ਮਹਿੰਦੀ ਸ਼ਗਨਾਂ ਦੀ...

ਬਲਜਿੰਦਰ ਸਿੰਘ ਮਾਨ
ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ। ਰਾਂਗਲੀਆਂ ਰੁੱਤਾਂ ਵਾਲਾ ਪੰਜਾਬ ਲੜਾਈ ਦਾ ਅਖਾੜਾ ਬਣਿਆ ਰਹਿਣ ਦੇ ਬਾਵਜੂਦ ਹੱਸਦਾ ਤੇ ਗਾਉਂਦਾ ਰਿਹਾ ਹੈ। ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਅਤੇ ਯਾਰੀਆਂ ਪੁਗਾਉਣੀਆਂ ਜਾਣਦਾ ਹੈ। ਦੁਨੀਆ ਦਾ ਇਹ ਇੱਕ ਨਿਵੇਕਲਾ ਸੱਭਿਆਚਾਰ ਹੈ।
ਸ਼ਗਨਾਂ ਦੀ ਉਪਜ ਭਾਵੇਂ ਸਹਿਜ ਸੁਭਾਅ ਹੋ ਗਈ, ਪਰ ਅਸਲ ਵਿੱਚ ਸ਼ਗਨਾਂ ਦੀ ਉਪਜ ਵਿਗਿਆਨਕ ਦ੍ਰਿਸ਼ਟੀ ਅਨੁਸਾਰ ਉਨ੍ਹਾਂ ਕੌਸਮਿਕ ਕਿਰਨਾਂ ਤੋਂ ਮੰਨੀ ਜਾਂਦੀ ਹੈ ਜਿਹੜੀਆਂ ਦੋ ਚੀਜ਼ਾਂ ਦੇ ਸਾਹਮਣੇ ਜਾ ਛੋਹਣ ਨਾਲ ਪਰਸਪਰ ਇੱਕ ਦੂਜੇ ’ਤੇ ਪੈਂਦੀਆਂ ਸਨ। ਇਸ ਸਭ ਕਾਸੇ ਦੀ ਬਜ਼ੁਰਗਾਂ ਨੂੰ ਉਸ ਵੇਲੇ ਚੇਤਨਾ ਨਹੀਂ ਸੀ। ਪੰਜਾਬੀ ਸੱਭਿਆਚਾਰ ਵਿੱਚ ਅਣ-ਗਿਣਤ ਸ਼ਗਨ ਦੇਖੇ ਜਾ ਸਕਦੇ ਹਨ ਜੋ ਖੁਸ਼ਹਾਲੀ ਦੇ ਪ੍ਰਤੀਕ ਹਨ। ਜਿਵੇਂ ਜੇ ਕੋਈ ਤੁਹਾਡੇ ਲਈ ਭਾਂਡੇ ਵਿੱਚ ਚੀਜ਼ ਲਿਆਵੇ ਤਾਂ ਭਾਂਡਾ ਖਾਲੀ ਨਹੀਂ ਮੋੜਨਾ। ਭਾਂਡੇ ਵਿੱਚ ਕੁੱਝ ਨਾ ਕੁੱਝ ਜ਼ਰੂਰ ਪਾਉਣਾ ਹੁੰਦਾ ਹੈ। ਖਾਲੀ ਭਾਂਡਾ ਮੋੜਨਾ ਜਿੱਥੇ ਕੁਸ਼ਗਨ ਹੈ, ਉੱਥੇ ਇਹ ਅਗਲੇ ਦੀ ਤਬਾਹੀ ਮੰਗਣ ਦੇ ਬਰਾਬਰ ਹੈ।
