ਮਾਛੀਵਾੜਾ: 6 ਵਾਰਡਾਂ ’ਚ ‘ਆਪ’ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ
ਸਥਾਨਕ ਨਗਰ ਕੌਂਸਲ ਚੋਣਾਂ ਸਬੰਧੀ ਵੱਖ ਵੱਖ ਪਾਰਟੀਆਂ ਦੇ 68 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਜਿਨ੍ਹਾਂ ’ਚੋਂ ਅੱਜ ਚੋਣ ਅਧਿਕਾਰੀ ਰੁਪਿੰਦਰ ਕੌਰ ਨੇ ਦਸਤਾਵੇਜ਼ਾਂ ਦੀ ਜਾਂਚ ਮਗਰੋਂ ਕੁਝ ਦੇ ਕਾਗਜ਼ ਰੱਦ ਕਰ ਦਿੱਤੇ ਹਨ। ਰੱਦ ਹੋਣ ਵਾਲੇ ਉਮੀਦਵਾਰਾਂ ਵਿਚ ਜ਼ਿਆਦਾਤਰ ਕਾਂਗਰਸ, ਅਕਾਲੀ, ਭਾਜਪਾ ਅਤੇ ਇੱਕ ‘ਆਪ’ ਆਗੂ ਸ਼ਾਮਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਇੱਕ ਤੋਂ ਪ੍ਰਕਾਸ਼ ਕੌਰ, ਵਾਰਡ 2 ਤੋਂ ਨਗਿੰਦਰ ਸਿੰਘ ਮੱਕੜ, ਵਾਰਡ 6 ਤੋਂ ਨੀਰਜ ਕੁਮਾਰ, ਵਾਰਡ 8 ਤੋਂ ਕਿਸ਼ੋਰ ਕੁਮਾਰ, ਵਾਰਡ 11 ਤੋਂ ਰਵਿੰਦਰਜੀਤ ਕੌਰ, ਵਾਰਡ 15 ਤੋਂ ਧਰਮਪਾਲ (ਸਾਰੇ ‘ਆਪ’ ਆਗੂ) ਤੇ ਵਾਰਡ 14 ਤੋਂ ਆਜ਼ਾਦ ਉਮੀਦਵਾਰ ਅਸ਼ੋਕ ਸੂਦ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ। ਹੁਣ 8 ਵਾਰਡਾਂ ਵਿੱਚ ਮੁਕਾਬਲਾ ਹੋਵੇਗਾ।
ਨਾਮਜ਼ਦਗੀ ਰੱਦ ਹੋਣ ’ਤੇ ਉਮੀਦਵਾਰਾਂ ਵੱਲੋਂ ਪ੍ਰਦਰਸ਼ਨ
ਚੋਣ ਅਧਿਕਾਰੀ ਦੇ ਦਫ਼ਤਰ ਬਾਹਰ ਲੱਗੀ ਸੂਚੀ ਵਿੱਚ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਉਕਤ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪ੍ਰਸਾਸ਼ਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਅਤੇ ਭਾਜਪਾ ਦੇ ਜ਼ਿਲਾ ਉਪ ਪ੍ਰਧਾਨ ਸੰਜੀਵ ਲੀਹਲ ਜੋ ਖੁਦ ਉਮੀਦਵਾਰ ਸਨ, ਨੇ ਕਿਹਾ ਕਿ ਮਾਛੀਵਾੜਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੌਂਸਲ ਚੋਣਾਂ ਸਬੰਧੀ ਧੱਕੇਸ਼ਾਹੀ ਹੋਈ ਹੈ।
ਪੰਜ-ਪੰਜ ਵਾਰ ਕੌਂਸਲਰ ਰਹੇ ਉਮੀਦਵਾਰਾਂ ਦੇ ਕਾਗਜ਼ ਰੱਦ
ਨਗਰ ਕੌਂਸਲ ਮਾਛੀਵਾੜਾ ’ਚ 5 ਵਾਰ ਕੌਂਸਲਰ ਰਹੀ ਮਨਜੀਤ ਕੁਮਾਰੀ ਤੇ 5 ਵਾਰ ਕੌਂਸਲਰ ਰਹੇ ਪਰਮਜੀਤ ਪੰਮੀ ਦੇ ਵੀ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ। ਮਨਜੀਤ ਕੁਮਾਰੀ ਨੇ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਖਿਲਾਫ਼ ਸਾਰਾ ਸ਼ਹਿਰ ਇਕੱਠਾ ਹੋਵੇਗਾ ਅਤੇ ਇਹ ਚੋਣਾਂ ਨਹੀਂ ਹੋਣ ਦਿੱਤੀਆਂ ਜਾਣਗੀਆਂ।
ਵਾਰਡ ਨੰਬਰ 4 ਦਾ ਅਕਾਲੀ ਉਮੀਦਵਾਰ ‘ਆਪ’ ’ਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ ਦਾ ਅੱਜ ਵਾਰਡ ਨੰਬਰ 4 ਤੋਂ ਉਮੀਦਵਾਰ ਰਵੀ ‘ਆਪ’ ਵਿਚ ਸ਼ਾਮਲ ਹੋ ਗਿਆ। ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਉਸ ਦਾ ਪਾਰਟੀ ਵਿਚ ਸਵਾਗਤ ਕੀਤਾ। ਇਸ ਮੌਕੇ ਦਿਆਲਪੁਰਾ ਨੇ ਕਿਹਾ ਕਿ ਲੋਕ ‘ਆਪ’ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ। ਦਿਆਲਪੁਰਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ।