ਮਾਛੀਵਾੜਾ ਇਲਾਕੇ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਮਈ
ਨੇੜਲੇ ਪਿੰਡ ਸਹਿਜੋ ਮਾਜਰਾ ਦੇ ਵਾਸੀ ਨੌਜਵਾਨ ਭੁਪਿੰਦਰ ਸਿੰਘ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਿਜੋ ਮਾਜਰਾ ਵਾਸੀ ਹਜ਼ਾਰਾ ਸਿੰਘ ਦਾ ਇਕਲੌਤਾ ਪੁੱਤਰ ਭੁਪਿੰਦਰ ਸਿੰਘ ਆਪਣੇ ਚੰਗੇਰੇ ਭਵਿੱਖ ਲਈ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਗਿਆ ਸੀ ਜਿੱਥੇ ਉਹ ਟਰਾਲਾ ਚਲਾਉਂਦਾ ਸੀ। ਜਾਣਕਾਰੀ ਮੁਤਾਬਕ ਭੁਪਿੰਦਰ ਸਿੰਘ ਟਰਾਲਾ ਲੈ ਕੇ ਅਮਰੀਕਾ ਦੇ 81-ਗਰੀਨ ਕਾਊਂਟੀ ਰੋਡ ’ਤੇ ਜਾ ਰਿਹਾ ਸੀ ਕਿ ਰਸਤੇ ’ਚ ਇੱਕ ਜੀਪ ਨਾਲ ਉਸ ਦੀ ਟੱਕਰ ਹੋ ਗਈ ਅਤੇ ਟਰਾਲਾ ਦਰੱਖਤ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਟਰਾਲੇ ਨੂੰ ਅੱਗ ਲੱਗ ਗਈ। ਮੌਕੇ ’ਤੇ ਪਹੁੰਚੀ ਰੈਸਕਿਊ ਟੀਮ ਨੇ ਭੁਪਿੰਦਰ ਨੂੰ ਟਰਾਲੇ ’ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਭੁਪਿੰਦਰ ਸਿੰਘ ਦੀ ਮੌਤ ਦੀ ਖ਼ਬਰ ਮਿਲਣ ’ਤੇ ਪਿੰਡ ਸਹਿਜੋ ਮਾਜਰਾ ’ਚ ਉਸ ਦੇ ਘਰ ਵਿਚ ਮਾਤਮ ਛਾ ਗਿਆ ਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਭੁਪਿੰਦਰ ਸਿੰਘ ਦਾ ਪਿਤਾ ਹਜ਼ਾਰਾ ਸਿੰਘ ਸਪੇਨ ’ਚ ਰਹਿੰਦੇ ਹਨ ਤੇ ਮੌਤ ਬੇਟੇ ਦੀ ਮੌਤ ਦੀ ਖ਼ਬਰ ਮਿਲਣ ਮਗਰੋਂ ਉਹ ਪਿੰਡ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਹਾਦਸੇ ’ਚ ਜੀਪ ਸਵਾਰਾਂ ਦਾ ਬਚਾਅ ਹੋ ਗਿਆ।