ਮਾਛੀਵਾੜਾ: ਦੋਸਤਾਂ ਦਾ ਅੱਜ ਹੋਵੇਗਾ ਸਸਕਾਰ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਜੂਨ
ਮਾਛੀਵਾੜਾ ਅਤੇ ਇੱਥੋਂ ਦੇ ਪਿੰਡ ਸਹਿਜੋ ਮਾਜਰਾ ਦੇ ਦੋ ਦੋਸਤਾਂ ਦਾ ਅੱਜ ਇਕੱਠਿਆਂ ਸਸਕਾਰ ਕੀਤਾ ਜਾਵੇਗਾ। ਇਨ੍ਹਾਂ ਦੀ ਮੌਤ ਅਮਰੀਕਾ ਵਿੱਚ ਵੱਖ-ਵੱਖ ਸਮੇਂ ਵਾਪਰੇ ਸੜਕ ਹਾਦਸਿਆਂ ਵਿੱਚ ਹੋਈ ਹੈ। ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਸੜਕ ਹਾਦਸੇ ’ਚ ਮਾਛੀਵਾੜਾ ਦਾ ਨੌਜਵਾਨ ਹਲਾਕ ਹੋ ਗਿਆ ਸੀ। ਮ੍ਰਿਤਕ ਦੀ ਪਛਾਣ ਦਿਲਪ੍ਰੀਤ ਸਿੰਘ (25) ਪੁੱਤਰ ਕਰਨੈਲ ਸਿੰਘ ਕਾਲਾ ਵਾਸੀ ਸੁੰਦਰ ਨਗਰ ਵਜੋਂ ਹੋਈ ਹੈ। ਉਹ ਢਾਈ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਅਤੇ ਫ਼ਰੀਜਨੋ ’ਚ ਟਰਾਲਾ ਚਲਾਉਂਦਾ ਸੀ।
ਲੰਘੀ 28 ਅਪਰੈਲ ਨੂੰ ਉਹ ਆਪਣਾ ਟਰਾਲਾ ਲੈ ਕੇ ਇੰਟਰਸਟੇਟ-40 ’ਤੇ ਪੂਰਬ ਦਿਸ਼ਾ ਵੱਲ ਜਾ ਰਿਹਾ ਸੀ ਕਿ ਉਸ ਦਾ ਵਾਹਨ ਸੰਤੁਲਨ ਗਵਾ ਬੈਠਾ। ਇਸ ਹਾਦਸੇ ਵਿਚ ਦਿਲਪ੍ਰੀਤ ਸਿੰਘ ਦਾ ਟਰਾਲਾ ਪਲਟ ਗਿਆ ਅਤੇ ਮੌਕੇ ’ਤੇ ਜਾ ਕੇ ਓਕਲਾਹੋਮਾ ਹਾਈਵੇਅ ’ਤੇ ਪੈਟਰੋਲ ਕਰ ਰਹੀ ਟੀਮ ਵਲੋਂ ਉਸ ਨੂੰ ਬਾਹਰ ਕੱਢਿਆ ਗਿਆ। ਹਸਪਤਾਲ ਵਿਚ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਦੇ ਪਿਤਾ ਨੇ ਅੱਜ ਦਿਲਪ੍ਰੀਤ ਦੀ ਮਾਂ ਨੂੰ ਉਸ ਦੀ ਮੌਤ ਬਾਰੇ ਦੱਸਿਆ ਕਿਉਂਕਿ ਭਲਕੇ 12 ਜੂਨ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਉਸ ਦੀ ਲਾਸ਼ ਪਹੁੰਚੇਗੀ। ਨੌਜਵਾਨ ਪੁੱਤਰ ਦੀ ਮੌਤ ਬਾਰੇ ਪਤਾ ਲੱਗਦੇ ਸਾਰ ਉਸ ਦੀ ਮਾਂ ਦੀ ਹਾਲਤ ਖ਼ਰਾਬ ਹੋ ਗਈ। ਮ੍ਰਿਤਕ ਦੀ ਮਾਤਾ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਮ੍ਰਿਤਕ ਦਿਲਪ੍ਰੀਤ ਸਿੰਘ ਦਾ ਸਸਕਾਰ ਭਲਕੇ 12 ਜੂਨ ਨੂੰ ਮਾਛੀਵਾੜਾ ਦੇ ਸਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।
ਇਸੇ ਤਰ੍ਹਾਂ ਅਮਰੀਕਾ ਵਿੱਚ ਦਿਲਪ੍ਰੀਤ ਸਿੰਘ ਨਾਲ ਉਸ ਦਾ ਨੇੜਲੇ ਪਿੰਡ ਸਹਿਜੋ ਮਾਜਰਾ ਦਾ ਦੋਸਤ ਭੁਪਿੰਦਰ ਸਿੰਘ ਵੀ ਇਕੱਠੇ ਇੱਕੋ ਘਰ ਵਿਚ ਰਹਿੰਦੇ ਸਨ। ਦਿਲਪ੍ਰੀਤ ਸਿੰਘ ਦੀ ਮੌਤ 28 ਅਪਰੈਲ ਨੂੰ ਟਰਾਲਾ ਚਲਾਉਣ ਸਮੇਂ ਸੜਕ ਹਾਦਸੇ ਦੌਰਾਨ ਹੋ ਗਈ ਅਤੇ ਉਸ ਤੋਂ ਕੁਝ ਦਿਨ ਬਾਅਦ 17 ਮਈ ਨੂੰ ਉਸ ਦੇ ਦੋਸਤ ਭੁਪਿੰਦਰ ਸਿੰਘ ਦੀ ਮੌਤ ਵੀ ਟਰਾਲਾ ਚਲਾਉਣ ਸਮੇਂ ਸੜਕ ਹਾਦਸੇ ਵਿਚ ਹੋ ਗਈ। ਦੋਵੇਂ ਮ੍ਰਿਤਕ ਮਾਛੀਵਾੜਾ ਇਲਾਕੇ ਨਾਲ ਸਬੰਧ ਰੱਖਦੇ ਸਨ। ਕੁਦਰਤ ਦਾ ਇਤਫ਼ਾਕ ਦੇਖਣ ਵਾਲਾ ਹੈ ਕਿ ਭਲਕੇੇ 12 ਜੂਨ ਨੂੰ ਦੋਵਾਂ ਦੀਆਂ ਮ੍ਰਿਤਕ ਦੇਹਾਂ ਵੀ ਅਮਰੀਕਾ ਤੋਂ ਇਕੱਠੀਆਂ ਆ ਰਹੀਆਂ ਹਨ ਅਤੇ ਦੋਵਾਂ ਦਾ ਸਸਕਾਰ ਵੀ ਇੱਕੋ ਦਿਨ 12 ਜੂਨ ਨੂੰ ਮਾਛੀਵਾੜਾ ਤੇ ਪਿੰਡ ਸਹਿਜੋ ਮਾਜਰਾ ਵਿੱਚ ਹੋਵੇਗਾ।