ਮਾਈਨਰ ਵਿੱਚ ਪਾੜ ਪੈਣ ਕਾਰਨ ਬਾਗ ਅਤੇ ਫ਼ਸਲਾਂ ਪਾਣੀ ਵਿੱਚ ਡੁੱਬੀਆਂ
ਸੁੰਦਰ ਨਾਥ ਆਰੀਆ
ਅਬੋਹਰ, 8 ਮਈ
ਇੱਥੇ ਅੱਜ ਤੜਕੇ ਕਰੀਬ 4 ਵਜੇ ਪਿੰਡ ਖੂਈਆਂ ਸਰਵਰ ਨੇੜਿਓਂ ਲੰਘਦੀ ਪੰਜਾਵਾ ਮਾਈਨਰ ਵਿੱਚ ਅਚਾਨਕ ਪਾੜ ਪੈ ਗਿਆ। ਸੂਚਨਾ ਮਿਲਦੇ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੇ ਮੌਕੇ ‘ਤੇ ਪਹੁੰਚ ਕੇ ਆਪਣੇ ਪੱਧਰ ‘ਤੇ ਨਹਿਰ ਬੰਨ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂਕਿ ਵਾਰ-ਵਾਰ ਸੂਚਨਾ ਦੇਣ ‘ਤੇ ਵੀ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪੁੱਜਿਆ। ਇਸ ਕਾਰਨ ਕਿਸਾਨਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਥੋਂ ਦੇ ਕਿਸਾਨਾਂ ਰਾਮ ਪ੍ਰਤਾਪ, ਜਸਵਿੰਦਰ ਸਿੰਘ, ਰਾਮਕਿਸ਼ਨ, ਵੇਦ ਪ੍ਰਕਾਸ਼, ਮਹਿੰਦਰ ਪਾਲ, ਰਾਜਕੁਮਾਰ ਅਤੇ ਵਿੱਕੀ ਹੁੱਡਾ ਨੇ ਦੱਸਿਆ ਕਿ ਸਵੇਰੇ 4 ਕੁ ਵਜੇ ਦੇ ਕਰੀਬ ਨਹਿਰ ਵਿੱਚ 10 ਫੁੱਟ ਚੌੜਾ ਪਾੜ ਆ ਗਿਆ। ਸੂਚਨਾ ਮਿਲਣ ਤੋਂ ਬਾਅਦ ਜਦੋਂ ਤੱਕ ਕਿਸਾਨ ਮੌਕੇ ‘ਤੇ ਪਹੁੰਚੇ, ਉਦੋਂ ਤੱਕ ਪਾੜ ਹੋਰ ਚੌੜਾ ਹੋ ਚੁੱਕਿਆ ਸੀ। ਇਸ ਕਾਰਨ ਕਰੀਬ 30 ਏਕੜ ਕਿੰਨੂ ਦੇ ਬਾਗਾਂ ਅਤੇ ਸਬਜ਼ੀਆਂ ਦੀ ਫਸਲ ਪਾਣੀ ਵਿਚ ਡੁੱਬ ਗਈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਤਾਂ ਵਿੱਚ ਪਾਣੀ ਹੈ, ਉੱਥੇ ਨਰਮੇ ਦੀ ਬਿਜਾਈ ਪਛੜ ਜਾਵੇਗੀ। ਦੂਜੇ ਪਾਸੇ ਕਿੰਨੂ ਦੇ ਬਾਗਾਂ ਵਿੱਚ ਜ਼ਿਆਦਾ ਪਾਣੀ ਭਰ ਜਾਣ ਕਾਰਨ ਫਲ ਡਿੱਗਣਾ ਵੀ ਸ਼ੁਰੂ ਹੋ ਸਕਦਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਨਹਿਰੀ ਵਿਭਾਗ ਦੇ ਬੇਲਦਾਰ ਦੀ ਅਣਗਹਿਲੀ ਕਾਰਨ ਇਹ ਨਹਿਰ ਟੁੱਟੀ ਹੈ, ਜਦੋਂ ਕਿ ਵਾਰ-ਵਾਰ ਸੂਚਿਤ ਕਰਨ ‘ਤੇ ਵੀ ਵਿਭਾਗ ਦਾ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪੁੱਜਿਆ। ਇਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ 8 ਵਜੇ ਦੇ ਕਰੀਬ ਵਿਭਾਗ ਦੇ ਜੇਈ ਖਾਲੀ ਹੱਥ ਮੌਕੇ ‘ਤੇ ਪੁੱਜੇ। ਉਦੋਂ ਤੱਕ ਕਿਸਾਨਾਂ ਨੇ ਕਾਫੀ ਹੱਦ ਤੱਕ ਪਾੜ ਨੂੰ ਭਰਨ ਦਾ ਕੰਮ ਮੁਕੰਮਲ ਕਰ ਲਿਆ ਸੀ। ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਹਿਰ ਦੀ ਜਲਦੀ ਮੁਰੰਮਤ ਕਰਵਾਈ ਜਾਵੇ ਅਤੇ ਪਾਣੀ ਜਾਰੀ ਰੱਖਿਆ ਜਾਵੇ ਤਾਂ ਜੋ ਹੋਰ ਪਿੰਡਾਂ ਦੇ ਕਿਸਾਨਾਂ ਦੀ ਨਰਮੇ ਦੀ ਬਿਜਾਈ ਵਿੱਚ ਦੇਰੀ ਨਾ ਹੋਵੇ। ਨਹਿਰੀ ਵਿਭਾਗ ਦੇ ਜੇਈ ਅਵਿਨਾਸ਼ ਨਾਲ ਇਸ ਸੰੰਧੀ ਵਿੱਚ ਫੋਨ ਤ’ੇ ਗਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਨਹਿਰਬੰਦੀ ਦੇ ਵਿਰੋਧ ‘ਚ ਚੱਕਾ ਜਾਮ ਕਰਨ ਦੀ ਚਿਤਾਵਨੀ
ਅਬੋਹਰ (ਪੱਤਰ ਪ੍ਰੇਰਕ): ਇੱਥੇ ਮਈ ਮਹੀਨੇ ਵਿੱਚ ਨਹਿਰੀ ਵਿਭਾਗ ਵੱਲੋਂ ਸਫ਼ਾਈ ਦੇ ਕੰਮਾਂ ਨੂੰ ਲੈ ਕੇ ਕਰੀਬ 15 ਦਿਨਾਂ ਤੱਕ ਨਹਿਰ ਨੂੰ ਬੰਦ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਿੰਡ ਬਾਜੀਤਪੁਰ ਭੋਮਾ ਵਿੱਚ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਜੇ ਨਹਿਰੀ ਵਿਭਾਗ ਨੇ ਨਹਿਰਬੰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੱਕਾ ਜਾਮ ਕਰਕੇ ਮੁੱਖ ਸੜਕਾਂ ‘ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਸੁਖਮੰਦਰ ਸਿੰਘ ਬਾਜੀਤਪੁਰ ਭੋਮਾ ਨੇ ਕਿਹਾ ਕਿ ਬੀਤੇ ਦਿਨ ਨਹਿਰੀ ਵਿਭਾਗ ਦੇ ਐਕਸੀਅਨ ਨੇ ਬਿਆਨ ਜਾਰੀ ਕੀਤਾ ਸੀ ਕਿ ਨਹਿਰਾਂ ਦੀ ਸਫ਼ਾਈ ਕਰਵਾਉਣ ਲਈ ਮਈ ਵਿੱਚ ਹੀ 15 ਦਿਨਾਂ ਲਈ ਨਹਿਰਾਂ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਮੇਂ ਨਰਮੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਅਤੇ ਅਜਿਹੀ ਸਥਿਤੀ ਵਿੱਚ ਜੇ ਨਹਿਰ ਬੰਦ ਹੋ ਜਾਂਦੀ ਹੈ ਤਾਂ ਨਰਮੇ ਦੀ ਬਿਜਾਈ ਬਹੁਤ ਦੇਰੀ ਨਾਲ ਹੋਵੇਗੀ। ਜੇ ਕਿੰਨੂ ਦੇ ਬਾਗਾਂ ਨੂੰ ਸਮੇਂ ਸਿਰ ਪਾਣੀ ਨਾ ਮਿਲਿਆ ਤਾਂ ਫਲਾਂ ਦੀ ਵੱਡੀ ਪੱਧਰ ‘ਤੇ ਗਿਰਾਵਟ ਸ਼ੁਰੂ ਹੋ ਜਾਵੇਗੀ।