ਮਾਓਵਾਦੀਆਂ ਦਾ ਜਬਰੀ ਸਸਕਾਰ ਕਰਨ ਦਾ ਜਮਹੂਰੀ ਫਰੰਟ ਵੱਲੋਂ ਵਿਰੋਧ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 28 ਮਈ
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਅਤੇ ਸੂਬਾ ਕਮੇਟੀ ਆਗੂਆਂ ਯਸ਼ਪਾਲ ਝਬਾਲ, ਐਡਵੋਕੇਟ ਅਮਰਜੀਤ ਬਾਈ ਅਤੇ ਸੁਮੀਤ ਨੇ ਛੱਤੀਸਗੜ੍ਹ ਪੁਲੀਸ ਵੱਲੋਂ ਸੀਪੀਆਈ (ਮਾਓਵਾਦੀ) ਦੇ ਜਨਰਲ ਸਕੱਤਰ ਕੇਸ਼ਵ ਰਾਓ ਅਤੇ ਸੱਤ ਹੋਰ ਮਾਓਵਾਦੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਿਸਾਂ ਨੂੰ ਨਾ ਸੌਂਪਣ ਤੇ ਪਰਿਵਾਰਾਂ ਦੀ ਸਹਿਮਤੀ ਤੋਂ ਬਿਨਾਂ ਨਰਾਇਣਪੁਰ ਵਿਚ ਉਨ੍ਹਾਂ ਦਾ ਸਸਕਾਰ ਕੀਤੇ ਜਾਣ ਦੀ ਕਾਰਵਾਈ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਇਸ ਦੀ ਨਿਖੇਧੀ ਕੀਤੀ।
ਉਨ੍ਹਾਂ ਦੱਸਿਆ ਕਿ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਨਾਲ ਸਬੰਧਤ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਲੈਣ ਲਈ ਪਿਛਲੇ ਚਾਰ ਦਿਨਾਂ ਤੋਂ ਨਰਾਇਣਪੁਰ ਵਿਚ ਸਨ ਅਤੇ ਪੁਲੀਸ-ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਾਸ਼ਾਂ ਉਨ੍ਹਾਂ ਦੇ ਸਪੁਰਦ ਕਰਨ ਦੀ ਥਾਂ ਇਹ ਕਹਿ ਕੇ ਸਾੜ ਦਿੱਤੀਆਂ ਗਈਆਂ ਕਿ ਲਾਸ਼ਾਂ ਗਲ-ਸੜ ਰਹੀਆਂ ਸਨ, ਜਿਨ੍ਹਾਂ ਨੂੰ ਲੈਣ ਲਈ ਕਾਨੂੰਨੀ ਵਾਰਿਸਾਂ ਵੱਲੋਂ ਪ੍ਰਸ਼ਾਸਨ ਤਕ ਪਹੁੰਚ ਨਹੀਂ ਕੀਤੀ ਗਈ।
ਜਮਹੂਰੀ ਆਗੂਆਂ ਨੇ ਦੋਸ਼ ਲਾਇਆ ਕਿ ਪੁਲੀਸ ਦੀ ਇਹ ਕਹਾਣੀ ‘ਮੁਕਾਬਲੇ’ ਦੀ ਕਹਾਣੀ ਵਾਂਗ ਪੂਰੀ ਤਰ੍ਹਾਂ ਝੂਠੀ ਤੇ ਮਨਘੜਤ ਹੈ ਕਿਉਂਕਿ ਕਾ. ਕੇਸ਼ਵ ਰਾਓ ਦੇ ਭਰਾ ਨੰਬਾਲਾ ਰਾਮ ਪ੍ਰਸਾਦ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਪੰਜ ਮਾਓਵਾਦੀਆਂ ਦੇ ਵਾਰਿਸਾਂ ਨੇ ਲਾਸ਼ਾਂ ਸਬੰਧਤ ਪਰਿਵਾਰਾਂ ਦੇ ਸਪੁਰਦ ਕੀਤੇ ਜਾਣ ਦਾ ਆਦੇਸ਼ ਆਂਧਰਾ ਪ੍ਰਦੇਸ਼ ਹਾਈ ਕੋਰਟ ਤੋਂ ਜਾਰੀ ਕਰਵਾ ਕੇ ਪੁਲੀਸ ਅਧਿਕਾਰੀਆਂ ਅੱਗੇ ਬਾਕਾਇਦਾ ਆਪਣੇ ਸ਼ਨਾਖ਼ਤੀ ਦਸਤਾਵੇਜ਼ ਪੇਸ਼ ਕਰ ਦਿੱਤੇ ਸਨ। ਉਨ੍ਹਾਂ ਪੁਲੀਸ ਅਧਿਕਾਰੀਆਂ ਦੇ ਟਾਲ-ਮਟੋਲ ਕਰਨ ਖ਼ਿਲਾਫ਼ ਨਰਾਇਣਪੁਰ ਪੁਲੀਸ ਦੇ ਸਦਰ ਮੁਕਾਮ ਅੱਗੇ ਮੁਜ਼ਾਹਰਾ ਵੀ ਕੀਤਾ।
