‘ਮਾਈ ਮੈਲਬਰਨ’ ਯੂਕੇ ਏਸ਼ੀਅਨ ਫ਼ਿਲਮ ਫੈਸਟੀਵਲ ’ਚ ਸਰਵੋਤਮ ਫ਼ਿਲਮ ਐਲਾਨੀ
ਨਵੀਂ ਦਿੱਲੀ:
ਫ਼ਿਲਮ ਨਿਰਮਾਤਾਵਾਂ ਇਮਤਿਆਜ਼ ਅਲੀ, ਓਨਿਰ, ਰੀਮਾ ਦਾਸ ਅਤੇ ਕਬੀਰ ਖ਼ਾਨ ਵੱਲੋਂ ਨਿਰਦੇਸ਼ਤ ਫ਼ਿਲਮ ‘ਮਾਈ ਮੈਲਬਰਨ’ ਨੇ 27ਵੇਂ ‘ਯੂਕੇ ਏਸ਼ੀਅਨ’ ਫ਼ਿਲਮ ਮਹਾਂਉਤਸਵ ਵਿੱਚ ਸਰਵੋਤਮ ਫ਼ਿਲਮ ਦਾ ਪੁਰਸਕਾਰ ਜਿੱਤਿਆ ਹੈ। ਇਸ ਫ਼ਿਲਮ ਨੇ ਮਹਾਂਉਤਸਵ ਵਿੱਚ ਵਿਸ਼ੇਸ਼ ਪੁਰਸਕਾਰ ਵੀ ਜਿੱਤਿਆ ਹੈ। ਫ਼ਿਲਮ ਵਿੱਚ ਦਾਸ ਦੀ ‘ਅੰਮਾ’, ਅਲੀ ਦੀ ‘ਜੂਲਸ’, ਓਨਿਰ ਦੀ ‘ਨੰਦਿਨੀ’ ਅਤੇ ਖ਼ਾਨ ਦੀ ‘ਸੇਤਾਰਾ’ ਲਘੂ ਫ਼ਿਲਮ ਸ਼ਾਮਲ ਹੈ। ਇਹ ਲਘੂ ਫ਼ਿਲਮ ਲਿੰਗ ਭੇਦਭਾਵ, ਨਸਲ ਅਤੇ ਅੰਗਹੀਣ ਸਹਿਤ ਵੱਖ-ਵੱਖ ਵਿਸ਼ਿਆਂ ’ਤੇ ਆਧਾਰਤ ਹੈ। ਅਲੀ ਨੇ ਕਿਹਾ ਕਿ ‘ਮਾਈ ਮੈਲਬਰਨ’ ’ਤੇ ਕੰਮ ਕਰਨਾ ਬਹੁਤ ਚੰਗਾ ਅਨੁਭਵ ਸੀ। ਇਸ ਨੂੰ ਪੁਰਸਕਾਰ ਮਿਲਣਾ, ਮਾਨਵੀ ਭਾਵਨਾਵਾਂ ਨੂੰ ਦਿਖਾਉਣ ਵਾਲੀਆਂ ਕਹਾਣੀਆਂ ਦੇ ਮਹੱਤਵ ਦੀ ਪੁਸ਼ਟੀ ਕਰਦਾ ਹੈ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਖ਼ਾਨ ਨੇ ਕਿਹਾ ਕਿ ਸਿਨੇਮਾ ਵਿੱਚ ਸੰਸਕ੍ਰਿਤੀਆਂ ਨੂੰ ਜੋੜਨ ਦੀ ਤਾਕਤ ਹੁੰਦੀ ਹੈ। ‘ਮਾਈ ਮੈਲਬਰਨ’ ਦਾ ਕੌਮਾਂਤਰੀ ਪੱੱਧਰ ’ਤੇ ਪ੍ਰੀਮੀਅਰ 15ਵੇੇਂ ਭਾਰਤੀ ਫ਼ਿਲਮ ਮਹਾਂਉਤਸਵ ਮੈਲਬਰਨ ਵਿੱਚ ਹੋਇਆ ਸੀ। ਮਗਰੋਂ ਇਸ ਨੂੰ ਭਾਰਤ ਵਿੱਚ 2024 ਵਿੱਚ ਮਾਮੀ ਫ਼ਿਲਮ ਮਹਾਂਉਤਸਵ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਦਾਸ ਨੇ ਕਿਹਾ ਕਿ ਇਹ ਪੁਰਸਕਾਰ ਵਿਸ਼ੇਸ਼ ਹੈ, ਕਿਉਂਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਵਿਅਕਤੀਗਤ ਕਹਾਣੀਆਂ ਵਿੱਚ ਵੀ ਕੁਝ ਖ਼ਾਸ ਹੁੰਦਾ ਹੈ। ਓਨਿਰ ਨੇ ਆਖਿਆ ਕਿ ਇਹ ਫ਼ਿਲਮ ਉਸ ਦੇ ਦਿਲ ਦੇ ਬਹੁਤ ਨੇੜੇ ਹੈ,ਕਿਉਂਕਿ ਇਸ ਨੇ ਸਾਨੂੰ ਅਜਿਹੀਆਂ ਕਹਾਣੀਆਂ ਬਿਆਨ ਕਰਨ ਦਾ ਮੌਕਾ ਦਿੱਤਾ ਜੋ ਮਾਅਨੇ ਰੱਖਦੀਆਂ ਹਨ। ‘ਯੂਕੇ ਏਸ਼ੀਅਨ’ ਫ਼ਿਲਮ ਮਹਾਂਉਤਸਵ ਪਹਿਲੀ ਮਈ ਤੋਂ 11 ਮਈ ਤੱਕ ਲੰਡਨ ਵਿੱਚ ਕਰਵਾਇਆ ਗਿਆ ਸੀ। -ਪੀਟੀਆਈ