ਮਾਂ ਬੋਲੀ: ਅਹਿਮੀਅਤ ਤੇ ਉਲਝਣਾਂ
ਅਭੈ ਸਿੰਘ
ਮੈਂ ਇੱਕ ਅਰਸੇ ਤੋਂ ਹੀ ਮਾਂ ਬੋਲੀ, ਪੰਜਾਬੀ ਦੀ ਉੱਨਤੀ ਤੇ ਮਕਬੂਲੀਅਤ ਵਾਸਤੇ ਸੰਘਰਸ਼ਸ਼ੀਲ ਹਾਂ। ਇਸ ਦੇ ਪ੍ਰਚਾਰ ਵਾਸਤੇ ਜੱਦੋਜਹਿਦਾਂ ਵਿੱਚ ਸ਼ਾਮਲ ਹਾਂ। ਮਾਂ ਬੋਲੀ ਦੀ ਅਹਿਮੀਅਤ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਪਰ ਕਦੇ ਕਦੇ ਕੁਝ ਉਲਝਣਾਂ ਵੀ ਪੈਦਾ ਹੁੰਦੀਆਂ ਹਨ, ਉਨ੍ਹਾਂ ਬਾਰੇ ਵੀ ਗੱਲ ਕਰਨੀ ਬਣਦੀ ਹੈ। ਅਸੀਂ ਸੰਸਾਰ ਦੇ ਮਹਾਨ ਲੇਖਕਾਂ ਦੀਆਂ ਮਹਾਨ ਰਚਨਾਵਾਂ ਪੜ੍ਹਦੇ ਹਾਂ, ਉਨ੍ਹਾਂ ਤੋਂ ਮੁਤਾਸਰ ਹੁੰਦੇ ਹਾਂ ਤੇ ਉਨ੍ਹਾਂ ਬਾਰੇ ਵਿਚਾਰ ਵੀ ਹੁੰਦੇ ਰਹਿੰਦੇ ਹਨ। ਇਹ ਸਭ ਰਚਨਾਵਾਂ ਉਨ੍ਹਾਂ ਨੇ ਆਪਣੀਆਂ ਭਾਸ਼ਾਵਾਂ ਵਿੱਚ ਹੀ ਲਿਖੀਆਂ ਹੁੰਦੀਆਂ ਹਨ ਤੇ ਸਾਡੇ ਕੋਲ ਤਰਜਮਿਆਂ ਰਾਹੀਂ ਪਹੁੰਚਦੀਆਂ ਹਨ। ਇਸ ਦੇ ਬਾਵਜੂਦ ਕਈ ਵਾਰ ਇਹ ਖ਼ਿਆਲ ਆਉਂਦਾ ਹੈ ਕਿ ਪੰਜਾਬ ਦੇ ਜੰਮਪਲ ਕੁਝ ਚੋਟੀ ਦੇ ਲੇਖਕ ਜਿਵੇਂ ਕਿ ਸਆਦਤ ਹਸਨ ਮੰਟੋ, ਖੁਸ਼ਵੰਤ ਸਿੰਘ, ਕ੍ਰਿਸ਼ਨ ਚੰਦਰ ਤੇ ਫੈਜ਼ ਅਹਿਮਦ ਫੈਜ਼ ਜੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਲਿਖਦੇ ਤਾਂ ਕੀ ਇੰਨੀ ਵਿਸ਼ਾਲ ਪ੍ਰਸਿੱਧੀ ਪਾ ਸਕਦੇ ਸਨ ਜਿੰਨੀ ਉਨ੍ਹਾਂ ਨੂੰ ਮਿਲੀ ਹੈ।
