ਮਾਣੂੰਕੇ ਨੇ ਬਾਰਦੇਕੇ ਤੋਂ ਆਰੰਭੀ ਨਸ਼ਿਆਂ ਖ਼ਿਲਾਫ਼ ਯਾਤਰਾ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਮਈ
ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਆਰੰਭੀ ਯਾਤਰਾ ਦੀ ਲੜੀ ਵਿੱਚ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅੱਜ ਪਾਰਟੀ ਵਾਲੰਟੀਅਰਾਂ ਨਾਲ ਹਲਕੇ ਦੇ ਪਿੰਡ ਬਾਰਦੇਕੇ ਪਹੁੰਚੇ। ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਇਸ ਢਾਈ ਮਹੀਨੇ ਦੇ ਵਕਫੇ ਵਿੱਚ ਸਰਕਾਰ ਨਸ਼ਿਆਂ ਦਾ ਲੱਕ ਤੋੜਨ ਵਿੱਚ ਕਾਮਯਾਬ ਹੋਈ ਹੈ। ਦਸ ਹਜ਼ਾਰ ਤੋਂ ਵਧੇਰੇ ਛੋਟੇ ਵੱਡੇ ਨਸ਼ਾ ਤਸਕਰ ਫੜ ਕੇ ਜੇਲ੍ਹਾਂ ਵਿੱਚ ਭੇਜੇ ਹਨ ਅਤੇ ਭਾਰੀ ਮਾਤਰਾ ਵਿੱਚ ਨਸ਼ਿਆਂ ਦੀ ਬਰਾਮਦਗੀ ਹੋਈ। ਇਹ ਸਭ ਲੋਕਾਂ ਦੇ ਸਾਥ ਨਾਲ ਹੀ ਸੰਭਵ ਹੈ ਅਤੇ ਭਵਿੱਖ ਵਿੱਚ ਉਨ੍ਹਾਂ ਲੋਕਾਂ ਨੂੰ ਇਸੇ ਤਰ੍ਹਾਂ ਸਾਥ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਹਲਕੇ ਦੀਆਂ ਪੰਚਾਇਤਾਂ ਨੂੰ ਨਸ਼ਿਆਂ ਖ਼ਿਲਾਫ਼ ਮਤੇ ਪਾਉਣ ਤੋਂ ਬਾਅਦ ਹੁਣ ਫਰੰਟ 'ਤੇ ਆ ਕੇ ਨਸ਼ਾ ਮੁਕਤੀ ਵਿੱਚ ਯੋਗਦਾਨ ਪਾਉਣ ਲਈ ਕਿਹਾ। ਇਸ ਸਮੇਂ ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਨੌਜਵਾਨਾਂ ਲਈ ਵੇਧੇਰੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਤਰਜੀਹੀ ਕੰਮ ਹੈ। ਉਪਰੰਤ ਉਹ ਜਗਰਾਉਂ-ਰਾਏਕੋਟ ਮੁੱਖ ਮਾਰ ਗ ਸਥਿਤ ਅਬੋਹਰ ਬਰਾਂਚ ਦੀ ਅਖਾੜਾ ਨਹਿਰ ਦੇ ਨਵੇਂ ਬਣ ਰਹੇ ਪੁਲ 'ਤੇ ਪਹੁੰਚੇ। ਇਸ ਸਮੇਂ ਉਥੇ ਮੌਜੂਦ ਪਾਰਟੀ ਆਗੂਆਂ ਤੇ ਲੋਕਾਂ ਨੇ ਉਨ੍ਹਾਂ ਦਾ ਪੁਲ ਦੀ ਫਿਟਿੰਗ ਦਾ ਕੰਮ ਸ਼ੁਰੂ ਕਰਵਾਉਣ 'ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।
ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਇਲਾਕੇ ਦੇ ਲੋਕਾਂ ਨੂੰ ਇਸ 140 ਸਾਲ ਪੁਰਾਣੇ ਤੰਗ ਪੁਲ ਤੋਂ ਰਾਹਤ ਮਿਲੇਗੀ। ਨਵਾਂ ਚੌੜਾ ਪੁਲ ਚਾਲੂ ਹੋਣ ਨਾਲ ਰੋਜ਼ਾਨਾ ਲੱਗਣ ਵਾਲੇ ਜਾਮ ਤੇ ਖੱਜਲ ਖੁਆਰੀ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਪੌਣੀ ਸਦੀ ਬਾਅਦ ਵੀ ਕਿਸੇ ਸਰਕਾਰ ਨੇ ਇਸ ਪੁਲ ਨੂੰ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਪਰ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਕੀਤੇ ਵਾਅਦੇ ਮੁਤਾਬਕ ਇਹ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ। ਬੀਬੀ ਮਾਣੂੰਕੇ ਨੇ ਦੱਸਿਆ ਕਿ ਇਸ ਪੁਲ ਦੀ ਫਿਟਿੰਗ ਦਾ ਕੰਮ ਲਗਭਗ ਡੇਢ ਤੋਂ ਦੋ ਮਹੀਨੇ ਦੌਰਾਨ ਮੁਕੰਮਲ ਹੋ ਜਾਵੇਗਾ ਅਤੇ ਲੋਕਾਂ ਦੀ ਸਹੂਲਤ ਲਈ ਜਲਦ ਹੀ ਚਾਲੂ ਕਰ ਦਿੱਤਾ ਜਾਵੇਗਾ। ਪੁਰਾਣਾ ਪੁਲ ਕੇਵਲ 12 ਫੁੱਟ ਹੀ ਚੌੜਾ ਹੋਣ ਕਾਰਨ ਵੱਡੀ ਦਿੱਕਤ ਆਉਂਦੀ ਸੀ ਜਦਕਿ ਹੁਣ ਨਵਾਂ ਬਣਨ ਵਾਲਾ ਪੁਲ ਲਗਭਗ 60 ਮੀਟਰ ਲੰਮਾ ਅਤੇ 40 ਫੁੱਟ ਚੌੜਾ ਬਣੇਗਾ ਜਿਸ ਉੱਪਰ ਲਗਭਗ 7 ਕਰੋੜ 80 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਮੌਕੇ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਡੱਲਾ, ਅਮਰਦੀਪ ਸਿੰਘ ਟੂਰੇ, ਸਹਿਜਪ੍ਰੀਤ ਸਿੰਘ ਮਾਂਗਟ, ਕਰਮਜੀਤ ਸਿੰਘ ਕਮਾਲਪੁਰਾ, ਵੀਰਪਾਲ ਕੌਰ, ਜਸਕਿਰਨ ਕੌਰ, ਠੇਕੇਦਾਰ ਰਾਹੁਲ ਗਰਗ, ਰੋਹਿਨ ਗਰਗ, ਬਿੱਕਰ ਸਿੰਘ ਤੇ ਹੋਰ ਹਾਜ਼ਰ ਸਨ।