ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਂ ਕਦੇ ਨਹੀਂ ਮਰਦੀ...

04:29 AM May 07, 2025 IST
featuredImage featuredImage
Baby girl with mother smiling

Advertisement

ਡਾ. ਗੁਰਬਖ਼ਸ਼ ਸਿੰਘ ਭੰਡਾਲ

ਪੰਦਰਾਂ ਸਾਲ ਪਹਿਲਾਂ ਮਾਂ ਸਦਾ ਲਈ ਵਿੱਛੜ ਗਈ ਸੀ। ਆਪਣੇ ਪਰਿਵਾਰ ਨੂੰ ਰੰਗਾਂ ਵਿੱਚ ਵੱਸਦਿਆਂ ਦੇਖਣ ਵਾਲੀ ਮਾਂ ਨੇ ਆਪਣੇ ਬੱਚਿਆਂ ਦੀ ਹਾਜ਼ਰੀ ਵਿੱਚ ਹੀ ਆਖ਼ਰੀ ਸਾਹ ਲਿਆ ਸੀ। ਮਾਂ ਨੂੰ ਚੇਤੇ ਕਰਕੇ ਅੱਜ ਫਿਰ ਮਨ ਬਹੁਤ ਉਦਾਸ ਹੋਇਆ ਅਤੇ ਮੇਰੇ ਦਿਲ ਦੀ ਉਦਾਸੀ ਹਰਫ਼ਾਂ ਵਿੱਚ ਵਹਿੰਦੀ ਵਰਕਿਆਂ ’ਤੇ ਫੈਲਦੀ ਗਈ। ਇਹ ਉਦਾਸੀ ਸਾਡੇ ਸਾਰਿਆਂ ਦੀ ਹੁੰਦੀ ਹੈ ਜਿਹੜੇ ਆਪਣੀ ਤੁਰ ਗਈ ਮਾਂ ਨੂੰ ਯਾਦ ਕਰਦਿਆਂ ਉਸ ਦੀਆਂ ਪਿਆਰੀਆਂ ਯਾਦਾਂ ਨੂੰ ਆਪਣੇ ਅੰਤਰੀਵ ਵਿੱਚ ਸਮਾਈ ਰੱਖਦੇ ਹਨ। ਦੱਸਣਾ! ਕਿਧਰੇ ਇਹ ਤੁਹਾਡੀਆਂ ਆਪਣੀਆਂ ਮਾਂ ਨਾਲ ਕੀਤੀਆਂ ਹੋਈਆਂ ਰੂਹ ਦੀਆਂ ਗੱਲਾਂ ਤਾਂ ਨਹੀਂ ਹਨ?
ਚੁੰਨ੍ਹੀਆਂ ਅੱਖਾਂ ਨਾਲ ਰਾਹ ਨਿਹਾਰਦੀ ਮਾਂ
ਆਪਣੇ ਬੱਚਿਆਂ ਦੇ ਬਿਖੜੇ ਰਾਹਾਂ ’ਚ
ਦੁਆਵਾਂ ਤਰੌਂਕਦੀ ਰਹਿੰਦੀ ਸੀ।
ਮਾਂ ਵੱਲੋਂ ਦੀਵੇ ਦੀ ਕੰਬਦੀ ਲੋਅ ਵਿੱਚ
ਫੁਲਕਾਰੀ ’ਤੇ ਪਾਈਆਂ ਬੂਟੀਆਂ
ਧੀਆਂ ਨੂੰ ਸੁਹਾਗਣ ਦੇਖਣ ਦੀ ਚਾਹਤ ਹੁੰਦੀ।

