ਮਹਿਮਾ ਮਾੜਾ ਮਾਈਨਰ ਦਾ ਨਵੀਨੀਕਰਨ ਠੰਢੇ ਬਸਤੇ ਵਿੱਚ ਪਿਆ
ਮਨੋਜ ਸ਼ਰਮਾ
ਬਠਿੰਡਾ, 6 ਫਰਵਰੀ
ਜ਼ਿਲ੍ਹਾ ਬਠਿੰਡਾ ਦੇ ਕੋਟਭਾਈ ਰਜਵਾਹੇ ਵਿੱਚੋਂ ਨਿਕਲਦੀ ਮਹਿਮਾ ਮਾੜਾ ਮਾਈਨਰ ਦੇ ਨਵੀਨੀਕਰਨ ਦਾ ਕੰਮ ਠੰਢੇ ਬਸਤੇ ਵਿੱਚ ਪੈ ਗਿਆ ਹੈ। ਇਸ ਦੇ ਨਵੀਨੀਕਰਨ ਦਾ ਟੈਂਡਰ ਹੋ ਚੁੱਕਿਆ ਸੀ ਅਤੇ ਕੰਮ ਵੀ ਸ਼ੁਰੂ ਹੋ ਚੁੱਕਾ ਸੀ ਪਰ ਹੁਣ ਸਭ ਉਮੀਦਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ।
ਬਠਿੰਡਾ ਵਿੱਚ ਪਹਿਲਾਂ ਤੋਂ ਚੱਲ ਰਹੇ ਭੁੱਚੋ ਮਾਈਨਰ, ਕਲਿਆਣ ਮਾਈਨਰ, ਸੇਮਾ ਮਾਈਨਰ ਦੀ ਨਵੀਨੀਕਰਨ ਵਿੱਚ ਰੁੱਝੇ ਨਹਿਰੀ ਵਿਭਾਗ ਨੇ ਮਹਿਮਾ ਮਾੜਾ ਮਾਈਨਰ ਦੇ ਕੰਮ ਨੂੰ ਅਣਗੌਲਿਆਂ ਕਰ ਦਿੱਤਾ ਹੈ। ਗ਼ੌਰਤਲਬ ਹੈ ਕਿ ਨਹਿਰੀ ਵਿਭਾਗ ਦੇ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਵਿਭਾਗ ਲਈ ਸੂਏ ਤੇ ਕੱਸੀਆਂ ਦੇ ਨਵੀਨੀਕਰਨ ਲਈ 700 ਕਰੋੜ ਜਾਰੀ ਕੀਤੇ ਗਏ ਸਨ। ਕੋਟਭਾਈ ਰਜਵਾਹੇ ਦੀ ਬੁਰਜੀ ਨੰਬਰ 35 ਤੋਂ ਪਿੰਡ ਬਲਾਹੜ੍ਹ ਵਿੰਝੂ ਤੋਂ ਨਿਕਲਣ ਵਾਲੀ ਮਹਿਮਾ ਮਾੜਾ ਮਾਈਨਰ ਗੋਨਿਆਣਾ ਬਲਾਕ ਦੇ ਅੱਧੀ ਦਰਜਨ ਪਿੰਡਾਂ ਤੋਂ ਇਲਾਵਾ ਅਕਾਲੀਆ ਕਲਾਂ, ਗੋਨਿਆਣਾ ਕਲਾਂ, ਕੋਠੇ ਨੱਥਾ ਸਿੰਘ ਵਾਲੇ, ਕੋਠੇ ਇੰਦਰ ਸਿੰਘ ਵਾਲੇ, ਬਲਾਹੜ ਮਹਿਮਾ, ਦਾਨ ਸਿੰਘ ਵਾਲਾ, ਮਹਿਮਾ ਸਵਾਈ, ਮਹਿਮਾ ਸਰਕਾਰੀ, ਅਬਲੂ ਕੋਠੇ ਸੰਧੂਆਂ ਵਾਲੇ ਆਦਿ ਟੇਲਾਂ ‘ਤੇ ਪੈਂਦੇ ਪਿੰਡਾਂ ਵਿਚਲੇ ਤਕਰੀਬਨ 25 ਹਜ਼ਾਰ ਏਕੜ ਰਕਬੇ ਨੂੰ ਸਿੰਜਦੀ ਹੈ। 40 ਸਾਲ ਪੁਰਾਣੇ ਮਾਈਨਰ ਦੀ ਲੰਬਾਈ 37 ਹਜ਼ਾਰ 500 ਫੁੱਟ ਹੈ। ਪੁਰਾਣਾ ਹੋਣ ਕਾਰਨ ਇਸ ਦੀ ਹਾਲਤ ਮਾੜੀ ਹੋ ਚੁੱਕੀ ਹੈ। ਵਿਭਾਗ ਵੱਲੋਂ ਇਸ ਦੀ ਕਾਫ਼ੀ ਵਾਰ ਮੁਰੰਮਤ ਕਰਵਾਈ ਗਈ ਹੈ। ਇਸ ਵਿੱਚ ਹਰ ਵਰ੍ਹੇ ਮੌਨਸੂਨ ਦੌਰਾਨ ਪਾੜ ਪੈਣ ਕਾਰਨ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋ ਜਾਂਦਾ ਹੈ।
ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕਿਹਾ ਮਾਈਨਰ ਦੀ ਮਿਆਦ ਪੁੱਗ ਚੁੱਕੀ ਹੈ। ਅਧਿਕਾਰੀਆਂ ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਸੁਣਵਾਈ ਨਹੀਂ ਹੋ ਰਹੀ। ਇਸ ਕਾਰਨ ਹਰ ਵਰ੍ਹੇ ਟੇਲਾਂ ‘ਤੇ ਪੈਂਦੇ ਪਿੰਡਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਇਸ ਪ੍ਰਾਜੈਕਟ ਸਬੰਧੀ ਨਹਿਰੀ ਵਿਭਾਗ ਦੇ ਅਫ਼ਸਰ ਵੀ ਇੱਕ ਸੁਰ ਵਿੱਚ ਬਿਆਨ ਨਹੀਂ ਦੇ ਰਹੇ। ਐੱਸਡੀਓ ਜਸਕਰਨ ਸਿੰਘ ਨੇ ਮੰਨਿਆ ਕਿ ਪ੍ਰਾਜੈਕਟ ਪਾਸ ਹੋ ਚੁੱਕਿਆ ਹੈ ਪਰ ਉਨ੍ਹਾਂ ਕੋਲ ਇਸ ਮਾਈਨਰ ਦਾ ਕੰਮ ਨਹੀਂ। ਜੇਈ ਹਰਸਿਮਰਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਨਵੇਂ ਆਏ ਹਨ ਇਹ ਪ੍ਰਾਜੈਕਟ ਐੱਸਡੀਓ ਗੁਰਪਾਲ ਸਿੰਘ ਅੰਡਰ ਹੈ। ਇਸ ਸਬੰਧੀ ਜਦੋਂ ਗੁਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਮਹਿਮਾ ਮਾੜਾ ਮਾਈਨਰ ਦੇ ਨਵੀਨੀਕਰਨ ਲਈ 4.50 ਕਰੋੜ ਦੇ ਟੈਂਡਰ ਅਲਾਟ ਹੋ ਗਏ ਸਨ ਪਰ ਬਠਿੰਡਾ ਵਿੱਚ ਹੋਰ ਮਾਈਨਰਾਂ ਦੇ ਨਵੀਨੀਕਰਨ ਦਾ ਕੰਮ ਚੱਲਣ ਕਾਰਨ ਇਸ ਵਿੱਚ ਦੇਰੀ ਨੂੰ ਦੇਖਦਿਆਂ ਇੱਕ ਵਾਰ ਸੈਕਟਰੀ ਫਾਇਨਾਂਸ ਨੂੰ ਰਕਮ ਵਾਪਸ ਭੇਜ ਦਿੱਤੀ ਗਈ ਹੈ।
ਨਿਸ਼ਾਨਦੇਹੀ ਮਗਰੋਂ ਕੰਮ ਸ਼ੁਰੂ ਹੋਵੇਗਾ: ਐਕਸੀਅਨ
ਨਹਿਰੀ ਵਿਭਾਗ ਦੇ ਐਕਸੀਅਨ ਗੁਰਸਾਗਰ ਸਿੰਘ ਚਾਹਲ ਨੇ ਕਿਹਾ ਕਿ ਪਿੰਡ ਮਹਿਮਾ ਸਵਾਈ ਦੀ ਪੰਚਾਇਤ ਨੇ ਉਨ੍ਹਾਂ ਨੂੰ ਮਿਲ ਕੇ ਕੱਸੀ ਵਾਲੇ ਖੇਤਰ ਦੀ ਨਿਸ਼ਾਨਦੇਹੀ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਨਿਸ਼ਾਨਦੇਹੀ ਹੋ ਗਈ ਤਾਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕੋਲ ਬਜਟ ਦੀ ਕੋਈ ਘਾਟ ਨਹੀਂ ਹੈ। ਇਸ ਸਬੰਧੀ ਪਿੰਡ ਮਹਿਮਾ ਸਵਾਈ ਦੇ ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਇਸ ਮਾਮਲੇ ਵਿੱਚ ਐਕਸੀਅਨ ਨੂੰ ਮਿਲੀ ਹੀ ਨਹੀਂ।