਹੈ। ਪਰਿਵਾਰ ਪਿੱਤਰ ਸੱਤਾ ਦਾ ਪ੍ਰਾਇਮਰੀ ਸਕੂਲ ਹੈ। ਇੱਥੇ ਦੇਖਣ-ਸੁਣਨ ਢੰਗਾਂ ਨਾਲ ਪਿੱਤਰ ਸੱਤਾ ਸਿਖਾਈ ਜਾਂਦੀ ਹੈ। ਦੇਖਣ-ਸੁਣਨ ਸਵੇਰ ਤੋਂ ਲੈ ਕੇ ਰਾਤ ਤੱਕ ਚਲਦਾ ਹੈ। ਜਾਂ ਤਾਂ ਦੇਖ ਕੇ ਸਿੱਖ ਲਉ, ਜੇ ਨਹੀਂ ਦੇਖਿਆ ਤਾਂ ਸੁਣ ਕੇ ਅਤੇ ਜੇ ਦੇਖ-ਸੁਣ ਕੇ ਵੀ ਨਹੀਂ ਸਿੱਖਿਆ ਤਾਂ ਤੁਹਾਨੂੰ ਦੰਡ ਦਿੱਤਾ ਜਾਵੇਗਾ। ਜਿਸ ਨਾਲ ਕੁੜੀ ਦਾ ਵਿਆਹ ਹੁੰਦਾ ਹੈ, ਉਸ ਲਈ ਪਤੀ ਸ਼ਬਦ ਵਰਤਿਆ ਜਾਂਦਾ ਹੈ ਤੇ ਪਤੀ ਦਾ ਅਰਥ ਪਾਲਣਹਾਰਾ ਜਾਂ ਮਾਲਕ। ਵਿਆਹ ਦੇ ਰਿਸ਼ਤੇ ਵਿੱਚ ਜੇ ਇੱਕ ਮਾਲਕ ਹੈ ਤਾਂ ਜ਼ਾਹਰ ਹੈ ਦੂਜਾ ਗ਼ੁਲਾਮ ਹੀ ਹੈ। ਫਿਰ ਉਹ ਰਿਸ਼ਤਾ ਕਿਹੋ ਜਿਹਾ ਹੋਵੇਗਾ ਜਿਸ ਵਿੱਚ ਇੱਕ ਮਾਲਕ ਤੇ ਦੂਜਾ ਗ਼ੁਲਾਮ ਹੋਵੇ? ਬਦਕਿਸਮਤੀ ਨਾਲ ਪਿੱਤਰ ਸੱਤਾ ਨੂੰ ਸਿਰਫ਼ ਮਰਦ ਹੀ ਨਹੀਂ ਮੰਨਦੇ ਸਗੋਂ ਔਰਤਾਂ ਵੀ ਇਸ ਨੂੰ ਪੂਰੀ ਤਰ੍ਹਾਂ ਮੰਨਦੀਆਂ ਹਨ। ਪਿੱਤਰ ਸੱਤਾ ਇੱਕ ਅਜਿਹੀ ਮਾਨਸਿਕ ਗ਼ੁਲਾਮੀ ਹੈ ਜਿਸ ਦਾ ਅਹਿਸਾਸ ਸੌਖਾ ਨਹੀਂ ਹੁੰਦਾ। ਇਹ ਪਿਆਰ, ਧਿਆਨ, ਰਾਖੀ ਅਤੇ ਮੋਹ ਵਰਗੇ ਮਿੱਠੇ ਜਜ਼ਬੇ ਰਾਹੀਂ ਬੇੜੀਆਂ ਪਾ ਕੇ ਰੱਖਦੀ ਹੈ। ਸਮਾਜ ਦੀਆਂ ਬਹੁਗਿਣਤੀ ਔਰਤਾਂ ਦੇ ਹਾਲਾਤ ਬਾਰੇ ਸੋਚਦਿਆਂ ਘਰੇਲੂ ਹਿੰਸਾ ਦਾ ਉਹ ਵਰਤਾਰਾ ਸਾਹਮਣੇ ਆਉਂਦਾ ਹੈ ਜਿਹੜਾ ਉਨ੍ਹਾਂ ਨੂੰ ਮਨੁੱਖ ਹੋਣ ਦਾ ਅਹਿਸਾਸ ਨਹੀਂ ਹੋਣ ਦਿੰਦਾ। ਸਮਾਜ ਦੀ ਇਹ ਬਹੁਗਿਣਤੀ ਘਰੇਲੂ ਹਿੰਸਾ ਦੀ ਆਦੀ ਹੋ ਜਾਂਦੀ ਹੈ। ਪਿੱਤਰ ਸੱਤਾ ਅਜਿਹਾ ਵਿਚਾਰ ਹੈ ਜਿਹੜਾ ਪਿਆਰ, ਸੁਰੱਖਿਆ ਅਤੇ ਦੇਖਭਾਲ ਦੇ ਨਾਂ ਹੇਠ ਇੱਕ ਵਰਗ ਨੂੰ ਨੀਵੇਂ, ਕਮਜ਼ੋਰ ਹੋਣ ਦਾ ਅਹਿਸਾਸ ਕਰਵਾ ਕੇ ਉਸ ਦੀ ਆਜ਼ਾਦੀ, ਸਵੈ-ਨਿਰਭਰਤਾ ਖੋਹ ਲੈਂਦਾ ਹੈ। ਦੂਜੇ ਪਾਸੇ ਮਰਦਾਂ ਦਾ ਉਹ ਹਿੱਸਾ ਹੈ ਜੋ ਇਸ ਦਾਬੇ ਦਾ ਵਿਰੋਧ ਕਰਦਾ ਹੈ। ਇਹ ਹਿੱਸਾ ਸਮਾਜ ਦਾ ਚੇਤੰਨਸ਼ੀਲ ਤਬਕਾ ਹੈ ਜਿਹੜਾ ਔਰਤ ਦੇ ਬਰਾਬਰ ਦੇ ਰੁਤਬੇ ਤੇ ਸਨਮਾਨ ਲਈ ਵਚਨਬੱਧ ਹੈ।
ਅੱਜ ਔਰਤ ਚੰਨ ’ਤੇ ਤਾਂ ਪਹੁੰਚ ਸਕਦੀ ਹੈ, ਪਰ ਸਮਾਜਿਕ ਰਸਮਾਂ-ਰਿਵਾਜਾਂ ਵਿੱਚ ਮਰਦ ਨੂੰ ਹੀ ਮੁੱਖ ਰੱਖਿਆ ਗਿਆ ਹੈ, ਭਾਵੇਂ ਖ਼ੁਸ਼ੀ ਹੋਵੇ ਜਾਂ ਗਮੀ (ਭਾਵੇਂ ਅੱਜਕੱਲ੍ਹ ਕੁਝ ਅਪਵਾਦ ਦੇਖਣ ਨੂੰ ਮਿਲਦੇ ਹਨ)। ਅੱਜ ਰਿਸ਼ਤੇ ਵੀ ਆਰਥਿਕ ਪੱਧਰ ’ਤੇ ਤੈਅ ਕੀਤੇ ਜਾਂਦੇ ਹਨ। ਕੁੜੀ ਭਾਵੇਂ ਸਰਕਾਰੀ ਨੌਕਰੀ ਕਰਦੀ ਹੋਵੇ, ਪਰ ਉਸ ਲਈ ਘਰੇਲੂ ਕੰਮ ਜ਼ਰੂਰੀ ਹੈ ਤੇ ਨੌਕਰੀ ਦੂਜੇ ਦਰਜੇ ’ਤੇ। ਇਸੇ ਤਰ੍ਹਾਂ ਮੁੰਡੇ ਦਾ ਵਧੀਆ ਘਰ, ਕਾਰੋਬਾਰ ਪਹਿਲੇ ਅਤੇ ਉਸ ਦੇ ਗੁਣ ਦੂਜੇ ਦਰਜੇ ’ਤੇ ਮਾਪੇ ਜਾਂਦੇ ਹਨ। ਜਾਇਦਾਦ ਕਾਰਨ ਹੀ ਔਰਤ ਨੂੰ ਇਨਸਾਨ ਸਮਝਣ ਦੀ ਬਜਾਏ ਭੋਗ-ਵਿਲਾਸ ਦੀ ਵਸਤੂ ਸਮਝਿਆ ਜਾਂਦਾ ਹੈ। ਵਸਤੂ ਸਮਝਣ ਕਾਰਨ ਹੀ ਔਰਤ ਨੂੰ ਵਸਤੂ ਵਾਂਗ ਚਮਕਣਾ ਪੈਂਦਾ ਹੈ। ਕਿਸੇ ਵੀ ਸਮਾਗਮ ਜਾਂ ਵਿਆਹ ਆਦਿ ਦੀ ਤਾਂ ਗੱਲ ਛੱਡੋ, ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਵੀ ਅਲਮਾਰੀ ਅੱਗੇ ਘੰਟਿਆਂਬੱਧੀ ਖੜ੍ਹ ਕੇ ਕੱਪੜਿਆਂ ਦੀ ਚੋਣ ਕਰਨੀ ਪੈਂਦੀ ਹੈ। ਸਦੀਆਂ ਤੋਂ ਚੱਲੀ ਆ ਰਹੀ ਇਸ ਪਿੱਤਰ ਸੱਤਾ ਦੀ ਆਦੀ ਔਰਤ ਵੀ ਇਸ ਨੂੰ ਤੋੜਨਾ ਨਹੀਂ ਚਾਹੁੰਦੀ ਸਗੋਂ ਬਰਕਰਾਰ ਰੱਖਣਾ ਚਾਹੁੰਦੀ ਹੈ। ਇਸ ਵਿੱਚ ਹੀ ਉਸ ਨੂੰ ਆਪਣੀ ਜ਼ਿੰਦਗੀ ਸੰਤੁਸ਼ਟ ਲੱਗਦੀ ਹੈ। ਵਸਤੂ ਸਮਝਣ ਕਾਰਨ ਹੀ ਗਾਲ੍ਹਾਂ ਵਿੱਚ ਔਰਤ ਦਾ ਰਿਸ਼ਤਾ ਵਰਤਿਆ ਜਾਂਦਾ ਹੈ ਕਿਉਂਕਿ ਗਾਲ੍ਹ ਔਰਤ ਨੂੰ ਨਹੀਂ, ਮਰਦ ਦੀ ਜਾਇਦਾਦ ਔਰਤ ਨੂੰ ਕੱਢੀ ਜਾਂਦੀ ਹੈ। ਮਰਦ ਦੀ ਜਾਇਦਾਦ ਨੂੰ ਗ਼ਲਤ ਬੋਲਣ ਨਾਲ ਹੀ ਮਰਦ ਨੂੰ ਠੇਸ ਪਹੁੰਚੇਗੀ। ਵਸਤੂ ਸਮਝਣ ਕਾਰਨ ਹੀ ਔਰਤ ਕਿਤੇ ਸੁਰੱਖਿਅਤ ਨਹੀਂ। ਇਸੇ ਅਸੁਰੱਖਿਅਤਾ ਵਿੱਚੋਂ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਜਨਮ ਲੈਂਦੀਆਂ ਹਨ। ਦਾਜ ਦੀ ਬਲੀ, ਛੇੜਛਾੜ, ਬਲਾਤਕਾਰ, ਤੇਜ਼ਾਬ ਸੁੱਟਣਾ, ਕਤਲ ਕਰਨਾ, ਪੀੜਤ ਔਰਤ ਨੂੰ ਇਨਸਾਫ਼ ਦੇਣ ਦੀ ਬਜਾਏ ਪੀੜਤਾ ਦੇ ਖਿਲਾਫ਼ ਅਤੇ ਦੋਸ਼ੀਆਂ ਦੇ ਹੱਕ ਵਿੱਚ ਭੁਗਤਣਾ ਆਮ ਵਰਤਾਰਾ ਹੈ।
ਅੱਜ ਪਿੱਤਰ ਸੱਤਾ ਇਸ ਕਦਰ ਜੜ੍ਹਾਂ ਜਮਾਈ ਬੈਠੀ ਹੈ ਕਿ ਮਰਦਾਂ ’ਤੇ ਭਾਰੂ ਹੋਈ ਪਿੱਤਰ ਸੱਤਾ ਨੇ ਔਰਤਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਜਿੱਥੇ ਔਰਤਾਂ ਲਈ ਭੈੜੇ ਮਾਪਦੰਡ ਤੈਅ ਕੀਤੇ ਹਨ, ਉੱਥੇ ਮਰਦਾਂ ਲਈ ਵੀ ਭੈੜੇ ਮਾਪਦੰਡ ਤੈਅ ਕੀਤੇ ਹਨ। ਜੇ ਔਰਤ ਦੇ ਕੋਈ ਵੀ ਫ਼ੈਸਲੇ ਤੇ ਚੋਣ ਕਰਨ, ਉੱਚੀ ਹੱਸਣ, ਬਾਹਰ ਨਿਕਲਣ, ਹਾਲਾਤ ਤੋਂ ਡਰਨ ਦੀ ਬਜਾਏ ਨਿਡਰਤਾ ਨਾਲ ਨਜਿੱਠਣ ’ਤੇ ਪਾਬੰਦੀ ਹੈ ਤਾਂ ਕੋਈ ਮਰਦ ਵੀ ਆਪਣੀ ਇੱਛਾ ਅਨੁਸਾਰ ਰੋ ਨਹੀਂ ਸਕਦਾ। ਜੇ ਮਰਦ ਰਾਤ ਨੂੰ ਬਾਹਰ ਨਿਕਲਣ ਤੋਂ ਡਰਦਾ ਹੈ, ਅਣਸੁਖਾਵੇਂ ਮਾਹੌਲ ਵਿੱਚ ਜਾਣ ਤੋਂ ਡਰਦਾ ਹੈ ਤਾਂ ਉਹ ਇਸ ਸਮਾਜ ਅੱਗੇ ਕਹਿ ਨਹੀਂ ਸਕਦਾ ਕਿਉਂਕਿ ਇਹ ਕਹਿਣ ’ਤੇ ਸਮਾਜ ਉਸ ਨੂੰ ਇਨਸਾਨ ਦਾ ਖਿਤਾਬ ਨਾ ਦੇ ਕੇ ਕੁਨਾਵਾਂ ਨਾਲ ਪੁਕਾਰੇਗਾ। ਜੇ ਕੋਈ ਮਰਦ ਜਾਂ ਔਰਤ ਇਸ ਲਿੰਗਕ ਪਾੜੇ ਖਿਲਾਫ਼ ਲੜ ਕੇ ਆਤਮ-ਨਿਰਭਰ ਬਣਨ ਦੀ ਕੋਸ਼ਿਸ਼ ਕਰਦੇ ਹਨ ਤਾਂ ਸਮਾਜ ਔਰਤ ਨੂੰ ‘ਬੰਦਾ’ ਅਤੇ ਮਰਦ ਨੂੰ ‘ਤੀਵੀਂ’ ਆਖਦਾ ਹੈ। ਅੱਜ ਔਰਤ ਤੇ ਮਰਦ ਵਿਚਕਾਰ ਚੰਗੇ ਰਿਸ਼ਤੇ ਵਿਕਸਤ ਨਹੀਂ ਹੋ ਰਹੇ, ਇੱਕ ਦੂਸਰੇ ਨੂੰ ਵਰਤ ਰਹੇ ਹਨ। ਪਿਛਲੇ ਸਮੇਂ ਤੋਂ ਜਿਸ ਤਰ੍ਹਾਂ ਵਿਦੇਸ਼ਾਂ ਵਿੱਚ ਜਾਣ ਦੀ ਹੋੜ ਲੱਗੀ ਹੈ, ਕੁੜੀ ਦੁਆਰਾ ਪੜ੍ਹ ਲਿਖ ਕੇ ਬੈਂਡ ਪ੍ਰਾਪਤ ਕਰਨਾ ਤੇ ਮੁੰਡੇ ਦੇ ਪਰਿਵਾਰ ਵੱਲੋਂ ਖਰਚ ਕਰਨਾ, ਇਹ ਰਿਸ਼ਤਾ ਨਹੀਂ ਮਹਿਜ਼ ਸੌਦੇਬਾਜ਼ੀ ਹੈ।