Advertisement

ਗਈ ਰਾਤ ਤੀਕ ਦਰੀਆਂ ਤੇ ਖੇਸ ਬੁਣਦੀ ਮਾਂ
ਲਾਲਟੈਣ ਦੇ ਸੂਰਜੀ ਚਾਨਣ ਨੂੰ
ਬੰਬਲਾਂ ਵਿੱਚ ਗੁੰਦਦੀ ਰਹਿੰਦੀ।
ਮਾਂ ਦੇ ਰੱਟਨਾਂ ਦੀਆਂ ਲੀਕਾਂ
ਬੱਚਿਆਂ ਦੇ ਰੋਸ਼ਨ ਭਵਿੱਖ ਦੇ
ਸਿਰਨਾਵੇਂ ਦੀ ਸੂਹ ਦਿੰਦੀਆਂ।

ਮਾਂ ਦੇ ਨੰਗੇ ਪੈਰਾਂ ਦੀਆਂ
ਪਾਟੀਆਂ ਹੋਈਆਂ ਬਿਆਈਆਂ ’ਚ
ਲਾਡਲਿਆਂ ਦੇ ਸੁਪਨੇ ਦਾ ਸੱਚ ਹੁੰਦਾ।
ਅਨਪੜ੍ਹ ਮਾਂ ਦੀ ਤਲਿਸਮੀ ਚੁੱਪ
ਮੇਰੇ ਮੂਕ ਬੋਲਾਂ ਨੂੰ
ਬੋਲਾਂ ਦਾ ਵਰਦਾਨ ਵਣਜਦੀ ਰਹੀ।

ਮਾਂ ਨੇ ਆਪਣੀ ਚੁੰਨੀ ਦੀ ਕੰਨੀਂ ’ਚੋਂ
ਆਪਣੇ ਹਿੱਸੇ ਦਾ ਅੰਬਰ
ਮੇਰੀਆਂ ਸੋਚਾਂ ਦੇ ਨਾਮ ਕੀਤਾ।
ਮਾਂ ਦੇ ਖੁਰਦਰੇ ਹੱਥਾਂ ਨੇ
ਮੇਰੀ ਕਿਸਮਤ ਦੀ ਕੱਚੀ ਕੰਧ ਦੀ
ਰੂਹ ਨਾਲ ਲਿੰਬਾ-ਪੋਚੀ ਕੀਤੀ।
ਚੁੱਲ੍ਹੇ ’ਚ ਗਿੱਲੀਆਂ ਛਿਟੀਆਂ ਬਾਲਦਿਆਂ
ਮਾਂ ਦੀਆਂ ਅੱਖਾਂ ’ਚ ਉਤਰੀ ਨਮੀ
ਮੇਰੇ ਖ਼ੁਆਬਾਂ ਨੂੰ ਸਿੰਜਦੀ ਸੀ।
ਚੌਂਕੇ ਚੁੱਲ੍ਹੇ ’ਚ ਗੋਹਾ ਫੇਰਦਿਆਂ
ਮਾਂ ਦਾ ਅੰਦਰਲਾ ਸੁੱਚਮ
ਮੇਰੀਆਂ ਤਰਜੀਹਾਂ ਬਣਦਾ ਗਿਆ।

ਪੱਲੇ ਬੱਧੀ ਮਾਂ ਦੀ ਰੋਟੀ ’ਚੋਂ ਆਉਂਦੀ
ਅੰਬ ਦੇ ਅਚਾਰ ਦੀ ਮਹਿਕ
ਮੇਰੇ ਰੱਜ ਦਾ ਨਗ਼ਮਾ ਗਾਉਂਦੀ ਸੀ।
ਮਾਂ ਦੇ ਪੈਰਾਂ ਦੀਆਂ ਛਿੱਲਤਰਾਂ
ਮੇਰੇ ਪੈਰਾਂ ’ਚ ਪੁੜੇ ਕੰਡਿਆਂ ਦੀ ਚੀਸ
ਹੱਸ ਕੇ ਜਰਦੀਆਂ ਰਹੀਆਂ।
ਨਿੱਤ ਸਵੇਰੇ ਗੁਰਦੁਆਰੇ ਜਾ ਕੇ
ਮਾਂ ਦੀਆਂ ਕੀਤੀਆਂ ਅਰਦਾਸਾਂ
ਮੇਰੇ ਸਿਰੋਂ ਬਲਾਵਾਂ ਲਾਹੁੰਦੀਆਂ ਰਹੀਆਂ।

