ਮਹਿਲਾ ਨੂੰ ਧਮਕੀਆਂ ਦੇਣ ਦਾ ਦੋਸ਼
ਪੱਤਰ ਪ੍ਰੇਰਕ
ਤਰਨ ਤਾਰਨ, 28 ਦਸੰਬਰ
ਸਥਾਨਕ ਸਾਈਬਰ ਕਰਾਈਮ ਦੀ ਪੁਲੀਸ ਨੇ ਇਥੋਂ ਦੀ ਦਸ਼ਮੇਸ਼ ਕਲੋਨੀ ਦੀ ਇਕ ਮਹਿਲਾ ਦੇ ਮੋਬਾਈਲ ਨੂੰ ਹੈਕ ਕਰਕੇ ਉਸ ਦੀਆਂ ਨਿੱਜੀ ਫੋਟੋਆਂ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਇਕ ਤਲਾਕਸ਼ੁਦਾ ਔਰਤ ਅਤੇ ਉਸਦੇ ਕਥਿਤ ਪ੍ਰੇਮੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਾਈਬਰ ਕਰਾਈਮ ਦੇ ਥਾਣਾ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਮੁਲਜ਼ਮਾਂ ਵਿੱਚ ਜੌਨੇਕੇ ਦੀ ਵਾਸੀ ਲਵਦੀਪ ਕੌਰ ਅਤੇ ਉਸੇ ਪਿੰਡ ਦੇ ਵਾਸੀ ਉਸ ਦੇ ਕਥਿਤ ਪ੍ਰੇਮੀ ਮਨਬੀਰ ਸਿੰਘ ਮੰਨਾ ਦੇ ਤੌਰ ’ਤੇ ਕੀਤੀ ਗਈ ਹੈ। ਪੀੜਤ ਔਰਤ ਤੇ ਦੱਸਿਆ ਕਿ ਲਵਜੀਤ ਕੌਰ ਨੇ ਉਸਦਾ ਮੋਬਾਈਲ ਹੈਕ ਕਰਕੇ ਉਸ ਦੀਆਂ ਨਿੱਜੀ ਵੀਡੀਓਜ਼ ਅਤੇ ਫੋਟੋਆਂ ਆਪਣੇ ਕੋਲ ਹੋਣ ਦੀ ਧਮਕੀ ਦੇ ਕੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ। ਅਜਿਹਾ ਨਾ ਕਰਨ ’ਤੇ ਵੀਡੀਓ ਅਤੇ ਫੋਟੋਆਂ ਉਸ ਦੇ ਪਰਿਵਾਰ ਤੱਕ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ। ਸਾਈਬਰ ਕਰਾਈਮ ਦੀ ਪੁਲੀਸ ਨੇ ਮਨਬੀਰ ਸਿੰਘ ਅਤੇ ਲਵਜੀਤ ਕੌਰ ਦਰਮਿਆਨ ਮੋਬਾਈਲ ਈ-ਮੇਲ ਆਈਡੀ ਸਾਂਝੀ ਹੋਣ ਤੇ ਮਨਬੀਰ ਸਿੰਘ ਵੱਲੋਂ ਆਪਣੀ ਈਮੇਲ ਆਈਡੀ ’ਤੇ ਬਣਾਈ ਇੰਸਟਾਗ੍ਰਾਮ ਆਈਡੀ ਤੋਂ ਪੀੜਤ ਔਰਤ ਵੱਲੋਂ ਲਗਾਏ ਦੋਸ਼ਾਂ ਦੀ ਪੁਸ਼ਟੀ ਹੋਣ ’ਤੇ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।