ਜਮਹੂਰੀ ਆਗੂਆਂ ਨੇ ਕਿਹਾ ਕਿ ਮੌਤ ਮਗਰੋਂ ਹਰ ਮਨੁੱਖ ਦਾ ਆਪਣੀਆਂ ਸਮਾਜਿਕ-ਸੱਭਿਆਚਾਰਕ ਰਵਾਇਤਾਂ ਅਨੁਸਾਰ ਮਾਣ-ਸਨਮਾਨ ਨਾਲ ਅੰਤਿਮ ਰਸਮਾਂ ਦਾ ਹੱਕਦਾਰ ਹੈ। ਉਨ੍ਹਾਂ ਮੰਗ ਕੀਤੀ ਕਿ ਹਾਈ ਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਣ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਸਤਰ ਵਿੱਚ ‘ਅਪਰੇਸ਼ਨ ਕਗਾਰ’ ਫੌਰੀ ਬੰਦ ਕੀਤਾ ਜਾਵੇ।
ਘਟਨਾ ਨੇ ਹੁਸੈਨੀਵਾਲਾ ਦਾ ਇਤਿਹਾਸ ਯਾਦ ਕਰਾਇਆ: ਦੇਸ਼ ਭਗਤ ਕਮੇਟੀ
ਜਲੰਧਰ (ਹਤਿੰਦਰ ਮਹਿਤਾ): ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਛੱਤੀਸਗੜ੍ਹ ਪੁਲੀਸ ਵੱਲੋਂ ਸੀਪੀਆਈ(ਮਾਓਵਾਦੀ) ਦੇ ਜਨਰਲ ਸਕੱਤਰ ਕੇਸ਼ਵ ਰਾਓ ਅਤੇ ਸੱਤ ਹੋਰ ਮਾਓਵਾਦੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਿਸਾਂ ਨੂੰ ਅੰਤਿਮ ਰਸਮਾਂ ਲਈ ਨਾ ਦੇਣ ਅਤੇ ਪਰਿਵਾਰਾਂ ਦੀ ਸਹਿਮਤੀ ਬਿਨਾਂ ਹੀ ਨਰਾਇਣਪੁਰ ਵਿੱਚ ਸਸਕਾਰ ਕਰ ਦੇਣ ਦੀ ਹਰ ਮਨੁੱਖ ਹਿਤੈਸ਼ੀ, ਜਮਹੂਰੀ, ਇਨਸਾਫ਼ ਪਸੰਦ ਅਤੇ ਸਮਾਜਿਕ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਪ੍ਰਨਾਏ ਇਨਸਾਨ ਅਤੇ ਸੰਸਥਾਵਾਂ ਨੂੰ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਹੁਸੈਨੀਵਾਲਾ ਦਾ ਇਤਿਹਾਸ ਯਾਦ ਕਰਵਾ ਦਿੱਤਾ ਹੈ। ਤਤਕਾਲੀ ਬਰਤਾਨਵੀ ਹਕੂਮਤ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1931 ਨੂੰ ਲਾਹੌਰ ਕੇਂਦਰੀ ਜੇਲ੍ਹ ਵਿਚ ਫਾਂਸੀ ਦੇ ਕੇ ਰਾਤ ਦੇ ਹਨੇਰੇ ਵਿਚ ਹੁਸੈਨੀਵਾਲਾ ਵਿੱਚ ਸਤਲੁਜ ਦੇ ਕੰਢੇ ਲਿਜਾ ਕੇ ਅੱਧ ਜਲੀਆਂ ਲਾਸ਼ਾਂ ਨੂੰ ਦਰਿਆ ਵਿਚ ਰੋੜ੍ਹ ਦਿੱਤਾ ਸੀ।ਉਨ੍ਹਾਂ ਮੰਗ ਕੀਤੀ ਕਿ ਹਾਈਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਣ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਆਦਿਵਾਸੀਆਂ ਦਾ ਉਜਾੜਾ ਬੰਦ ਕੀਤਾ ਜਾਵੇ।