ਮਾਡਰਨ ਕਾਲਜ ਵਿੱਚ ਗਿੱੱਧਾ ਪਾ ਕੇ ਤੀਆਂ ਮਨਾਈਆਂ
ਮੁਕੰਦ ਸਿੰਘ ਚੀਮਾ
ਸੰਦੌੜ, 5 ਅਗਸਤ
ਮਾਡਰਨ ਕਾਲਜ ਆਫ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਦੇ ਵਿਹੜੇ ਵਿੱਚ ਅੱਜ ਤੀਜ ਦਾ ਤਿਉਹਾਰ ਮਨਾਇਆ ਗਿਆ। ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਪਾ ਕੇ ਸਮਾਗਮ ਦੀ ਸ਼ੋਭਾ ਵਧਾਈ। ਬੀ.ਐੱਡ ਦੀਆਂ ਵਿਦਿਆਰਥਣਾਂ ਨੇ ਆਪਣੇ ਰਵਾਇਤੀ ਲੋਕ ਗੀਤ, ਮਜ਼ਾਕੀਆ ਕਲਾਕਾਰੀ, ਭੰਗੜਾ, ਗਿੱਧਾ ਆਦਿ ਨਾਲ ਇਸ ਤਿਉਹਾਰ ਦੀ ਖ਼ੁਸ਼ੀ ਮਨਾਈ। ਉਨ੍ਹਾਂ ਨੇ ਲੋਕ ਗੀਤ , ਕਿੱਕਲੀ ਪਾ ਕੇ ਪੀਂਘਾਂ ’ਤੇ ਝੂਟੇ ਵੀ ਲਏ। ਕਾਲਜ ਦੇ ਹਰੇ ਭਰੇ ਮੈਦਾਨ ਅਤੇ ਆਡੀਟੋਰੀਅਮ ਵਿੱਚ ਵਿਦਿਆਰਥੀਆਂ ਨੇ ਸਟਾਫ਼ ਮੈਂਬਰਾਂ ਨਾਲ ਮਿਲ ਕੇ ਵੱਖ-ਵੱਖ ਬੋਲੀਆਂ ਦਾ ਗਾਇਨ ਕੀਤਾ ਅਤੇ ਗਿੱਧਾ ਪੇਸ਼ ਕੀਤਾ। ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਆਪਣੇ ਹੱਥਾਂ ਉੱਪਰ ਮਹਿੰਦੀ ਲਗਾਈ। ਖੀਰ ਤੇ ਮਾਲ-ਪੂੜੇ ਦਾ ਆਨੰਦ ਮਾਣਿਆ ਗਿਆ। ਪ੍ਰਿੰਸੀਪਲ ਡਾ. ਨੀਤੂ ਸੇਠੀ ਨੇ ‘ਸਾਉਣ ਮਹੀਨੇ’ ਦੀ ਮਹੱਤਤਾ ਬਾਰੇ ਸੰਦੇਸ਼ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ’ਤੇ ਮਾਣ ਕਰਨ ਅਤੇ ਆਖਰੀ ਸਾਹ ਤੱਕ ਇਸ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਅੰਤ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਬੂਟੇ ਲਗਾਏ ਗਏ।