ਮਹਾਰਾਸ਼ਟਰ: ਭਾਜਪਾ 148 ਤੇ ਕਾਂਗਰਸ 103 ਸੀਟਾਂ ’ਤੇ ਲੜੇਗੀ ਚੋਣ
ਮੁੰਬਈ: ਸੱਤਾਧਾਰੀ ਭਾਜਪਾ ਮਹਾਰਾਸ਼ਟਰ ਵਿੱਚ 148 ਜਦਕਿ ਕਾਂਗਰਸ 103 ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਰਹੀ ਹੈ। ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਮੰਗਲਵਾਰ ਨੂੰ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ ਸੱਤਾਧਾਰੀ ਮਹਾਯੁਤੀ ਦੇ ਨਾਲ-ਨਾਲ ਵਿਰੋਧੀ ਗੱਠਜੋੜ ਮਹਾ ਵਿਕਾਸ ਅਘਾੜੀ (ਐੱਮਵੀਏ) ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਸਮੇਤ ਲਗਪਗ 8,000 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ 80 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਹਨ ਜਦਕਿ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਐੱਨਸੀਪੀ ਵੱਲੋਂ 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ 53 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਹੈ। ਪੰਜ ਸੀਟਾਂ ਮਹਾਯੁਤੀ ਦੇ ਹੋਰ ਸਹਿਯੋਗੀ ਪਾਰਟੀਆਂ ਨੂੰ ਦਿੱਤੀਆਂ ਗਈਆਂ ਹਨ। ਐੱਮਵੀਏ ਵਿੱਚ ਕਾਂਗਰਸ 103, ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) 89 ਅਤੇ ਸ਼ਰਦ ਪਵਾਰ ਦੀ ਐੱਨਸੀਪੀ (ਐੱਸਪੀ) 87 ਸੀਟਾਂ ’ਤੇ ਚੋਣ ਲੜ ਰਹੀ ਹੈ। ਛੇ ਸੀਟਾਂ ਐੱਮਵੀਏ ਦੇ ਹੋਰ ਸਹਿਯੋਗੀਆਂ ਨੂੰ ਦਿੱਤੀਆਂ ਗਈਆਂ ਸਨ। -ਪੀਟੀਆਈ
ਕੁਝ ਮਿੰਟਾਂ ਦੀ ਦੇਰੀ ਕਾਰਨ ਨਾਮਜ਼ਦਗੀ ਨਾ ਭਰ ਸਕੇ ਅਨੀਸ ਅਹਿਮਦ
ਨਾਗਪੁਰ: ਮਹਾਰਾਸ਼ਟਰ ਦੀ ਨਾਗਪੁਰ ਸੈਂਟਰਲ ਸੀਟ ’ਤੇ ਵੰਚਿਤ ਬਹੁਜਨ ਅਘਾੜੀ (ਵੀਬੀਏ) ਦੇ ਉਮੀਦਵਾਰ ਤੇ ਸਾਬਕਾ ਮੰਤਰੀ ਅਨੀਸ ਅਹਿਮਦ ਨਾਮਜ਼ਦਗੀ ਦਾਖਲ ਕਰਨ ਸਮੇਂ ਸਿਰਫ਼ ਕੁਝ ਮਿੰਟਾਂ ਤੋਂ ਖੁੰਝ ਗਏ ਜਿਸ ਤੋਂ ਬਾਅਦ ਇੱਥੇ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ’ਚ ਵੱਡੇ ਪੱਧਰ ’ਤੇ ਹੰਗਾਮਾ ਹੋਇਆ। ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਣ ਵਾਲੇ ਅਹਿਮਦ ਨੇ ਕਾਂਗਰਸ ਦੀ ਟਿਕਟ ਤੋਂ ਨਾਗਪੁਰ ਸੈਂਟਰਲ ਸੀਟ ’ਤੇ ਤਿੰਨ ਵਾਰ ਜਿੱਤ ਦਰਜ ਕੀਤੀ ਹੈ। ਅਹਿਮਦ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੇ ਆਖਰੀ ਦਿਨ ਲੰਘੀ ਰਾਤ ਅੱਠ ਵਜੇ ਤੱਕ ਜ਼ਿਲ੍ਹਾ ਅਧਿਕਾਰੀ ਦਫਤਰ ’ਚ ਬੈਠੇ ਰਹੇ ਪਰ ਉਨ੍ਹਾਂ ਦੀ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਗਈ। ਅਹਿਮਦ ਨੇ ਕਿਹਾ ਕਿ ਬੀਤੇ ਦਿਨ ਉਨ੍ਹਾਂ ਨੂੰ ਚੋਣ ਅਧਿਕਾਰੀ ਦੇ ਦਫਤਰ ਵੱਲ ਜਾਂਦੀ ਸੜਕ ਬੰਦ ਹੋਣ, ਵਾਹਨਾਂ ’ਤੇ ਪਾਬੰਦੀ ਤੇ ਸੁਰੱਖਿਆ ਪ੍ਰੋਟੋਕੋਲ ਜਿਹੇ ਕਈ ਅੜਿੱਕਿਆਂ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