ਮਹਿਰੋਂ ਨੂੰ ਇਜ਼ਤਾਂ ਦਾ ਰਾਖਾ ਦੱਸਦੇ ਪੋਸਟਰ ਲਾਏ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 17 ਜੂਨ
ਕਮਲ ਭਾਬੀ ਦੇ ਨਾਂ ਨਾਲ ਮਕਬੂਲ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਕੁਮਾਰੀ ਦੇ ਕਤਲ ਦੇ ਸਬੰਧ ਵਿੱਚ ਬਠਿੰਡਾ ਪੁਲੀਸ ਨੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ। ਪਰ ਗਰਮਖਿਆਲੀਆਂ ਵੱਲੋਂ ਉਸ ਨੂੰ ‘ਕੌਮ ਦਾ ਹੀਰਾ’ ਤੇ ‘ਇਜ਼ੱਤਾਂ ਦੇ ਰਾਖੇ’ ਦੱਸਦਿਆਂ ਸਿੱਖ ਧਾਰਮਿਕ ਅਸਥਾਨਾਂ ਨੇੜੇ ਉਸ ਦੇ ਫਲੈਕਸ ਲਗਾਏ ਜਾ ਰਹੇ ਹਨ।
ਲੁਧਿਆਣਾ ਜ਼ਿਲ੍ਹਾ ਅਧੀਨ ਪੈਂਦੇ ਸਿੱਖ ਧਾਰਮਿਕ ਅਸਥਾਨਾਂ ਅਤੇ ਸੰਗਠਨਾਂ ਨੇੜੇ ਲਗਾਏ ਗਏ ਇਨ੍ਹਾਂ ਫਲੈਕਸ-ਬੋਰਡ ਤੇ ਪੋਸਟਰਾਂ ’ਤੇ ਕਿਸੇ ਪ੍ਰਿੰਟਿੰਗ ਪ੍ਰੈੱਸ ਦਾ ਨਾਮ ਜਾਂ ਇਸ ਨੂੰ ਛਾਪਣ ਵਾਲੇ ਕਿਸੇ ਵਿਅਕਤੀ ਜਾਂ ਸੰਗਠਨ ਦਾ ਨਾਮ ਨਹੀਂ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਆਪਣੀ ਜਥੇਬੰਦੀ ਦਾ ਨਾਂ ਵੀ ‘ਕੌਮ ਦੇ ਰਾਖੇ’ ਹੈ।
ਲੋਕਾਂ ਦਾ ਮੰਨਣਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਵੱਲੋਂ ਮਹਿਰੋਂ ਦੀ ਕਾਰਵਾਈ ਨੂੰ ਯੋਗ ਕਰਾਰ ਦਿੱਤੇ ਜਾਣ ਮਗਰੋਂ ਮਹਿਰੋਂ ਦੇ ਸਮਰਥਨ ਵਿੱਚ ਇਹ ਕਾਰਵਾਈਆਂ ਹੋ ਰਹੀਆਂ ਹਨ ਤੇ ਮ੍ਰਿਤਕ ਕੰਚਨ ਕੁਮਾਰੀ ਦੇ ਘਰ ਵਾਲੇ ਇਲਾਕੇ ਵਿੱਚ ਹੀ ਪੋਸਟਰ ਲਾਏ ਜਾ ਰਹੇ ਹਨ। ਮਹਿਰੋਂ ਲਈ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਮਹਿਰੋਂ ਪੁਲੀਸ ਤੋਂ ਬਚਣ ਲਈ ਦੁਬਈ ਚਲਾ ਗਿਆ ਹੈ।
ਥਾਣਾ ਮੁਖੀਆਂ ਤੇ ਬੀਟ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ: ਏਸੀਪੀ
Advertisementਹਲਕਾ ਗਿੱਲ ਦੇ ਏਸੀਪੀ ਹਰਜਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਥਾਣਾ ਮੁਖੀਆਂ ਤੇ ਅਤੇ ਬੀਟ ਅਫਸਰਾਂ ਨੂੰ ਉਕਤ ਮੁੱਦੇ ਦੇ ਸਬੰਧ ਵਿੱਚ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।