ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਛੀਵਾੜਾ ਇਲਾਕੇ ਵਿੱਚ ਸੋਕੇ ਵਰਗੇ ਹਾਲਾਤ

07:15 AM Aug 10, 2024 IST
ਪਾਣੀ ਦੀ ਘਾਟ ਕਾਰਨ ਸੁੱਕਿਆ ਝੋਨਾ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਅਗਸਤ
ਇਸ ਵਾਰ ਮੀਂਹ ਚੰਗੀ ਤਰ੍ਹਾਂ ਨਾ ਪੈਣ ਕਾਰਨ ਮਾਛੀਵਾੜਾ ਇਲਾਕੇ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕਿਸਾਨਾਂ ਦੀਆਂ ਫਸਲਾਂ ਬਿਨਾਂ ਪਾਣੀ ਤੋਂ ਸੁੱਕਦੀਆਂ ਜਾ ਰਹੀਆਂ ਹਨ। ਮਾਛੀਵਾੜਾ ਦਾ ਇਲਾਕਾ ਬੇਟ ਤੇ ਢਾਹਾ ਦੋ ਖੇਤਰਾਂ ਵਿੱਚ ਵੰਡਿਆ ਹੋਇਆ ਹੈ। ਮੀਂਹ ਨਾ ਪੈਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ 10 ਤੋਂ 15 ਫੁੱਟ ਡਿੱਗ ਗਿਆ ਹੈ ਜਿਸ ਕਾਰਨ ਕਿਸਾਨਾਂ ਦੀਆਂ ਖੇਤੀਬਾੜੀ ਵਾਲੀਆਂ ਮੋਟਰਾਂ ਦੇ ਬੋਰ ਵੀ ਪਾਣੀ ਛੱਡ ਗਏ ਹਨ। ਜਾਣਕਾਰੀ ਅਨੁਸਾਰ ਮਾਛੀਵਾੜਾ ਬੇਟ ਖੇਤਰ ਵਿੱਚ ਧਰਤੀ ਹੇਠ 10 ਤੋਂ 15 ਫੁੱਟ ’ਤੇ ਪਾਣੀ ਨਿਕਲ ਆਉਂਦਾ ਸੀ ਅਤੇ ਹੁਣ ਮੀਂਹ ਨਾ ਪੈਣ ਕਾਰਨ ਤੇ ਝੋਨੇ ਦੀ ਸਿੰਜਾਈ ਲਈ ਕਿਸਾਨਾਂ ਵੱਲੋਂ ਆਪਣੀਆਂ ਮੋਟਰਾਂ ਰਾਹੀਂ ਲਗਾਤਾਰ ਪਾਣੀ ਦੀ ਵਰਤੋਂ ਹੋਣ ਕਾਰਨ ਅੱਜ ਹਾਲਾਤ ਇਹ ਪੈਦਾ ਹੋ ਗਏ ਹਨ ਕਿ ਇਸ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 15 ਫੁੱਟ ਤੱਕ ਡਿੱਗ ਗਿਆ ਹੈ। ਮੀਂਹ ਨਾ ਪੈਣ ਕਾਰਨ ਕਿਸਾਨ ਪਹਿਲਾਂ ਹੀ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਇੰਜਣਾਂ ਤੇ ਜੈਨਰੇਟਰਾਂ ਰਾਹੀਂ ਝੋਨੇ ਦੀ ਸਿੰਜਾਈ ਕਰ ਰਹੇ ਹਨ ਪਰ ਹੁਣ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਕਾਰਨ ਮੋਟਰਾਂ ਦੇ ਬੋਰ ਵੀ ਜਵਾਬ ਦੇ ਗਏ ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਸੁੱਕਦੀਆਂ ਜਾ ਰਹੀਆਂ ਹਨ। ਹਾਲਾਤ ਇਹ ਪੈਦਾ ਹੋ ਗਏ ਹਨ ਕਿ ਕਿਸਾਨਾਂ ਵੱਲੋਂ ਨਵੇਂ ਬੋਰ ਕਰਵਾਏ ਜਾ ਰਹੇ ਹਨ ਅਤੇ ਕਈਆਂ ਨੇ ਤਾਂ 1.50 ਲੱਖ ਰੁਪਏ ਖਰਚ ਕੇ ਸਬਮਰਸੀਬਲ ਬੋਰ ਕਰਵਾ ਲਏ ਹਨ ਤਾਂ ਜੋ ਡੂੰਘੇ ਬੋਰ ਕਰਕੇ ਧਰਤੀ ਹੇਠਲਾ ਪਾਣੀ ਹੋਰ ਬਾਹਰ ਕੱਢਿਆ ਜਾ ਸਕੇ। ਮਾਛੀਵਾੜਾ ਢਾਹਾ ਖੇਤਰ ਦੀ ਗੱਲ ਕਰੀਏ ਤਾਂ ਇੱਥੇ ਵੀ ਪਾਣੀ ਦਾ ਪੱਧਰ 10 ਤੋਂ 15 ਫੁੱਟ ਡਿੱਗ ਚੁੱਕਾ ਹੈ।
ਮਾਛੀਵਾੜਾ ਇਲਾਕੇ ਵਿੱੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਪੰਜਾਬ ਦੇ ਬਾਕੀ ਇਲਾਕਿਆਂ ਨਾਲੋਂ ਕਾਫ਼ੀ ਉੱਚਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਇੱਕ ਪਾਸੇ ਸਤਲੁਜ ਦਰਿਆ ਵਗਦਾ ਹੈ ਅਤੇ ਦੂਜੇ ਪਾਸੇ ਸਰਹਿੰਦ ਨਹਿਰ। ਇਲਾਕੇ ਦੀ ਉਪਜਾਊ ਜਮੀਨ ਵਿਚ ਝੋਨੇ ਤੇ ਮੱਕੀ ਦੀ ਬਿਜਾਈ ਦਾ ਰਕਬਾ ਵੱਧਦਾ ਹੋਣ ਕਾਰਨ ਧਰਤੀ ਹੇਠਲਾ ਪਾਣੀ ਵੀ ਕਿਸਾਨਾਂ ਵੱਲੋਂ ਰੱਜ ਕੇ ਵਰਤਿਆ ਜਾ ਰਿਹਾ ਹੈ ਅਤੇ ਅੱਜ ਹਾਲਾਤ ਇਹ ਹੋ ਗਏ ਹਨ ਕਿ ਇਸ ਇਲਾਕੇ ਵਿੱਚ ਵੀ ਪਾਣੀ ਦਾ ਪੱਧਰ 10 ਤੋਂ 15 ਫੁੱਟ ਡਿੱਗ ਗਿਆ ਹੈ ਜੋ ਚਿੰਤਾ ਦਾ ਵਿਸ਼ਾ ਹੈ। ਸਤਲੁਜ ਦਰਿਆ ਦੇ ਨੇੜ੍ਹਲੇ ਪਿੰਡਾਂ ਵਿਚ ਪਾਣੀ ਦੇ ਪੱਧਰ ਡਿੱਗਣ ਦਾ ਮੁੱਖ ਕਾਰਨ ਰੇਤੇ ਦੀ ਮਾਈਨਿੰਗ ਹੈ। ਬੇਸ਼ੱਕ ਸਰਕਾਰ ਰੇਤੇ ਦੀ ਮਾਈਨਿੰਗ ਤੋਂ ਕਰੋੜਾਂ ਰੁਪਏ ਕਮਾ ਰਹੀ ਹੈ ਪਰ ਪਾਣੀ ਦਾ ਡਿੱਗਦਾ ਪੱਧਰ ਆਉਣ ਵਾਲੇ ਸਮੇਂ ਵਿਚ ਇਲਾਕੇ ਲਈ ਵੱਡਾ ਖ਼ਤਰਾ ਹੋ ਸਕਦਾ ਹੈ।

Advertisement

Advertisement