ਮਾਂ ਫ਼ਾਕਿਆਂ ਵਿੱਚ ਵੀ
ਮੇਰੀਆਂ ਜ਼ਰੂਰਤਾਂ ਲਈ
ਰੂਹ ਦੀ ਕੁਬੇਰ ਖੁੱਲ੍ਹੀ ਰੱਖਦੀ।
ਚੋਂਦੀ ਛੱਤ ਹੇਠ ਵੀ
ਮਾਂ ਦੀ ਤਣੀ ਹੋਈ ਮਮਤਾ
ਮੇਰੇ ਮਨ ਨੂੰ ਭਿੱਜਣ ਨਾ ਦਿੰਦੀ।
ਤਿੱਖੜ ਦੁਪਹਿਰਾਂ ਵਿੱਚ
ਮਾਂ ਦੇ ਪੱਲੂ ਦੀ ਛਾਂ
ਮੇਰਿਆਂ ਰਾਹਾਂ ’ਚ ਛਾਂ ਵਿਛਾਉਂਦੀ ਸੀ।

ਸ਼ਰੀਕਾਂ ਦੇ ਮਿਹਣਿਆਂ ਤੋਂ ਅਣਭਿੱਜ
ਮਾਂ ਨੇ ਮਨ ਦੀ ਮੰਨਦਿਆਂ
ਮੈਨੂੰ ਅੱਖਰਾਂ ਦੇ ਲੜ ਲਾਇਆ।
ਖਾਓ ਪੀਓ ਵੇਲੇ ਮਾਂ ਦਾ ਲਾਲਟੈਣ ਚਮਕਾਉਣਾ
ਮੇਰੀਆਂ ਕਾਪੀਆਂ ਤੇ ਕਿਤਾਬਾਂ ਵਿੱਚ
ਤਾਰਿਆਂ ਦੀ ਮਹਿਫ਼ਿਲ ਸਜਾਉਂਦਾ ਸੀ।
ਅੱਧੀ ਤੋਂ ਵੱਧ ਲੰਘ ਚੁੱਕੀ ਰਾਤ ਵੇਲੇ
ਪੜ੍ਹਦੇ ਨੂੰ ਸੌਣ ਦਾ ਹੁਕਮ
ਮਾਂ ਦੀ ਫ਼ਿਕਰਮੰਦੀ ਦਾ ਇਲਹਾਮ ਹੁੰਦਾ ਸੀ।

ਪੜ੍ਹਦਿਆਂ ਪੜ੍ਹਦਿਆਂ ਸੌਂ ਗਏ ਨੂੰ ਦੇਖ
ਮਾਂ ਦਾ ਹੌਲੀ ਜਿਹੀ ਲਾਲਟੈਣ ਬੁਝਾਉਣਾ
ਮੇਰੇ ਲਈ ਖ਼ਾਮੋਸ਼ ਲੋਰੀ ਹੁੰਦਾ ਸੀ।
ਕੱਚੀ-ਪੱਕੀ ’ਚ ਪਾਸ ਹੋਣ ’ਤੇ
ਪਤਾਸੇ ਵੰਡਣ ਵਾਲੀ ਮਾਂ ਦੀਆਂ ਦੁਆਵਾਂ
ਮੈਨੂੰ ਸੋਲ੍ਹਾਂ ਪਾਸ ਬਣਾ ਗਈਆਂ।
ਪਿੱਠ ’ਤੇ ਦਿੱਤੀ ਮਾਂ ਦੀ ਹੱਲਾਸ਼ੇਰੀ
ਗਿਆਰ੍ਹਵੀਂ ਫੇਲ੍ਹ ਜੁਆਕ ਨੂੰ
ਪ੍ਰੋਫੈਸਰੀ ਦਾ ਮਾਣ ਬਖ਼ਸ਼ ਗਈ।