ਇੱਕ ਜ਼ਾਤੀ ਉਦਾਹਰਣ ਹੁਣ ਦੀ ਹੈ। ਕਸ਼ਮੀਰ ਦਾ ਇੱਕ ਲੇਖਕ, ਸ਼ਫ਼ੀ ਅਹਿਮਦ ਮੇਰਾ ਚੰਗਾ ਦੋਸਤ ਬਣਿਆ ਹੋਇਆ ਹੈ। ਉੁਸ ਦਾ ਇੱਕ ਅੰਗਰੇਜ਼ੀ ਵਿੱਚ ਲਿਖਿਆ ‘ਹਾਫ਼ ਵਿਡੋ’ ਨਾਮ ਦਾ ਨਾਵਲ ਹੈ। ਇਸ ਨਾਵਲ ਦਾ ਰੀਵਿਊ ਮੈਂ ਉਰਦੂ ਦੇ ਅਖ਼ਬਾਰ ਵਿੱਚੋਂ ਪੜ੍ਹਿਆ ਜੋ ਕਿ ਮੇਰੀ ਮਾਦਰੀ ਜ਼ਬਾਨ ਨਹੀਂ ਹੈ। ਮੈਨੂੰ ਨਾਵਲ ਦਿਲਚਸਪ ਲੱਗਿਆ। ਮੈਂ ਰੀਵਿਊ ਕਰਨ ਵਾਲੇ ਲੇਖਕ ਨੂੰ ਫੋਨ ਕੀਤਾ। ਉਸ ਨੇ ਲੇਖਕ ਨਾਲ ਰਾਬਤਾ ਕਰ ਕੇ ਮੈਨੂੰ ਉਹ ਨਾਵਲ ਭਿਜਵਾ ਦਿੱਤਾ। ਅਖੀਰ ਮੈਂ ਇਸ ਨਾਵਲ ਦਾ ਪੰਜਾਬੀ ਤਰਜਮਾ ਕੀਤਾ ਜੋ ਲੋਕ ਗੀਤ ਪ੍ਰਕਾਸ਼ਨ ਨੇ ‘ਅੱਧੀ ਵਿਧਵਾ’ ਦੇ ਨਾਂ ਨਾਲ ਛਾਪਿਆ। ਇਸ ਬਾਰੇ ‘ਸਾਹਿਤ ਚਿੰਤਨ ਚੰਡੀਗੜ੍ਹ’ ਨੇ ਚਰਚਾ ਕਰਵਾਈ ਜਿਸ ਵਿੱਚ ਸ਼ਫ਼ੀ ਅਹਿਮਦ ਵੀ ਆਇਆ। ਇਸ ਤੋਂ ਬਾਅਦ ਸ਼ਫ਼ੀ ਅਹਿਮਦ ਨਾਲ ਮੇਰਾ ਮਿਲਣਾ ਜੁਲਣਾ, ਆਉਣਾ ਜਾਣਾ ਹੋ ਗਿਆ ਤੇ ਉਸ ਦੇ ਰਾਹੀਂ ਹੀ ਕਸ਼ਮੀਰ ਦੇ ਹੋਰ ਕਈ ਉਰਦੂ ਲੇਖਕਾਂ ਨਾਲ ਜਾਣ ਪਛਾਣ ਹੋਈ ਤੇ ਕਸ਼ਮੀਰ ਦੇ ਉਰਦੂ ਲੇਖਕਾਂ ਦੀਆਂ ਕੁਝ ਮੀਟਿੰਗਾਂ ਦਾ ਮਹਿਮਾਨ ਵੀ ਰਿਹਾ।
ਹੁਣ ਕੁਝ ਦਿਨ ਪਹਿਲਾਂ ਮੈਂ ਫੇਸਬੁੱਕ ’ਤੇ ਵੇਖਿਆ ਕਿ ਸ਼ਫ਼ੀ ਅਹਿਮਦ ਨੇ ਕਸ਼ਮੀਰੀ ਭਾਸ਼ਾ ਵਿੱਚ ਕਹਾਣੀਆਂ ਦਾ ਇੱਕ ਸੰਗ੍ਰਹਿ ਲਿਖਿਆ ਹੈ। ਲੋਕ ਉਸ ਨੂੰ ਵਧਾਈਆਂ ਦੇ ਰਹੇ ਸਨ, ਮੈਂ ਵੀ ਵਧਾਈ ਦਿੱਤੀ ਪਰ ਮਹਿਸੂਸ ਵੀ ਕੀਤਾ ਕਿ ਇਹ ਕਹਾਣੀਆਂ ਪੜ੍ਹ ਨਹੀਂ ਸਕਾਂਗਾ ਤੇ ਇਨ੍ਹਾਂ ਬਾਰੇ ਕੋਈ ਰਾਇ ਵੀ ਨਹੀਂ ਦੇ ਸਕਾਂਗਾ। ਇਨ੍ਹਾਂ ਵਧਾਈਆਂ ਵਿੱਚ ਇਸ ਤਰ੍ਹਾਂ ਵੀ ਕਿਹਾ ਜਾਂਦਾ ਸੀ ਕਿ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਕਈ ਸਾਲ ਅੰਗਰੇਜ਼ੀ ਤੇ ਉਰਦੂ ਵਿੱਚ ਲਿਖਦੇ ਰਹਿਣ ਬਾਅਦ ਉਹ ਆਪਣੀ ਮਾਂ ਬੋਲੀ ਕਸ਼ਮੀਰੀ ਵੱਲ ਪਰਤ ਆਇਆ ਹੈ ਹਾਲਾਂਕਿ ਉਸ ਨੇ ਖ਼ੁਦ ਇਸ ਬਾਰੇ ਵਜਾਹਤ ਕੀਤੀ ਹੈ ਕਿ ਉਹ ਉਰਦੂ ਤੇ ਅੰਗਰੇਜ਼ੀ ਵਿੱਚ ਲਿਖਣਾ ਬੰਦ ਨਹੀਂ ਕਰੇਗਾ, ਹਾਂ ਹੁਣ ਕਸ਼ਮੀਰੀ ਵਿੱਚ ਵੀ ਲਿਖਿਆ ਕਰੇਗਾ। ਮੇਰੇ ਵਾਸਤੇ ਇਹ ਸਕੂਨ ਵਾਲੀ ਗੱਲ ਹੈ ਪਰ ਇੱਕ ਖ਼ਿਆਲ ਆਉਂਦਾ ਰਹਿੰਦਾ ਹੈ ਕਿ ਜੇ ਉਸ ਨੇ ਉਹ ਨਾਵਲ ਹੀ ਕਸ਼ਮੀਰੀ ਵਿੱਚ ਲਿਖਿਆ ਹੁੰਦਾ ਤੇ ਉਸ ਦਾ ਰੀਵਿਊ ਵੀ ਉਰਦੂ ਦੀ ਬਜਾਏ ਕਸ਼ਮੀਰੀ ਭਾਸ਼ਾ ਦੇ ਕਿਸੇ ਅਖ਼ਬਾਰ ਵਿੱਚ ਛਪਦਾ ਤਾਂ ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਮਿਲਣੀ ਸੀ ਤੇ ਮੈਨੂੰ ਸ਼ਫੀ ਅਹਿਮਦ ਨਾਲ ਦੋਸਤੀ ਦਾ ਮੌਕਾ ਵੀ ਨਹੀਂ ਮਿਲਣਾ ਸੀ।
ਕਸ਼ਮੀਰ ਘਾਟੀ ਦੀ ਸਾਰੀ ਆਬਾਦੀ ਦੀ ਮਾਦਰੀ ਜ਼ਬਾਨ ਕਸ਼ਮੀਰੀ ਹੈ, ਪਰ ਉੱਥੇ ਸਾਰੇ ਮੁੱਖ ਅਖ਼ਬਾਰ ਉਰਦੂ ਜਾਂ ਅੰਗਰੇਜ਼ੀ ਵਿੱਚ ਹੀ ਛਪਦੇ ਹਨ। ਕਸ਼ਮੀਰੀ ਵਿੱਚ ਸਿਰਫ਼ ਇੱਕ ਹੀ ਰੋਜ਼ਾਨਾ ਅਖ਼ਬਾਰ ਵੇਖਿਆ ਜੋ ਚਾਰ ਸਫ਼ਿਆ ਦਾ ਹੁੰਦਾ ਹੈ ਤੇ ਬਹੁਤ ਘੱਟ ਹੀ ਮਿਲਦਾ ਹੈ। ਜੰਮੂ ਕਸ਼ਮੀਰ ਦੇ ਸਾਹਿਤਕਾਰਾਂ ਦੀ ਵੱਡੀ ਗਿਣਤੀ ਉਰਦੂ ਵਿੱਚ ਹੀ ਲਿਖਦੇ ਹਨ। ਨਾਵਲ, ਕਹਾਣੀਆਂ, ਨਜ਼ਮਾਂ ਤੇ ਸਿਆਸੀ ਮਸਲਿਆਂ ਦੀਆਂ ਕਿਤਾਬਾਂ ਵੀ ਉਰਦੂ ਵਿੱਚ ਹੀ ਮਿਲਦੀਆਂ ਹਨ। ਕਸ਼ਮੀਰੀ ਭਾਸ਼ਾ ਵਿੱਚ ਸਿਰਫ਼ ਨਾਂ-ਮਾਤਰ ਜਿਹਾ ਸਾਹਿਤ ਹੀ ਮਿਲਦਾ ਹੈ। ਇਹ ਗੱਲ ਮਾਂ ਬੋਲੀ ਦੇ ਮਹੱਤਵ ਦੇ ਮੁੱਦੇ ਨਾਲ ਨਹੀਂ ਮਿਲਦੀ, ਪਰ ਮੈਨੂੰ ਅਹਿਸਾਸ ਹੁੰਦਾ ਹੈ ਕਿ ਜੇ ਅਜਿਹਾ ਨਾ ਹੁੰਦਾ ਤਾਂ ਮੈਂ ਕਸ਼ਮੀਰੀ ਸਾਹਿਤਕਾਰਾਂ ਨਾਲ ਵਾਕਫ਼ੀ ਨਾ ਬਣਾ ਸਕਦਾ ਤੇ ਉਸ ਸਾਹਿਤ ਨੂੰ ਨਾ ਜਾਣ ਸਕਦਾ।
ਮਾਂ ਬੋਲੀ ਦੀ ਅਹਿਮੀਅਤ ਜਤਾਉਣ ਵਾਸਤੇ ਲਗਾਏ ਜਾ ਰਹੇ ਕੁਝ ਗ਼ੈਰ-ਹਕੀਕੀ ਨਾਹਰੇ ਵੀ ਉਲਝਣਾਂ ਪੈਦਾ ਕਰਦੇ ਹਨ ਜਿਵੇਂ ਭਾਰਤ ਤੇ ਪਾਕਿਸਤਾਨ ਦੇ ਪੰਜਾਬੀ ਪ੍ਰੇਮੀ ਇੱਕ ਨਾਹਰਾ ਬੁਲੰਦ ਕਰਦੇ ਹਨ ਕਿ ‘ਮਾਂ ਬੋਲੀ ਨੂੰ ਭੁੱਲ ਜਾਵੋਗੇ ਤਾਂ ਕੱਖਾਂ ਵਾਂਗੂ ਰੁਲ ਜਾਵੋਗੇ’ ਪਰ ਅਸੀਂ ਵੇਖਦੇ ਹਾਂ ਕਿ ਬਹੁਤ ਲੋਗ ਜੋ ਮਾਂ ਬੋਲੀ ਭੁੱਲ ਚੁਕੇ ਹਨ, ਉਹ ਕੱਖਾਂ ਵਾਂਗੂ ਨਹੀਂ ਰੁਲੇੇ, ਲੱਖਾਂ ਵਿੱੱਚ ਵਿਚਰ ਰਹੇ ਹਨ। ਇਸ ਤੋਂ ਇਲਾਵਾ ਬਹੁਤ ਬਦਲ ਚੁੱਕੇ ਸੰਸਾਰ ਵਿੱਚ ਜਦੋਂ ਵੱਖ ਵੱਖ ਮੁਲਕ, ਇਲਾਕੇ ਤੇ ਫ਼ਿਰਕਿਆਂ ਦੇ ਲੋਕਾਂ ਦਾ ਮਿਸ਼ਰਣ ਬਣਦਾ ਜਾ ਰਿਹਾ ਹੈ, ਮਾਂ ਬੋਲੀ ਦਾ ਤਸੱਵਰ ਹੀ ਮੱਧਮ ਹੁੰਦਾ ਜਾ ਰਿਹਾ ਹੈ। ਉੜੀਸਾ ਦੇ ਮੁੱਖ ਮੰਤਰੀ ਬੀਜੂ ਪਟਨਾਇਕ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਨਵੀਨ ਪਟਨਾਇਕ ਲੰਡਨ ਤੋਂ ਹਵਾਈ ਜਹਾਜ਼ ਰਾਹੀਂ ਆਇਆ ਤੇ ਮੁੱਖ ਮੰਤਰੀ ਦਾ ਹਲਫ਼ ਉਠਾ ਲਿਆ। ਉਹ ਆ ਕੇ ਅੰਗਰੇਜ਼ੀ ਵਿੱਚ ਹੀ ਭਾਸ਼ਣ ਕਰਦਾ ਰਿਹਾ। ਵਿਰੋਧੀ ਨੇਤਾਵਾਂ ਨੇ ਕਿਹਾ ਕਿ ਵੇਖੋ ਮੁੱਖ ਮੰਤਰੀ ਆਪਣੀ ਮਾਂ ਬੋਲੀ ਵੀ ਨਹੀਂ ਜਾਣਦਾ। ਉਸ ਦਾ ਜਵਾਬ ਸੀ ਕਿ ਮੇਰੇ ਬਾਪ ਦੀ ਬੋਲੀ ਉੜੀਆ ਸੀ, ਮੇਰੀ ਮੇਰੀ ਮਾਂ ਦੀ ਪੰਜਾਬੀ, ਮੈਂ ਲੰਡਨ ਵਿੱਚ ਜੰਮਿਆ ਪਲਿਆ ਤੇ ਘਰ ਵਿੱਚ ਵੀ ਅੰਗਰੇਜ਼ੀ ਹੀ ਬੋਲੀ ਜਾਂਦੀ ਸੀ, ਫਿਰ ਮੇਰੀ ਮਾਂ ਬੋਲੀ ਕਿਹੜੀ ਹੋਈ? ਖ਼ੈਰ, ਬਾਅਦ ਵਿੱਚ ਉਸ ਨੇ ਉੜੀਆ ਸਿੱਖੀ ਤੇ ਚੰਗੀ ਤਰ੍ਹਾਂ ਬੋਲਣ ਵੀ ਲੱਗ ਪਿਆ। ਅਜਿਹੀਆਂ ਉਦਾਹਰਣਾਂ ਅੱਜ ਕਈ ਜਗ੍ਹਾ ਮਿਲਦੀਆਂ ਹਨ।
ਜਦੋਂ ਪੰਜਾਬ ਦੇ ਤਤਕਾਲੀ ਸਿੱਖਿਆ ਮੰਤਰੀ ਨੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਦਾ ਐਲਾਨ ਕੀਤਾ ਸੀ ਤਾਂ ਪਟਿਆਲਾ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਇੱਕ ਵੱਡੀ ਕਿਤਾਬ ਲਿਖ ਦਿੱਤੀ ਸੀ ਜਿਸ ਦਾ ਸਿਰਲੇਖ ਸੀ ‘ਪੰਜਾਬੀ ਦੀਆਂ ਜੜ੍ਹਾਂ ਵਿੱਚ ਤੇਲ’। ਅੱਜ ਪੰਜਾਬ ਹੀ ਨਹੀਂ ਹਰਿਆਣਾ, ਹਿਮਾਚਲ ਤੇ ਹੋਰ ਗੁਆਂਢੀ ਸੂਬਿਆਂ ਵਿੱਚ ਵੀ ਪਹਿਲੀ ਤੋਂ ਅੰਗਰੇਜ਼ੀ ਲਾਗੂ ਹੈ, ਸਿਰਫ਼ ਪ੍ਰਾਈਵੇਟ ਸਕੂਲਾਂ ਵਿੱਚ ਹੀ ਨਹੀਂ, ਸਰਕਾਰੀ ਸਕੂਲਾਂ ਵਿੱਚ ਵੀ। ਇਸ ਰੁਝਾਨ ਬਾਰੇ ਲਾਹਨਤਾਂ ਪਾਉਣ ਦਾ ਕੋਈ ਲਾਭ ਨਹੀਂ, ਇਸ ਦੀਆਂ ਬਾਰੀਕੀਆਂ ਸਮਝਣ ਦੀ ਜ਼ਰੂਰਤ ਹੋਵੇਗੀ।
ਦਰਅਸਲ, ਸੰਕੀਰਨਤਾ ਤੇ ਕੱਟੜਤਾ ਹਰ ਜਨਤਕ ਮੁਹਿੰਮ ਵਾਸਤੇ ਨੁਕਸਾਨਦੇਹ ਹੁੰਦੀ ਹੈ ਚਾਹੇ ਉਹ ਮੁਹਿੰਮ ਮਾਂ ਬੋਲੀ ਦੇ ਹੱਕੀ ਵਿਕਾਸ ਬਾਰੇ ਹੀ ਕਿਉਂ ਨਾ ਹੋਵੇ। ਅੰਗਰੇਜ਼ੀ ਜਾਂ ਹਿੰਦੀ ਵਿੱਚ ਲਿਖੇ ਸਰਕਾਰੀ ਬੋਰਡਾਂ, ਰਸਤਿਆਂ ਦੀਆਂ ਸੂਚਨਾਵਾਂ, ਸਿਹਤ ਜਾਂ ਸਫ਼ਾਈ ਬਾਰੇ ਹਦਾਇਤਾਂ ਤੇ ਮੀਲਪੱਥਰਾਂ ਉੱਪਰ ਕਾਲੀ ਕੂਚੀ ਮਾਰਨ ਦੀ ਕੋਈ ਤੁਕ ਨਹੀਂ। ਹਾਂ, ਅਜਿਹੀ ਆਵਾਜ਼ ਉਠਾਈ ਜਾ ਸਕਦੀ ਹੈ ਕਿ ਇੱਥੇ ਪੰਜਾਬੀ ਦਾ ਉਚਿਤ ਸਥਾਨ ਹੋਵੇ। ਅੱਜ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਉਪਰ ਕਈ ਕਈ ਭਾਸ਼ਾਵਾਂ ਵਿੱਚ ਦਿੱਤੀਆਂ ਜਾ ਰਹੀਆਂ ਸੂਚਨਾਵਾਂ ਸਵਾਰੀਆਂ ਨੂੰ ਬੋਰ ਕਰਦੀਆਂ ਹਨ। ਇਸੇ ਤਰ੍ਹਾਂ ਰਾਹ ਦਰਸਾਊ ਬੋਰਡਾਂ ਉੱਪਰ ਵੀ ਕਈ ਭਾਸ਼ਾਵਾਂ ਦਾ ਮੱਝਰ ਮਾਰਿਆ ਖਿਝ ਪੈਦਾ ਕਰਦਾ ਹੈ। ਚੰਡੀਗੜ੍ਹ ਦੇ ਚੌਕਾਂ ਉੱਪਰ ਵੱਡੇ ਬੋਰਡ ਇਸ਼ਾਰੇ ਨਾਲ ਹੀ ਦੱਸਦੇ ਹਨ ਕਿ 18 ਏਧਰ ਹੈ, 19 ਓਧਰ, 20 ਤੇ 21 ਅੱਗੇ। ਇੱਥੇ ਵੱਖ ਵੱਖ ਲਿਪੀਆਂ ਵਿੱਚ ਸ਼ਬਦ ‘ਸੈਕਟਰ’ ਲਿਖਣ ਦੀ ਲੋੜ ਨਹੀਂ ਸਮਝੀ ਗਈ। ਚੰਗਾ ਤਰੀਕਾ ਹੈ।
ਇੱਥੋਂ ਦੇ ਇੱਕ ਪਿੰਡ ਦੇ ਸਰਪੰਚ ਕੋਲ ਗਵਰਨਰ ਦੀ ਚਿੱਠੀ ਆਉਂਦੀ ਹੈ ਕਿ ਉਸ ਨੇ ਪਿੰਡਾਂ ਦੀਆਂ ਸਮੱਸਿਆਵਾਂ ਜਾਣਨ ਵਾਸਤੇ ਮੀਟਿੰਗ ਸੱਦੀ ਹੈ। ਉਨ੍ਹਾਂ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਸੀ। ਸਰਪੰਚ ਨੇ ਫਖ਼ਰ ਨਾਲ ਦੱਸਿਆ ਕਿ ਉਹ ਚਿੱਠੀ ਵਾਪਸ ਕਰ ਦਿੱਤੀ ਸੀ ਕਿਉਂਕਿ ਉਹ ਪੰਜਾਬੀ ਵਿੱੱਚ ਨਹੀਂ, ਅੰਗਰੇਜ਼ੀ ਵਿੱਚ ਸੀ। ਉਹ ਗਵਰਨਰ ਪੰਜਾਬੀ ਨਹੀਂ ਜਾਣਦਾ ਸੀ, ਪਰ ਲੋਕ ਇਹ ਚਾਹੁੰਦੇ ਸਨ ਕਿ ਗਵਰਨਰ ਪੰਜਾਬੀ ਸਿੱਖੇ। ਹਾਂ, ਪਰ ਉਨ੍ਹਾਂ ਦੇ ਆਪਣੇ ਬੱਚੇ ਅੰਗਰੇਜ਼ੀ ਹੀ ਸਿੱਖਣਗੇ। ਇੱਥੇ ਸਵਾਲ ਪਿੰਡਾਂ ਦੀਆਂ ਸਮੱਸਿਆਵਾਂ ਦਾ ਹੀ ਹੋਣਾ ਚਾਹੀਦਾ ਸੀ, ਭਾਸ਼ਾ ਦਾ ਨਹੀਂ। ਇਹ ਲਚਕ ਜ਼ਰੂਰੀ ਹੈ।
ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿੱਚ ਅੰਗਰੇਜ਼ੀ ਭਾਰੂ ਹੁੰਦੀ ਜਾ ਰਹੀ ਹੈ, ਕਈ ਵਿਕਸਤ ਜ਼ਬਾਨਾਂ ਉੱਪਰ ਵੀ ਭਾਰੂ ਹੋ ਰਹੀ ਹੈ। ਭਾਵੇਂ ਪੰਜਾਬੀ ਤੇ ਹੋਰ ਦੇਸੀ ਭਾਸ਼ਾਵਾਂ ਵਿੱਚ ਵੀ ਗਿਆਨ ਦੇ ਵੱਡੇ ਭੰਡਾਰ ਹਨ ਪਰ ਡੂੰਘੀਆਂ ਤਕਨੀਕੀ ਪੜ੍ਹਾਈਆਂ ਵਾਸਤੇ ਅੰਗਰੇਜ਼ੀ ਲਾਜ਼ਮੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ, ਇਹ ਵੀ ਆਲਮੀ ਪੱਧਰ ’ਤੇ ਪ੍ਰਵਾਨ ਕੀਤਾ ਜਾ ਰਿਹਾ ਹੈ ਕਿ ਬੰਦਾ ਆਪਣੇ ਖ਼ਿਆਲਾਤ ਦਾ ਇਜ਼ਹਾਰ ਮਾਂ ਬੋਲੀ ਵਿੱਚ ਹੀ ਚੰਗੀ ਤਰ੍ਹਾਂ ਕਰ ਸਕਦਾ ਹੈ। ਵਿਦੇਸ਼ੀ ਭਾਸ਼ਾ ਸਿੱਖਣ ਵਾਸਤੇ ਵੀ ਪਹਿਲਾਂ ਮਾਂ ਬੋਲੀ ਦੀ ਮੁਹਾਰਤ ਹਾਸਿਲ ਕਰਨੀ ਜ਼ਰੂਰੀ ਸਮਝੀ ਜਾ ਰਹੀ ਹੈ। ਇਸ ਵਾਸਤੇ ਸਾਨੂੰ ਹਰ ਕਿਸਮ ਦੀ ਸੰਕੀਰਨਤਾ ਤੇ ਨਾਅਰੇਬਾਜ਼ੀ ਤਿਆਗ ਕੇ ਹੋਰ ਭਾਸ਼ਾਵਾਂ ਦੇ ਸਥਾਨਾਂ ਨੂੰ ਪਛਾਣਦੇ ਹੋਏ ਮਾਂ ਬੋਲੀ ਦੇ ਹੱਕੀ ਮੁਕਾਮ ਵਾਸਤੇ ਸੰਘਰਸ਼ ਕਰਨਾ ਹੋਵੇਗਾ।
ਸੰਪਰਕ: 98783-75903