ਮਾਛੀਵਾੜਾ ਕੌਂਸਲ ਦੇ ਪ੍ਰਧਾਨ ਤੇ ਉਪ-ਪ੍ਰਧਾਨ ਦੀ ਚੋਣ ਅੱਜ
ਨਗਰ ਕੌਂਸਲ ਮਾਛੀਵਾੜਾ ਸਾਹਿਬ ਦੇ ਕੌਂਸਲਰਾਂ ਦੀ ਚੋਣ ਤੋਂ ਬਾਅਦ ਹੁਣ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਕਰਨ ਲਈ ਪ੍ਰਸ਼ਾਸਨ ਵੱਲੋਂ ਅੱਜ 10 ਜਨਵਰੀ ਦੀ ਤਿਆਰੀ ਕੀਤੀ ਗਈ ਹੈ। ਐੱਸ.ਡੀ.ਐੱਮ ਸਮਰਾਲਾ ਰਜਨੀਸ਼ ਅਰੋੜਾ ਦੀ ਨਿਗਰਾਨੀ ਹੇਠ ਨਗਰ ਕੌਂਸਲ ਦਫ਼ਤਰ ਵਿੱਚ 1 ਵਜੇ ਚੋਣ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ 15 ਵਾਰਡਾਂ ਵਿੱਚ ਹੋਈ ਕੌਂਸਲਰਾਂ ਦੀ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ 10, ਕਾਂਗਰਸ ਦੇ 2, ਅਕਾਲੀ ਦਲ ਦੇ 2 ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਿਹਾ।
‘ਆਪ’ ਕੋਲ ਬਹੁਮਤ ਹੋਣ ਕਾਰਨ ਇੱਥੇ ਪਾਰਟੀ ਦਾ ਪ੍ਰਧਾਨ ਅਤੇ ਉਪ ਪ੍ਰਧਾਨ ਬਣਨਾ ਤੈਅ ਮੰਨਿਆ ਜਾ ਰਿਹਾ ਹੈ। ਆਮ ਆਦਮੀ ਦਾ ਕਿਹੜਾ ਕੌਂਸਲਰ ਪ੍ਰਧਾਨ ਤੇ ਉਪ ਪ੍ਰਧਾਨ ਬਣੇਗਾ ਇਸ ਸਬੰਧੀ ਜਦੋਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਈਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਯੋਗ ਆਗੂਆਂ ਨੂੰ ਹੀ ਇਹ ਅਹੁਦੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸ ਕੌਂਸਲਰ ਨੂੰ ਇਹ ਅਹੁਦਾ ਦਿੱਤਾ ਜਾਵੇਗਾ ਇਸ ਸਬੰਧੀ ਉਹ ਚੋਣ ਮੀਟਿੰਗ ਦੌਰਾਨ ਹੀ ਨਾਮ ਸਪੱਸ਼ਟ ਕਰਨਗੇ। ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰ ਵੀ ਇਸ ਚੋਣ ਪ੍ਰਕਿਰਿਆ ਵਿਚ ਮੌਜੂਦ ਰਹਿਣਗੇ ਅਤੇ ਉੱਥੇ ਉਹ ਇਹ ਪ੍ਰਧਾਨਗੀ ਤੇ ਉਪ ਪ੍ਰਧਾਨਗੀ ਦਾ ਤਾਜ ਕਿਸ ਸਿਰ ਸਜਾਉਣਗੇ, ਇਸ ਬਾਰੇ ਉਹ ਮੌਕੇ ’ਤੇ ਹੀ ਸਪੱਸ਼ਟ ਕਰਨਗੇ। ਸਿਆਸੀ ਤੇ ਸ਼ਹਿਰ ਦੀਆਂ ਚਰਚਾਵਾਂ ਅਨੁਸਾਰ ‘ਆਪ’ ਆਗੂ ਤੇ ਕੌਂਸਲਰ ਮੋਹਿਤ ਕੁੰਦਰਾ ਨੂੰ ਪ੍ਰਧਾਨ ਅਤੇ ਜਗਮੀਤ ਸਿੰਘ ਮੱਕੜ ਨੂੰ ਉਪ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜ਼ਿਆ ਜਾ ਸਕਦਾ ਹੈ।