ਕੋਰੇ ਹਰਫ਼ਾਂ ’ਚੋਂ ਪੁੱਤ ਲੱਭਦੀ ਮਾਂ
ਮੇਰਿਆਂ ਅੱਖਰਾਂ ਦੀ ਜੂਹੇ
ਘਿਉ ਦੇ ਚਿਰਾਗ਼ ਧਰ ਗਈ।
ਮਾਂ ਦਾ ਨੰਗੇ ਪੈਰਾਂ ਦਾ ਸਫ਼ਰ
ਮੇਰੀ ਜੀਵਨ ਯਾਤਰਾ ਲਈ
ਕਾਰ ਦਾ ਵਰਦਾਨ ਬਣ ਗਿਆ।
ਮਾਂ ਦੇ ਮੱਥੇ ਦੀਆਂ ਤਿਊੜੀਆਂ
ਮੇਰੇ ਮਸਤਕ ਉੱਪਰ
ਤਕਦੀਰ ਦੇ ਨਕਸ਼ ਉਘਾੜਦੀਆਂ ਰਹੀਆਂ।

ਮਾਂ ਦੀਆਂ ਆਂਦਰਾਂ ਨੂੰ ਪੈਂਦੀ ਖੋਹ
’ਵਾਵਾਂ ਹੱਥੀਂ ਮਿਲਿਆ
ਮੇਰੀ ਸੁੱਖ-ਸਵੀਲੀ ਦਾ ਸੁਨੇਹਾ ਹੁੰਦਾ।
ਮਾਂ ਦੇ ਹੱਥਾਂ ਦੀ ਬੁਣੀ ਖੇਸੀ
ਪੋਹ-ਮਾਘ ਦੀ ਠਰੀ ਰੁੱਤੇ
ਮੇਰੇ ਦੁਆਲੇ ਨਿੱਘ ਦਾ ਲਿਬਾਸ ਹੁੰਦੀ।
ਸ਼ੁਕਰਾਨੇ ਵਿੱਚ ਮਾਂ ਦੇ ਜੁੜੇ ਹੱਥ
ਮੇਰੀਆਂ ਪ੍ਰਾਪਤੀਆਂ ਦਾ
ਸਹਿਜਭਾਵੀ ਸਦਕਾ ਹੁੰਦਾ ਸੀ।
ਮਾਂ ਦੀਆਂ ਫ਼ਿਜਾਵਾਂ ’ਚ ਘੁਲੀਆਂ ਅਸੀਸਾਂ
ਸੱਤ ਸਮੁੰਦਰੋਂ ਪਾਰ ਵੀ
ਮੈਨੂੰ ਮੰਜ਼ਲਾਂ ਦੀ ਦੱਸ ਪਾਉਂਦੀਆਂ ਨੇ।
ਮਾਂ
ਸਿਰਫ਼ ਮਾਂ ਹੁੰਦੀ
ਤੇ ਹਰ ਰਿਸ਼ਤਾ
ਮਾਂ ਨਹੀਂ ਹੋ ਸਕਦਾ।
ਮਾਂ
ਮਰ ਕੇ ਵੀ
ਕਦੇ ਨਹੀਂ ਮਰਦੀ
ਤਾਂ ਹੀ ਕੰਡਾ ਚੁੱਭਣ ’ਤੇ
ਮੈਂ ‘ਹਾਏ ਮਾਂ’ ਕਹਿੰਦਾ ਹਾਂ।
ਮਾਂ ਨੂੰ ਮਿਲਦੇ ਰਿਹਾ ਕਰੋ। ਮਾਂ ਦੇ ਤੁਰ ਜਾਣ ਤੋਂ ਬਾਅਦ ਤਾਂ ਇੱਕ ਹਉਕੇ ਦਾ ਰਿਸ਼ਤਾ ਨਿਭਾਉਣ ਜੋਗੇ ਹੀ ਰਹਿ ਜਾਂਦੇ ਹਾਂ।
ਸੰਪਰਕ: 216-556-2080

Advertisement