ਮਹਿਲਾ ਕ੍ਰਿਕਟ: ਭਾਰਤ ਤੇ ਸ੍ਰੀਲੰਕਾ ਵਿਚਾਲੇ ਫਾਈਨਲ ਅੱਜ
ਕੋਲੰਬੋ, 10 ਮਈ
ਭਾਰਤੀ ਮਹਿਲਾ ਟੀਮ ਐਤਵਾਰ ਨੂੰ ਇੱਥੇ ਹੋਣ ਵਾਲੀ ਤਿਕੋਣੀ ਇੱਕ ਰੋਜ਼ਾ ਲੜੀ ਦੇ ਫਾਈਨਲ ਵਿੱਚ ਸ੍ਰੀਲੰਕਾ ਨੂੰ ਹਰਾ ਕੇ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰੇਗੀ। ਇਸ ਲੜੀ ਵਿੱਚ ਭਾਰਤ ਨੂੰ ਇੱਕੋ-ਇੱਕ ਹਾਰ ਸ੍ਰੀਲੰਕਾ ਹੱਥੋਂ ਮਿਲੀ ਹੈ। ਹਾਲਾਂਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠਲੀ ਭਾਰਤੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੀਗ ਗੇੜ ਦੇ ਚਾਰ ਮੈਚਾਂ ’ਚੋਂ ਤਿੰਨ ਜਿੱਤਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਰਹੀ। ਸ੍ਰੀਲੰਕਾ ਦੋ ਜਿੱਤਾਂ ਨਾਲ ਦੂਜੇ ਸਥਾਨ ’ਤੇ ਰਿਹਾ, ਜਦਕਿ ਦੱਖਣੀ ਅਫਰੀਕਾ ਨੇ ਚਾਰ ਮੈਚਾਂ ’ਚ ਸਿਰਫ ਇੱਕ ਜਿੱਤ ਹਾਸਲ ਕੀਤੀ। ਇਹ ਲੜੀ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਅਹਿਮ ਹੈ। ਟੂਰਨਾਮੈਂਟ ਵਿੱਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ। ਜੇਮਿਮਾ ਰੌਡਰਿਗਜ਼ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਸ ਨੇ ਹੁਣ ਤੱਕ 67 ਦੀ ਔਸਤ ਨਾਲ 201 ਦੌੜਾਂ ਬਣਾਈਆਂ ਹਨ, ਜਿਸ ਵਿੱਚ ਦੱਖਣੀ ਅਫਰੀਕਾ ਵਿਰੁੱਧ ਸੈਂਕੜਾ (123) ਵੀ ਸ਼ਾਮਲ ਹੈ। ਪ੍ਰਤੀਕਾ ਰਾਵਲ (164), ਸਮ੍ਰਿਤੀ ਮੰਧਾਨਾ (148) ਅਤੇ ਦੀਪਤੀ ਸ਼ਰਮਾ (126) ਨੇ ਵੀ ਬੱਲੇ ਰਾਹੀਂ ਚੰਗਾ ਯੋਗਦਾਨ ਪਾਇਆ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਦੀਪਤੀ ਦੀ 93 ਦੌੜਾਂ ਦੀ ਪਾਰੀ ਨੇ ਭਾਰਤ ਨੂੰ ਵੱਡੇ ਸਕੋਰ ਤੱਕ ਪਹੁੰਚਣ ਵਿੱਚ ਮਦਦ ਕੀਤੀ। ਸਨੇਹਾ ਰਾਣਾ ਭਾਰਤ ਦੀ ਸਭ ਤੋਂ ਵਧੀਆ ਗੇਂਦਬਾਜ਼ ਸਾਬਤ ਹੋਈ ਹੈ। ਸੱਜੇ ਹੱਥ ਦੀ ਇਸ ਸਪਿੰਨਰ ਨੇ ਹੁਣ ਤੱਕ 11 ਵਿਕਟਾਂ ਲਈਆਂ ਹਨ, ਜਿਸ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਇੱਕ ਪਾਰੀ ਵਿੱਚ ਪੰਜ ਵਿਕਟਾਂ ਵੀ ਸ਼ਾਮਲ ਹਨ। -ਪੀਟੀਆਈ