ਮਾਛੀਵਾੜਾ ਥਾਣੇ ਦੀ ਸੁਰੱਖਿਆ ਵਧਾਈ
ਪਿਛਲੇ ਕੁਝ ਮਹੀਨਿਆਂ ਅੰਦਰ ਪੰਜਾਬ ਦੇ ਕਈ ਪੁਲੀਸ ਥਾਣਿਆਂ ਤੇ ਚੌਕੀਆਂ ’ਤੇ ਹੋਏ ਗਰਨੇਡ ਹਮਲਿਆਂ ਕਰਕੇ ਪੁਲੀਸ ਵਿਭਾਗ ਨੂੰ ਹੁਣ ਥਾਣਿਆਂ ਦੀ ਸੁਰੱਖਿਆ ਲਈ ਵੀ ਮੁਸ਼ਤੈਦ ਹੋਣਾ ਪੈ ਰਿਹਾ ਹੈ। ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਸੰਗਠਨ ਕੁਝ ਗੈਂਗਸਟਰਾਂ ਦੀ ਮਦਦ ਨਾਲ ਸੂਬੇ ਵਿਚ ਖੌਫ਼ ਦਾ ਮਾਹੌਲ ਬਣਾਉਣ ਲਈ ਇਹ ਹਮਲੇ ਕਰਵਾ ਰਹੇ ਹਨ। ਇੰਟਲੀਜੈਂਸ ਦੀਆਂ ਰਿਪੋਰਟਾਂ ਅਨੁਸਾਰ ਅਜਿਹੀਆਂ ਹੋਰ ਵਾਰਦਾਤਾਂ ਨੂੰ ਹਾਲੇ ਹੋਰ ਅੰਜਾਮ ਦਿੱਤਾ ਜਾ ਸਕਦਾ ਹੈ।
ਇਹੀ ਕਾਰਨ ਹੈ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ ’ਤੇ ਹੁਣ ਪੁਲੀਸ ਥਾਣਿਆਂ ਤੇ ਚੌਕੀਆਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਮਾਛੀਵਾੜਾ ਥਾਣੇ ਵਿੱਚ ਦੀਵਾਰਾਂ ’ਤੇ 5-6 ਫੁੱਟ ਉੱਚੀ ਲੋਹੇ ਦੀ ਜਾਲੀ ਲਗਾਈ ਗਈ ਹੈ ਤਾ ਜੋ ਕੋਈ ਵੀ ਸ਼ਰਾਰਤੀ ਅਨਸਰ ਬਾਹਰੋਂ ਖੜ੍ਹ ਕੇ ਕੋਈ ਵਸਤੂ ਅੰਦਰ ਨਾ ਸੁੱਟ ਸਕੇ। ਥਾਣੇ ਅੰਦਰ ਪਹਿਲਾਂ ਹੀ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਪਰ ਹੁਣ ਥਾਣੇ ਦੇ ਬਾਹਰ ਤੇ ਆਲੇ-ਦੁਆਲੇ ਨਿਗਰਾਨੀ ਰੱਖਣ ਲਈ ਹੋਰ ਕੈਮਰੇ ਲਗਾਏ ਗਏ ਹਨ। ਪੁਲੀਸ ਥਾਣੇ ਦੇ ਬਾਹਰ ਬੈਰੀਕੇਡ ਲਗਾਏ ਗਏ ਹਨ ਤਾਂ ਜੋ ਵਾਹਨ ਰਫ਼ਤਾਰ ਘੱਟ ਰੱਖ ਕੇ ਲੰਘਣ। ਹਨੇਰਾ ਹੋਣ ਮਗਰੋਂ ਥਾਣੇ ਬਾਹਰ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ। ਮਾਛੀਵਾੜਾ ਥਾਣੇ ਦਾ ਅਗਲਾ ਭਾਗ ਬਿਲਕੁਲ ਸੀਲ ਕਰ ਦਿੱਤਾ ਗਿਆ ਹੈ।