‘ਸ਼ਗਨ’, ਸ਼ਬਦ ‘ਸਕਨ’ ਤੋਂ ਆਇਆ ਹੈ ਜਿਸ ਦਾ ‘ਕ’ ਸਮਾਂ ਪਾ ਕੇ ‘ਗ’ ਵਿੱਚ ਬਦਲ ਗਿਆ। ਇਸ ਦਾ ਅਰਥ ਹੈ ਕਲਿਆਣਕਾਰੀ, ਸ਼ੁਭ ਅਤੇ ਖ਼ੁਸ਼ੀ ਭਰੇ ਭਵਿੱਖ ਦਾ ਸੰਕੇਤ। ਮਹਿੰਦੀ, ਪਾਣੀ, ਛੁਹਾਰਾ, ਚੌਲ, ਲਾਲ ਰੰਗ, ਨਾਰੀਅਲ, ਦੰਦਾਸਾ, ਸਾਬਤ ਮਾਂਹ, ਵਾਰਨੇ ਅਤੇ ਚੁੰਨੀ ਚੜ੍ਹਾਉਣਾ ਅਨੇਕਾਂ ਸ਼ਗਨ ਸਾਡੇ ਸੱਭਿਆਚਾਰ ਦਾ ਅਟੁੱਟ ਅੰਗ ਬਣੇ ਹੋਏ ਹਨ। ਅਸੀਂ ਮਹਿੰਦੀ ਤੋਂ ਇਲਾਵਾ ਵੀ ਹੋਰ ਕਈ ਸ਼ਗਨਾਂ ਦਾ ਜ਼ਿਕਰ ਕਰ ਰਹੇ ਹਾਂ। ਸ਼ਗਨਾਂ ਦੀ ਮਹਿੰਦੀ ਦਾ ਬੜਾ ਮਹੱਤਵ ਹੈ। ਮਹਿੰਦੀ ਦੇ ਹਰੇ ਰੰਗ ਦੇ ਪੱਤਿਆਂ ਨੂੰ ਰਗੜਨ ਨਾਲ ਲਾਲ ਰੰਗ ਨਿਕਲਦਾ ਹੈ। ਮਹਿੰਦੀ ਦੇ ਲਾਲ ਰੰਗ ਦਾ ਸਿੱਧਾ ਸਬੰਧ ਲਾਲ ਰਕਤਾਣੂਆਂ ਵਾਲੀਆਂ ਨਾੜੀਆਂ ਦੇ ਸਿਰਿਆਂ ਨਾਲ ਹੁੰਦਾ ਹੈ। ਮਹਿੰਦੀ ਦਾ ਲਾਲ ਰੰਗ ਮੁਟਿਆਰ ਅੰਦਰ ਸ਼ਿੰਗਾਰ ਰਸ ਅਤੇ ਰੁਮਾਂਚਕ ਪਿਆਰ ਪੈਦਾ ਕਰਦਾ ਹੈ। ਇਸੇ ਕਾਰਨ ਲਾੜੀ ਦੇ ਮਹਿੰਦੀ ਲਾਉਣਾ ਵਿਆਹ ਦਾ ਉੱਤਮ ਸ਼ਗਨ ਸਮਝਿਆ ਜਾਂਦਾ ਹੈ। ਸਹੁਰਿਆਂ ਵੱਲੋਂ ਆਈ ਮਹਿੰਦੀ ਦਾ ਰੰਗ ਗੂੜ੍ਹਾ ਚੜ੍ਹੇ ਤਾਂ ਸਮਝਿਆ ਜਾਂਦਾ ਹੈ ਕਿ ਉਸ ਦਾ ਪਤੀ, ਸੱਸ ਬਹੁਤ ਪਿਆਰ ਕਰਦੇ ਹਨ। ਵਿਆਹ ਵਿੱਚ ਭਾਗ ਲੈਣ ਵਾਲੀਆਂ ਸੁਆਣੀਆਂ ਪੈਰਾਂ ਅਤੇ ਹੱਥਾਂ ਦੀਆਂ ਤਲੀਆਂ ’ਤੇ ਲਾੜੀ ਵਾਂਗ ਮਹਿੰਦੀ ਕਲਾਮਈ ਢੰਗ ਨਾਲ ਲਾਉਂਦੀਆਂ ਹਨ। ਅੱਜਕੱਲ੍ਹ ਬਿਊਟੀ ਪਾਰਲਰ ਖੁੱਲ੍ਹ ਜਾਣ ਕਰਕੇ ਮਹਿੰਦੀ ਦੀ ਰਸਮ ’ਤੇ ਵੀ ਲੱਖਾਂ ਦਾ ਖ਼ਰਚਾ ਕੀਤਾ ਜਾਂਦਾ ਹੈ। ਮਹਿੰਦੀ ਲਾੜੀ ਅੰਦਰ ਪਤੀ ਲਈ ਪਿਆਰ ਤੇ ਉਮਾਹ ਪੈਦਾ ਕਰਦੀ ਹੈ।
ਪਾਣੀ ਨਾਲ ਵੀ ਬਹੁਤ ਸਾਰੇ ਸ਼ਗਨ ਸਬੰਧਤ ਹਨ। ਪਾਣੀ ਨੂੰ ਸਰੀਰ ਦੀ ਰੱਖ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੇ ਪਾਣੀ ਕੋਲ ਹੋਵੇ ਤਾਂ ਭੈੜੀਆਂ ਰੂਹਾਂ ਆਦਮੀ ਕੋਲ ਨਹੀਂ ਆਉਂਦੀਆਂ। ਕਿਸੇ ਕੰਮ ਦੇ ਆਰੰਭ ਵੇਲੇ ਭਰੇ ਘੜੇ ਵਾਲੀ ਜਨਾਨੀ ਮਿਲ ਜਾਵੇ ਤਾਂ ਸ਼ੁਭ ਸ਼ਗਨ ਸਮਝਿਆ ਜਾਂਦਾ ਹੈ। ਇਸੇ ਉਦੇਸ਼ ਨਾਲ ਜਦੋਂ ਲਾੜਾ ਪਹਿਲੀ ਵਾਰੀ ਆਉਂਦਾ ਹੈ ਤਾਂ ਝਿਊਰੀ ਪਾਣੀ ਦਾ ਗੜਵਾ ਲੈ ਕੇ ਦਰਵਾਜ਼ੇ ਵਿੱਚ ਖੜ੍ਹਦੀ ਹੈ। ਲੰਘਣ ਵਾਲਾ ਕੁੰਭ ਵਿੱਚ ਪੈਸੇ ਪਾ ਕੇ ਲੰਘਦਾ ਹੈ ਕਿ ਜਲ ਉਸ ਦੀ ਸੁਰੱਖਿਆ ਕਰੇਗਾ। ਕਿਸੇ ਉੱਤੋਂ ਪਾਣੀ ਵਾਰ ਕੇ ਪੀਣਾ ਉਸ ਦੀ ਸੁੱਖ ਮੰਗਣਾ ਹੈ। ਨਵੀਂ ਦੁਲਹਨ ਤੋਂ ਮੁੰਡੇ ਦੀ ਮਾਂ ਪਾਣੀ ਵਾਰ ਕੇ ਪੀਂਦੀ ਹੈ ਅਤੇ ਫਿਰ ਦਹਿਲੀਜ਼ ਅੰਦਰ ਲੰਘਾਉਂਦੀ ਹੈ। ਨਵੀਂ ਵਿਆਹੀ ਜਦੋਂ ਖੂਹ ਤੋਂ ਘੜਾ ਭਰਨ ਜਾਂਦੀ ਸੀ ਤਾਂ ਪਹਿਲਾਂ ਸੱਤ ਵਾਰ ਪਤੀ ਦਾ ਭਰਿਆ ਡੋਲ੍ਹ ਦਿੰਦੀ ਸੀ। ਸੂਤਕ ਦੇ ਸਵਾ ਮਹੀਨੇ ਤੱਕ ਕੁੰਭ ਭਾਵ ਪਾਣੀ ਰੱਖਿਆ ਜਾਂਦਾ ਹੈ ਤਾਂ ਕਿ ਬੱਚੇ ’ਤੇ ਕੋਈ ਬਲਾ ਵਾਰ ਨਾ ਕਰ ਸਕੇ। ਪਾਣੀ ਨੂੰ ਮੰਤਰਿਆ ਜਾ ਸਕਦਾ ਹੈ, ਤਾਹੀਓਂ ਧਾਰਮਿਕ ਅਸਥਾਨਾਂ ਲਾਗੇ ਸਰੋਵਰ ਬਣਾਏ ਹੁੰਦੇ ਹਨ। ਕੰਙਣਾ ਖੇਡਣ ਵੇਲੇ ਲਾੜੇ-ਲਾੜੀ ਦਾ ਹੱਥ ਪਾਣੀ ਵਿੱਚ ਮਿਲਾਇਆ ਜਾਂਦਾ ਹੈ। ਉਹ ਦੋਵੇਂ ਜਲ ਦੇ ਸਾਹਮਣੇ ਇੱਕ ਦੂਜੇ ਪ੍ਰਤੀ ਵਫ਼ਾਦਾਰ ਰਹਿਣ ਦਾ ਪ੍ਰਣ ਲੈਂਦੇ ਹਨ।
ਸਰ੍ਹੋਂ ਦੇ ਤੇਲ ਦੀ ਖ਼ਾਸ ਮਹਿਕ ਨਾਲ ਭੈੜੀਆਂ ਰੂਹਾਂ ਦੌੜ ਜਾਂਦੀਆਂ ਹਨ। ਸਿਰ ਨੂੰ ਸਰ੍ਹੋਂ ਦਾ ਤੇਲ ਲਾਉਣ ਦਾ ਉਦੇਸ਼ ਸਰੀਰ ਮੁਲਾਇਮ ਰੱਖਣਾ ਹੀ ਨਹੀਂ ਸਗੋਂ ਭੈੜੀਆਂ ਰੂਹਾਂ ਤੋਂ ਸੁਰੱਖਿਆ ਕਰਨਾ ਵੀ ਰਿਹਾ ਹੈ। ਲਾੜਾ-ਲਾੜੀ ਨੂੰ ਵਟਣਾ ਇਸ ਲਈ ਮਲਿਆ ਜਾਂਦਾ ਹੈ ਕਿ ਮੁਲਾਇਮ ਸਰੀਰ ਨੂੰ ਸ਼ਨਿਚਰ ਗ੍ਰਹਿ ਦੀਆਂ ਭੈੜੀਆਂ ਕਿਰਨਾਂ ਅਤੇ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਾਇਆ ਜਾ ਸਕੇ। ਨਵੇਂ ਪ੍ਰਾਹੁਣੇ ਦੇ ਸਵਾਗਤ ਵਜੋਂ ਦਰਵਾਜ਼ੇ ਦੀਆਂ ਚੀਥੀਆਂ ਵਿੱਚ ਤੇਲ ਚੋਣ ਨਾਲ ਉਹਦੀ ਸੁੱਖ ਮੰਗਣਾ ਅਤੇ ਸੁੱਕੀ ਲੱਕੜ ਦੇ ਘੁੰਮਣ ਨਾਲ ਚੀਕ ਦੀ ਆਵਾਜ਼ ਨੂੰ ਬੰਦ ਕਰਨਾ ਹੁੰਦਾ ਸੀ। ਦੂਜਾ, ਪੁਰਾਣੇ ਜ਼ਮਾਨੇ ਵਿੱਚ ਦਰਾਂ ਨੂੰ ਕਬਜ਼ੇ ਨਹੀਂ ਸਨ ਹੁੰਦੇ। ਚੀਥੀਆਂ (ਦਰਵਾਜ਼ੇ ਦੇ ਦੋਵਾਂ ਪੱਲਿਆਂ ਨੂੰ ਘੁੰਮਣ ਵਾਸਤੇ ਖੱਬੇ ਸੱਜੇ ਗੱਡੇ ਲੱਕੜ ਦੇ ਪਾਵਿਆਂ ਵਿੱਚ ਕੱਢੀਆਂ ਖੁੱਤੀਆਂ) ਵਿੱਚ ਜਲਦੀ ਘੁੰਮਣ ਲਈ ਵੀ ਤੇਲ ਚੋਇਆ ਜਾਂਦਾ ਸੀ। ਹੁਣ ਉਹ ਲੱਕੜ ਦੇ ਦਰਵਾਜ਼ੇ ਤਾਂ ਨਹੀਂ ਹਨ, ਪਰ ਤੇਲ ਚੋਣ ਦਾ ਰਿਵਾਜ ਅਜੇ ਵੀ ਪ੍ਰਚੱਲਿਤ ਹੈ।