ਇਸ ਤਰ੍ਹਾਂ ਪਿੱਤਰ ਸੱਤਾ ਵਿੱਚੋਂ ਹੀ ਨਾਰੀਵਾਦ ਜਨਮ ਲੈਂਦਾ ਹੈ। ਔਰਤਾਂ ਦੀ ਦੁਨੀਆਂ ਦੇ ਵੀ ਇਸੇ ਤਰ੍ਹਾਂ ਦੋ ਵਰਗ ਹਨ ਜਿਵੇਂ ਇੱਕ ਲੁੱਟੇ ਜਾ ਰਹੇ ਤੇ ਦੂਸਰੀ ਔਰਤਾਂ ਦੇ ਇੱਕ ਵਰਗ ਨੂੰ ਕੁਝ ਸੱਤਾ, ਕੁਝ ਸਹੂਲਤਾਂ ਮਿਲਣੀਆਂ। ਇੱਕ ਵਰਗ ਨੂੰ ਮਿਲ ਰਹੀਆਂ ਸਹੂਲਤਾਂ ਉਨ੍ਹਾਂ ਨੂੰ ਪੂੰਜੀਪਤੀ ਜਮਾਤ ਦੇ ਨੇੜੇ ਲੈ ਜਾਂਦੀਆਂ ਹਨ। ਕੁਝ ਨਾਰੀਵਾਦੀਆਂ ਲਈ ਪੂੰਜੀਵਾਦੀ ਢਾਂਚੇ ਅੰਦਰ ਹੀ ਮਰਦ ਦੇ ਬਰਾਬਰ ਅਧਿਕਾਰ ਪ੍ਰਾਪਤ ਕਰਨ ਦਾ ਆਦੇਸ਼ ਹੁੰਦਾ ਹੈ। ਨਾਰੀਵਾਦੀ ਮਰਦਾਂ ਨੂੰ ਆਪਣਾ ਮੁੱਖ ਦੁਸ਼ਮਣ ਸਮਝਦੇ ਹਨ। ਉਨ੍ਹਾਂ ਮੁਤਾਬਿਕ ਮਰਦਾਂ ਨੇ ਸਾਰੇ ਅਧਿਕਾਰਾਂ ਅਤੇ ਸਹੂਲਤਾਂ ’ਤੇ ਆਪਣਾ ਕਬਜ਼ਾ ਕਰ ਲਿਆ, ਔਰਤਾਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ। ਨਾਰੀਵਾਦੀਆਂ ਨੂੰ ਜਿੱਤ ਉਦੋਂ ਮਿਲ ਜਾਂਦੀ ਹੈ ਜਦੋਂ ਮਰਦਾਂ ਵਾਂਗ ਸਾਰੇ ਅਧਿਕਾਰ ਔਰਤਾਂ ਨੂੰ ਵੀ ਮਿਲ ਜਾਣ। ਸ਼ੁਰੂ ਤੋਂ ਹੀ ਔਰਤਾਂ ਨੂੰ ਮਰਦਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਛੋਟੇ ਤੇ ਆਰਾਮਦਾਇਕ ਕੰਮ ਨਾਲ ਜੁੜੇ ਮਰਦ ਤੇ ਔਰਤਾਂ ਵਿਚ ਇੱਕ ਲੜਾਈ ਛਿੜ ਗਈ। ਇਸ ਲੜਾਈ ਨੇ ਨਾਰੀਵਾਦ ਨੂੰ ਜਨਮ ਦਿੱਤਾ। ਪੂੰਜੀਵਾਦੀ ਔਰਤਾਂ ਨੇ ‘ਦੁਸ਼ਮਣ’ ਯਾਨੀ ਮਰਦਾਂ ਖ਼ਿਲਾਫ ਆਪਣੀ ਸਮੂਹਿਕ ਤਾਕਤ ਲਗਾਉਣ ਦੀ ਕੋਸ਼ਿਸ਼ ਕੀਤੀ। ਨਾਰੀਵਾਦ ਵੀ ਪਿੱਤਰ ਸੱਤਾ ਦੀ ਤਰ੍ਹਾਂ ਹੀ ਇੱਕ ਵਿਚਾਰ ਹੈ। ਇਸ ਵਿੱਚ ਮਰਦ ਮੈਂਬਰ ਵੀ ਸ਼ਾਮਲ ਹੁੰਦੇ ਹਨ।
ਹੁਣ ਸਵਾਲ ਇਹ ਹੈ ਕਿ ਸਭ ਕੁਝ ਜਾਣਦਿਆਂ ਵੀ ਪਿੱਤਰ ਸੱਤਾ ਮੌਜੂਦ ਕਿਉਂ ਹੈ? ਇਸ ਲਈ ਇਤਿਹਾਸ ’ਤੇ ਪੰਛੀ ਝਾਤ ਮਾਰਨੀ ਪਵੇਗੀ। ਰਾਜ ਤੇ ਪਿੱਤਰ ਸੱਤਾ ਦਾ ਡੂੰਘਾ ਸਬੰਧ ਹੈ ਕਿਉਂਕਿ ਰਾਜ ਚਲਦਾ ਰੱਖਣ ਲਈ ਵਰਗ ਵੰਡ ਜ਼ਰੂਰੀ ਹੈ ਜੋ ਕਿ ਪਿੱਤਰ ਸੱਤਾ ਔਰਤ ਤੇ ਮਰਦ ਵਿੱਚ ਕਰਦੀ ਹੈ। ਰਾਜ ਕਿਵੇਂ ਵਿਕਸਿਤ ਹੋਇਆ? ਰਾਜ ਸਥਾਪਤ ਕਰਨ ਦੀ ਪਹਿਲੀ ਕੋਸ਼ਿਸ਼ ਹਰੇਕ ਨੂੰ ਦੂਸਰੇ ਖਿਲਾਫ਼ ਖੜ੍ਹਾ ਕਰਨਾ। ਰਾਜ ਕੋਈ ਅਜਿਹੀ ਸ਼ਕਤੀ ਨਹੀਂ ਜੋ ਸਮਾਜ ਉੱਤੇ ਬਾਹਰੋਂ ਥੋਪੀ ਗਈ ਹੋਵੇ। ਅਜਿਹੇ ਵੀ ਸਮਾਜ ਹੋਏ ਜਦੋਂ ਰਾਜ ਹੋਂਦ ਵਿੱਚ ਨਹੀਂ ਸੀ ਜਿਨ੍ਹਾਂ ਕੋਲ ਰਾਜ ਸ਼ਕਤੀ ਦਾ ਕੋਈ ਸੰਕਲਪ ਨਹੀਂ ਸੀ। ਪਰ ਆਰਥਿਕ ਵਿਕਾਸ ਦੇ ਇੱਕ ਖ਼ਾਸ ਪੱਧਰ ’ਤੇ ਸਮਾਜ ਦੇ ਵਰਗਾਂ ਵਿੱਚ ਵੰਡੇ ਜਾਣ ਨਾਲ ਰਾਜ ਇਸ ਵੰਡ ਕਾਰਨ ਜ਼ਰੂਰਤ ਬਣ ਗਿਆ। ਬੇਇਨਸਾਫ਼ੀ ਉੱਪਰ ਆਧਾਰਿਤ ਹਰੇਕ ਢਾਂਚਾ ਹਿੰਸਾ ਨਾਲ ਚਲਦਾ ਹੈ। ਇਸ ਲਈ ਹਿੰਸਾ ਲਈ ਪਿੱਤਰ ਸੱਤਾ ਜ਼ਰੂਰੀ ਹੈ ਕਿਉਂਕਿ ਪਿੱਤਰ ਸੱਤਾ ਵੀ ਹਿੰਸਾ ਨਾਲ ਚਲਦੀ ਹੈ। ਪਿੱਤਰ ਸੱਤਾ ਦਾ ਜਾਤ ਨਾਲ ਬਹੁਤ ਨਜ਼ਦੀਕੀ ਦਾ ਰਿਸ਼ਤਾ ਹੈ। ਪਿੱਤਰ ਸੱਤਾ ਤੋਂ ਬਿਨਾਂ ਜਾਤ-ਪਾਤ ਵਿਵਸਥਾ ਚੱਲ ਨਹੀਂ ਸਕਦੀ। ਜਾਤ ਪ੍ਰਣਾਲੀ ਨੂੰ ਚਲਾਉਣ ਲਈ ਔਰਤ ਨੂੰ ਦਬਾਉਣਾ ਜ਼ਰੂਰੀ ਹੈ। ਅਸਲ ਵਿੱਚ ਔਰਤ ਤੇ ਮਰਦ ਜਨਮ ਤੋਂ ਇਸ ਤਰ੍ਹਾਂ ਪੈਦਾ ਨਹੀਂ ਹੁੰਦੇ। ਉਨ੍ਹਾਂ ਨੂੰ ਪਿੱਤਰ ਸੱਤਾ ਦੀ ਫੈਕਟਰੀ ਇਸ ਤਰ੍ਹਾਂ ਬਣਾ ਦਿੰਦੀ ਹੈ। ਪਿੱਤਰ ਸੱਤਾ ਦੇ ਹੱਕ ਵਿੱਚ ਔਰਤਾਂ ਵੀ ਹਨ ਅਤੇ ਨਾਰੀਵਾਦ ਦੇ ਹਮਾਇਤੀ ਮਰਦ ਵੀ।
ਔਰਤਾਂ ਦੀ ਸਥਿਤੀ ਸੁਧਾਰਨ ਲਈ ਪੈਦਾਵਾਰੀ ਸਾਧਨਾਂ ਵਿੱਚ ਬਰਾਬਰ ਦਾ ਹਿੱਸਾ ਮਿਲਣਾ ਜ਼ਰੂਰੀ ਹੈ। ਪਿੱਤਰ ਸੱਤਾ ਤੋਂ ਆਜ਼ਾਦੀ ਲਈ ਅੱਜ ਔਰਤਾਂ ਦੇ ਨਾਲ-ਨਾਲ ਮਰਦਾਂ ਦੇ ਅੰਦੋਲਨ ਦੀ ਵੀ ਲੋੜ ਹੈ। ਔਰਤਾਂ ਦੇ ਸਨਮਾਨ ਲਈ ਕੀਤੀ ਜਾਣ ਵਾਲੀ ਇਸ ਬਗ਼ਾਵਤ ਦਾ ਇਹ ਭਾਵ ਨਹੀਂ ਕਿ ਇਹ ਸਮਾਜ ਦੇ ਮਰਦਾਂ ਵਿਰੁੱਧ ਲੜਾਈ ਹੈ ਸਗੋਂ ਇਹ ਲੜਾਈ ਉਨ੍ਹਾਂ ਕਦਰਾਂ ਕੀਮਤਾਂ, ਨੈਤਿਕਤਾ ਦੇ ਪੈਮਾਨਿਆਂ ਦੇ ਵਿਰੁੱਧ ਹੈ ਜਿਹੜੇ ਪਿੱਤਰੀ ਦਾਬੇ ਨੂੰ ਜਨਮ ਦੇਣ ਤੇ ਸਮਾਜ ਵਿੱਚ ਪੱਕਾ ਕਰਨ ਦੇ ਜ਼ਿੰਮੇਵਾਰ ਹਨ।
ਸੰਪਰਕ: 98555-09018