ਲਾਲ ਰੰਗ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰੀਏ ਤਾਂ ਇਹ ਸਿੱਟਾ ਨਿਕਲਦਾ ਹੈ ਕਿ ਇਹ ਮਨੁੱਖ ਅੰਦਰ ਉਤਸ਼ਾਹ ਤੇ ਉਮਾਹ ਪੈਦਾ ਕਰਦਾ ਹੈ। ਮਨੁੱਖ ਦੇ ਲਹੂ ਦੀ ਗਤੀ ਵਿੱਚ ਤਬਦੀਲੀ ਆਉਣ ਨਾਲ ਨੈਣ ਨਕਸ਼ਾਂ ’ਤੇ ਨਿਖਾਰ ਆਉਂਦਾ ਹੈ। ਇਹ ਲਾਲ ਰੰਗਾਂ ਚੂੜਾ ਪਿਆਰ ਨੂੰ ਚਮਕਾਉਂਦਾ ਹੈ ਅਤੇ ਆਤਮਿਕ ਪ੍ਰੇਮ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ। ਕਾਰਜ ਨਿਰਵਿਘਨ ਸਮਾਪਤ ਹੋਣ ਦੀ ਵੀ ਗਵਾਹੀ ਹੈ। ਵਿਆਹ ਵਿੱਚ ਬਹੁਤਿਆਂ ਦੇ ਲਾਲ ਰੰਗ ਦੇ ਕੱਪੜੇ ਵੀ ਇਸੇ ਕਰਕੇ ਪਹਿਨੇ ਹੁੰਦੇ ਨੇ। ਵਿਆਹ ਦਾ ਹਰ ਕਾਰਜ ਆਰੰਭਣ ਵੇਲੇ ਲਾਲ ਧਾਗਾ ਬੰਨ੍ਹਿਆ ਜਾਂਦਾ ਹੈ। ਮੌਲੀ-ਕੱਤੇ ਹੋਏ ਸੂਤ ਦਾ ਧਾਗਾ ਹੁੰਦਾ ਹੈ। ਇਹ ਚਾਰ ਉਂਗਲਾਂ ਲਾਲ ਤੇ ਦੋ ਉਂਗਲਾਂ ਚਿੱਟਾ ਹੁੰਦਾ ਹੈ। ਦੁਆਬੇ ਵਿੱਚ ਮੌਲੀ ਨੂੰ ਅੱਟਾ ਆਖਦੇ ਹਨ। ਨਵ-ਜਨਮੇ ਬੱਚੇ ਦੇ ਲੱਕ ਦੁਆਲੇ ਮੌਲੀ ਦੀ ਤੜਾਗੀ ਅਤੇ ਕਣਕ ਦੇ ਦਾਣੇ ਬੰਨ੍ਹੇ ਜਾਂਦੇ ਹਨ। ਪਿਆਰ ਦੀਆਂ ਵਸਤਾਂ ਅਤੇ ਵਿਆਹ ਦੀ ਚਿੱਠੀ ਵੀ ਮੌਲੀ ਦੇ ਲਾਲ ਰੰਗ ਦੇ ਧਾਗੇ ਵਿੱਚ ਬੰਨ੍ਹੀ ਹੁੰਦੀ ਹੈ।
ਦੰਦਾਸਾ ਭਾਵੇਂ ਮਹਿੰਦੀ ਦੇ ਲਾਲ ਰੰਗ ਦੀ ਹੀ ਤਾਸੀਰ ਰੱਖਦਾ ਹੈ, ਪਰ ਇਹ ਵਾਸ਼ਨਾ ਉਪਜਾਊ ਹੈ। ਇਹ ਮੁਟਿਆਰ ਅੰਦਰ ਅਥਾਹ ਵਾਸ਼ਨਾ ਅਤੇ ਪਿਆਰ ਪੈਦਾ ਕਰਦਾ ਹੈ। ਪੰਜਾਬੀਆਂ ਵਿੱਚ ਹਰ ਚੀਜ਼ ਵੰਡ ਕੇ ਖਾਣ ਦਾ ਵੀ ਸ਼ਗਨ ਹੈ। ਮੁੰਡਾ ਜੰਮੇ ’ਤੇ ਗੁੜ ਅਤੇ ਵਿਆਹ ਵੇਲੇ ਲਾੜੀ ਪਹਿਲੇ ਪੂਰ ਦੇ ਗੋਗਲੇ ਕੁਆਰੀਆਂ ਨੂੰ ਵੰਡਦੀ ਹੈ। ਕੁੜੀ ਦੇ ਪੇਕਿਓਂ ਜੋ ਵੀ ਆਉਂਦਾ ਹੈ ਉਹ ਭਾਈਚਾਰੇ ਵਿੱਚ ਵੰਡਿਆ ਜਾਂਦਾ ਹੈ।
ਸੁਗੰਧੀ ਸਾਹ ਦੀ ਸ਼ੁੱਧੀ ਕਰਕੇ ਲਹੂ ਗੇੜ ਨੂੰ ਇੱਕ ਸਾਰ ਕਰਦੀ ਹੈ। ਲਾੜਾ ਲਾੜੀ ਨੂੰ ਸ਼ਿੰਗਾਰਨ ਲਈ ਸੁਗੰਧੀਆਂ ਦਾ ਇਸਤੇਮਾਲ ਕਰਨਾ ਵੀ ਸ਼ਗਨ ਹੈ। ਛੁਹਾਰਾ ਲਾਉਣ ਵੇਲੇ ਮੁੰਡੇ ਦੇ ਕੇਸਰ ਦਾ ਟਿੱਕਾ ਲਾਇਆ ਜਾਂਦਾ ਹੈ। ਸੁਹਾਗ ਪਟਾਰੀ ਵਿੱਚ ਸੁਗੰਧੀਆਂ ਭੇਜੀਆਂ ਜਾਂਦੀਆਂ ਹਨ। ਨਾਰੀਆਂ ਦੇ ਹਾਰ ਸ਼ਿੰਗਾਰ ’ਚ ਸੰਦਲ ਦੇ ਬੂਰੇ ਨਾਲ ਫੁੱਲ ਬਣਾਏ ਜਾਂਦੇ ਹਨ। ਸੰਧੂਰ ਦਾ ਲਾਲ ਰੰਗ ਇਸਤਰੀ ਦੇ ਮਨੋਭਾਵਾਂ ਨੂੰ ਖ਼ਾਸ ਢੰਗ ਨਾਲ ਉਤੇਜਿਤ ਕਰਦਾ ਹੈ। ਮਾਂਗ ਵਿੱਚ ਪਾਏ ਸੰਧੂਰ ਨਾਲ ਭੈੜੀਆਂ ਰੂਹਾਂ ਲਾਗੇ ਨਹੀ ਆਉਂਦੀਆਂ।
ਸ਼ਗਨ ਵਿੱਚ ਹਮੇਸ਼ਾਂ ਗਿਆਰਾਂ, ਇੱਕੀ, ਇਕੱਤੀ, ਇਕਵੰਜਾ ਜਾਂ ਇਕੱਤਰ ਸੌ ਦਿੱਤਾ ਜਾਂਦਾ ਹੈ। ਇਹ ਦ੍ਰਿਸ਼ਟੀਕੋਣ ਆਰੀਆ ਲੋਕ ਇੱਥੇ ਨਾਲ ਲਿਆਏ ਸਨ। ਪਰਮਾਤਮਾ ਸ਼ਗਨ ਵਾਲੇ ਦੀ ਰਾਖੀ ਕਰੇਗਾ। ਇੱਕ ਵਿੱਚ ਅਨੇਕ ਬਣਨ ਦੇ ਮਨੋਰਥਾਂ ਨੂੰ ਧਿਆਨ ’ਚ ਰੱਖਦਿਆਂ ਇੱਕ ਦਾ ਸ਼ਗਨ ਪੰਜਾਬੀਆਂ ਵਿੱਚ ਪ੍ਰਚੱਲਿਤ ਹੋ ਗਿਆ। ਵਾਰਨੇ ਅਤੇ ਸ਼ਗਨ ਦਾ ਬੜਾ ਨੇੜਲਾ ਸਬੰਧ ਹੈ। ਮੁੰਡੇ ਵਾਲੇ ਫੇਰਿਆਂ ਵੇਲੇ ਵਾਰਨੇ ਕਰਕੇ ਕੁੜੀ ਵਾਲੇ ਲਾਗੀ ਨੂੰ ਅਤੇ ਕੁੜੀ ਦੇ ਰਿਸ਼ਤੇਦਾਰ ਵਾਰਨੇ ਦੇ ਪੈਸੇ ਮੁੰਡੇ ਵਾਲੇ ਲਾਗੀ ਨੂੰ ਦਿੰਦੇ ਹਨ।
ਚੌਲ ਮੰਤਰੇ ਜਾ ਸਕਦੇ ਹਨ। ਇਹ ਫੇਰਿਆਂ ਦੇ ਮੌਕੇ ਦੋਹਾਂ ਦੇ ਮੂੰਹ ’ਚ ਘਿਓ ਸ਼ੱਕਰ ਨਾਲ ਪਾਏ ਜਾਂਦੇ ਹਨ। ਲਾੜਾ ਤੇ ਲਾੜੀ ਨੂੰ ਕੰਧ ਨਾਲ ਬਿਨਾ ਕੇ ਪੀਸੇ ਹੋਏ ਚੌਲਾਂ ਦੀ ਲੇਪ ਦੇ ਪੰਜੇ ਕੰਧ ’ਤੇ ਲਾਏ ਜਾਂਦੇ ਹਨ। ਸਮਝਿਆ ਜਾਂਦਾ ਹੈ ਕਿ ਇਹ ਪਿੱਤਰਾਂ ਦੇ ਪੰਜੇ ਹਨ ਤੇ ਜੋੜੀ ਦੀ ਰੱਖਿਆ ਕਰਨਗੇ। ਬੱਚੇ ਦੀ ਰੱਖ ਲਈ ਉਸ ਦੇ ਗਲ ਵਿੱਚ ਟੱਲੀ ਲੜ ਚੌਲ ਬੰਨ੍ਹੇ ਜਾਂਦੇ ਹਨ। ਸਾਬਤ ਮਾਂਹ ਜਿੱਥੇ ਸ਼ਕਤੀ ਦਾ ਭੰਡਾਰਾ ਨੇ, ਉੱਥੇ ਸ਼ਨਿਚਰ ਗ੍ਰਹਿ ਤੋਂ ਵੀ ਬਚਾਉਂਦੇ ਹਨ। ਇਸੇ ਕਰਕੇ ਹਰ ਖ਼ੁਸ਼ੀ ਦੇ ਮੌਕੇ ਅਤੇ ਲੰਗਰ ਵਿੱਚ ਇਨ੍ਹਾਂ ਦੀ ਦਾਲ ਬਣਾਈ ਜਾਂਦੀ ਹੈ। ਵਿਆਹ ਤੋਂ ਪਹਿਲਾਂ ਸੱਤ ਸੁਹਾਗਣਾ ਹਾਰ ਸ਼ਿੰਗਾਰ ਕਰਕੇ ਮਾਂਹ ਭਿਉਣ ਦਾ ਸ਼ਗਨ ਕਰਦੀਆਂ ਹਨ।
ਨਾਰੀਅਲ ਪਵਿੱਤਰ ਫ਼ਲ ਹੋਣ ਕਰਕੇ ਸ਼ਗਨਾਂ ਦਾ ਅੰਗ ਮੰਨਿਆ ਜਾਂਦਾ ਹੈ। ਲਾੜੇ ਦੀ ਮਾਂ ਉਹਦੀ ਝੋਲੀ ਵਿੱਚ ਮੌਲੀ ਬੱਧਿਆ ਨਾਰੀਅਲ ਪਾਉਂਦੀ ਹੈ, ਜਿਹੜਾ ਸੁਹਾਗ ਪੂੜੇ ਵਿੱਚ ਲਾੜੀ ਨਾਲ ਭੇਜ ਦਿੱਤਾ ਜਾਂਦਾ ਹੈ। ਲਾਵਾਂ ਮਗਰੋਂ ਮੁੰਡੇ ਦੀ ਮਾਂ ਲਾੜੇ ਦੀ ਝੋਲੀ ਵਿੱਚ ਇਹ ਮੁੜ ਪਾ ਦਿੰਦੀ ਹੈ। ਸਮਝਿਆ ਜਾਂਦਾ ਹੈ ਕਿ ਇਹ ਨਾਰੀਅਲ ਸੁਨੇਹਾ ਦੇ ਕੇ ਲਾੜੀ ਨੂੰ ਵਿਆਹ ਕੇ ਲਿਆਉਂਦਾ ਹੈ। ਨਾਰੀਅਲ ਪਿਆਰ ਅਤੇ ਸੁਹਾਗ ਦਾ ਵੀ ਪ੍ਰਤੀਕ ਹੈ। ਇਸ ਦੀਆਂ ਠੂਠੀਆਂ ਤੋਂ ਲਾੜੀ ਲਈ ਕਲੀਰੇ ਬਣਾਏ ਜਾਂਦੇ ਹਨ। ਨੂੰਹ ਜਾਂ ਧੀ ਦੇ ਵਿਆਹ ਸਮੇਂ ਠੂਠੀ ਰੁਪਿਆ ਪਾਇਆ ਜਾਂਦਾ ਹੈ। ਇਸ ਦੀ ਗਿਰੀ ਖਾਣਾ ਵੀ ਇੱਕ ਸ਼ਗਨ ਹੈ। ਇਹ ਸਰੀਰ ਨੂੰ ਅਰੋਗਤਾ ਬਖ਼ਸ਼ਦਾ ਹੈ। ਮਹੂਰਤ ਵੇਲੇ ਨਾਰੀਅਲ ਭੰਨਿਆ ਜਾਂਦਾ ਹੈ। ਮਕਾਨ ਦੀ ਨੀਂਹ ’ਚ ਇਸ ਨੂੰ ਰੱਖਣ ਦਾ ਉਦੇਸ਼ ਪਰਿਵਾਰਕ ਬੰਧਨ ਦਾ ਕੱਸੇ ਰਹਿਣਾ ਹੈ।
ਇੰਜ ਅਨੇਕਾਂ ਸ਼ਗਨ ਪੰਜਾਬੀ ਸੱਭਿਆਚਾਰ ਦਾ ਅਟੁੱਟ ਅੰਗ ਬਣੇ ਪੀੜ੍ਹੀ ਦਰ ਪੀੜ੍ਹੀ ਚਲੇ ਆ ਰਹੇ ਹਨ। ਸਮੇਂ ਦੀ ਤੋਰ ਨਾਲ ਇਨ੍ਹਾਂ ਵਿੱਚ ਤਬਦੀਲੀਆਂ ਵੀ ਆ ਰਹੀਆਂ ਹਨ। ਫਿਰ ਵੀ ਬਹੁਤੇ ਲੋਕ ਇਨ੍ਹਾਂ ਸ਼ਗਨਾਂ ਨੂੰ ਖ਼ੁਸ਼ੀ ਖ਼ੁਸ਼ੀ ਮਾਨਤਾ ਦਿੰਦੇ ਹੋਏ ਪੂਰੇ ਕਰਦੇ ਹਨ। ਇਸੇ ਕਰਕੇ ਅੱਜ ਤੇ ਤਕਨੀਕੀ ਯੁੱਗ ਵਿੱਚ ਵੀ ਮਹਿੰਦੀ ਦਾ ਰੰਗ ਲਾਲ ਅਤੇ ‘ਮਹਿੰਦੀ ਸ਼ਗਨਾਂ ਦੀ...’ ਦਾ ਗੀਤ ਹਰ ਵਿਆਹ ਵਿੱਚ ਗੂੰਜਦਾ ਹੈ। ਇਹ ਸ਼ਗਨ ਜਿੱਥੇ ਸਾਡੇ ਲਈ ਖ਼ੁਸ਼ਗਵਾਰ ਮਾਹੌਲ ਪੈਦਾ ਕਰਦੇ ਹਨ, ਉੱਥੇ ਖਾਣ ਪੀਣ, ਖੁੱਲ੍ਹ ਕੇ ਹੱਸਣ ਟੱਪਣ ਦੇ ਨਾਲ ਨਾਲ ਮਿਲ ਬੈਠਣ ਦਾ ਸਬੱਬ ਵੀ ਪੈਦਾ ਕਰਦੇ ਹਨ। ਸਰੀਰਕ ਅਰੋਗਤਾ ਅਤੇ ਮਾਨਸਿਕ ਸੰਤੁਲਨ ਬਣਾਈ ਰੱਖਣ ਲਈ ਵੀ ਸ਼ਗਨਾਂ ਦੀ ਲੋੜ ਹੈ। ਇਨ੍ਹਾਂ ਸੱਭਿਆਚਾਰਕ ਰਹੁ ਰੀਤਾਂ ਨਾਲ ਜੀਵਨ ਕਹਾਣੀ ਰਾਂਗਲੀ ਅਤੇ ਜਿਊਣ ਯੋਗ ਵੀ ਬਣਦੀ ਹੈ।
ਸੰਪਰਕ: 98150-18947